ਜੈ ਕ੍ਰਿਸ਼ਨ ਸਿੰਘ ਰੌੜੀ ਨੂੰ ਰੋਸ ਪੱਤਰ ਸੌਂਪਿਆ ਗਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 18 ਸਤੰਬਰ 2023: ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਤੇ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੂੰ ਕਮੇਟੀ ਦੀਆਂ ਗੜ੍ਹਸ਼ੰਕਰ , ਮਾਹਿਲਪੁਰ ਅਤੇ ਕੋਟ ਫਤੂਹੀ ਇਕਾਈਆਂ ਵਲੋਂ ਬਲਾਕ ਕਨਵੀਨਰਾਂ ਸਤਪਾਲ ਮਿਨਹਾਸ ਅਤੇ ਪਰਮਜੀਤ ਕਾਤਿਬ ਦੀ ਅਗਵਾਈ ਹੇਠ ਰੋਸ ਪੱਤਰ ਸੌਂਪਿਆ ਗਿਆ ਅਤੇ ਮੰਗ ਕੀਤੀ ਕਿ ਸਰਕਾਰ ਵਲੋਂ ਕੀਤੇ ਚੋਣ ਵਾਅਦੇ ਅਨੁਸਾਰ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਐੱਸ ਓ ਪੀ ਜਲਦ ਜਾਰੀ ਕਰ ਕੇ ਪੰਜਾਬ ਦੇ ਐਨ ਪੀ ਐਸ ਅਧੀਨ ਆਉਂਦੇ ਦੋ ਲੱਖ ਮੁਲਾਜ਼ਮਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਸਮਾਜਿਕ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਕਮੇਟੀ ਆਗੂਆਂ ਨਿਤਿਨ ਸੁਮਨ ਤੇ ਅਸ਼ਵਨੀ ਕੁਮਾਰ ਰਾਣਾ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨਾਲ 6 ਅਪ੍ਰੈਲ ਨੂੰ ਪੰਜਾਬ ਭਵਨ ਵਿੱਚ ਹੋਈ ਮੀਟਿੰਗ ਵਿੱਚ ਦੋ ਮਹੀਨਿਆਂ ਦੇ ਅੰਦਰ-ਅੰਦਰ ਪੁਰਾਣੀ ਪੈਨਸ਼ਨ ਬਹਾਲੀ ਦਾ ਐੱਸ. ਓ. ਪੀ ਜਾਰੀ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਪੰਜ ਮਹੀਨੇ ਬੀਤ ਜਾਣ ਦੇ ਬਾਅਦ ਵੀ ਉਹਨਾਂ ਵਲੋਂ ਆਪਣੇ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ। ਪੰਜਾਬ ਦੇ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਬਣੀ ਨਵੀਂ ਸਰਕਾਰ ਨੇ ਸੱਤਾ ਵਿੱਚ ਆਉਣ ਸਾਰ ਹੀ ਪੁਰਾਣੀ ਪੈਨਸ਼ਨ ਲਾਗੂ ਕਰ ਦਿੱਤੀ ਹੈ।ਇਸਦੇ ਨਾਲ ਰਾਜਸਥਾਨ ਸਰਕਾਰ ਵਲੋਂ ਵੀ ਪੁਰਾਣੀ ਪੈਨਸ਼ਨ ਲਾਗੂ ਕਰ 2004 ਤੋਂ ਬਾਅਦ ਭਰਤੀ ਸਾਰੇ ਮੁਲਾਜ਼ਮ ਵਰਗ ਦੇ ਜੀ. ਪੀ. ਐੱਫ. ਖਾਤੇ ਵੀ ਖੋਲ੍ਹ ਦਿੱਤੇ ਹਨ।ਕਮੇਟੀ ਨੇ ਪੁਰ ਜ਼ੋਰ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਗੁਆਂਢੀ ਰਾਜਾਂ ਤੋਂ ਸੇਧ ਲੈਂਦੇ ਹੋਏ ਜਲਦ ਪੰਜਾਬ ਵਿੱਚ ਵੀ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਆਪਣੀ ਘੋਸ਼ਣਾ ਨੂੰ ਜਲਦ ਅਮਲੀ ਜਾਮਾ ਪਹਿਨਾ ਕੇ ਮੁਲਾਜ਼ਮਾਂ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰੇ ਤੇ ਮੁਲਾਜ਼ਮਾਂ ਦੀ ਬੁਢਾਪੇ ਦੀ ਡੰਗੋਰੀ ਸੁਰੱਖਿਅਤ ਕਰੇ। ਇਸ ਸਮੇਂ ਪਰਮਿੰਦਰ ਪੱਖੋਵਾਲ ਅਤੇ ਨਿਤਿਨ ਸੁਮਨ ਨੇ ਕਿਹਾ ਜੇ ਸਰਕਾਰ ਨੇ ਕਮੇਟੀ ਦੀ ਇਹ ਜਾਇਜ਼ ਮੰਗ ਨਾ ਪੂਰੀ ਕੀਤੀ ਤਾਂ ਮੁਲਾਜ਼ਮਾਂ ਸੰਘਰਸ਼ ਹੋਰ ਤਿੱਖਾ ਕਰਨਗੇ । ਉਹਨਾਂ ਕਿਹਾ ਕਿ ਕਮੇਟੀ ਵਲੋਂ 8 ਅਕਤੂਬਰ ਨੂੰ ਵਿੱਤ ਮੰਤਰੀ ਦੇ ਹਲਕੇ ਦਿੜਬਾ ਵਿਖੇ ਕੀਤੀ ਜਾਣ ਵਾਲੀ ਪੰਜਾਬ ਦੇ ਹਜ਼ਾਰਾਂ ਮੁਲਾਜ਼ਮ ਸ਼ਾਮਿਲ ਹੋਣਗੇ । ਮੌਕੇ ਅਮਰਜੀਤ ਸਿੰਘ,ਮਨੋਜ ਕੁਮਾਰ, , ਦਿਲਬਾਗ ਸਿੰਘ, ਹਰਜਿੰਦਰ ਕੁਮਾਰ, ਸੁਭਾਸ਼ ਚੰਦਰ, ਵਿਜੇ,ਅਸ਼ੋਕ ਕੁਮਾਰ, ਬਲਕਾਰ ਸਿੰਘ, ਦਲਵਿੰਦਰ ਸਿੰਘ, ਗੁਰਬਚਨ ਸਿੰਘ, ਸੁਰਿੰਦਰ ਕੁਮਾਰ ਤੋਂ ਇਲਾਵਾ ਜੀ. ਟੀ. ਯੂ. ਤੋਂ ਨਰੇਸ਼ ਕੁਮਾਰ ਤੇ ਸ਼ਾਮ ਸੁੰਦਰ ਤੋਂ ਇਲਾਵਾ ਹੋਰ ਮੁਲਾਜ਼ਮ ਹਾਜ਼ਰ ਸਨ