ਹੁਨਰੀ ਵਿਕਾਸ ਦੇ ਉਦੇਸ਼ ਨਾਲ ਦੋ ਰੋਜ਼ਾ ਫੈਬਰਿਕ ਔਰਨਾਮੈਨਟੇਸ਼ਨ (ਟਾਈ ਐਂਡ ਡਾਈ ਅਤੇ ਬਲਾਕ ਪ੍ਰਿੰਟਿੰਗ) ਦੀ ਵਰਕਸ਼ਾਪ
ਡੇਰਾਬੱਸੀ/ਐਸ.ਏ.ਐਸ.ਨਗਰ, 23 ਸਤੰਬਰ, 2023: ਸਰਕਾਰੀ ਕਾਲਜ ਡੇਰਾਬੱਸੀ ਦੇ ਹੋਮ ਸਾਇੰਸ ਵਿਭਾਗ ਵੱਲੋ ਵਿਦਿਆਰਥੀਆਂ ਦੇ ਹੁਨਰੀ ਵਿਕਾਸ ਦੇ ਉਦੇਸ਼ ਨਾਲ ਦੋ ਰੋਜ਼ਾ ਫੈਬਰਿਕ ਔਰਨਾਮਿਨਟੇਸ਼ਨ (ਟਾਈ ਐਂਡ ਡਾਈ ਅਤੇ ਬਲਾਕ ਪ੍ਰਿੰਟਿੰਗ) ਦੀ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿਚ ਐੱਮ. ਸੀ. ਐੱਮ. ਡੀ ਏ ਵੀ ਕਾਲਜ ਸੈਕਟਰ 36 ਤੋਂ ਸਹਾਇਕ ਪ੍ਰੋਫੈਸਰ ਸ੍ਰੀਮਤੀ ਰਤੀ ਅਰੋੜਾ ਨੇ ਵਰਕਸ਼ਾਪ ਵਿਚ ਵਿਸ਼ਾ ਮਾਹਰ ਵਜੋਂ ਸ਼ਿਰਕਤ ਕੀਤੀ। ਇਸ ਵਰਕਸ਼ਾਪ ਵਿੱਚ ਕਾਲਜ ਦੀਆਂ ਵਿਦਿਆਰਥਣਾ ਨੂੰ ਅਵਰੋਧਕ ਰੰਗਾਈ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਅਵਰੋਧਕ ਰੰਗਾਈ ਇਤਿਹਾਸਕ ਮਹੱਤਤਾ ਰੱਖਦੀ ਹੈ। ਅਵਰੋਧਕ ਰੰਗਾਈ ਬਾਨਧਨੀ ਵਿਧੀ ਅਤੇ ਬਾਟਿਕ ਵਿਧੀ ਨਾਲ ਕੀਤੀ ਜਾਂਦੀ ਹੈ ।
ਵਿਦਿਆਰਥੀਆਂ ਨੂੰ ਬਾਨਧਨੀ ਵਿਧੀ ਬਾਰੇ ਦੱਸਿਆ ਗਿਆ। ਇਹ ਖਾਸ ਪ੍ਰਿੰਟ ਸੂਤੀ, ਜਾਰਜਟ ਅਤੇ ਸ਼ਿਫੋਨ ਕੱਪੜੇ ਤੇ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਬਾਨਧਨੀ ਪ੍ਰਿੰਟ ਦੀ ਖਾਸ ਗੱਲ ਇਹ ਹੈ ਕਿ ਇਹ ਬਹੁਤ ਪੁਰਾਣੇ ਸਮੇਂ ਤੋਂ ਪ੍ਰਚਲਿਤ ਹੈ ਅਤੇ ਇਸ ਦੇ ਸਬੂਤ ਸਿੰਧੂ ਘਾਟੀ ਸੱਭਿਅਤਾ ਦੇ ਸਮੇਂ ਤੋਂ ਵੀ ਮਿਲਦੇ ਹਨ। ਬਾਨਧਨੀ ਸ਼ਬਦ ਦਾ ਅਰਥ ਹੈ- ਬੰਨਣਾ ਜੋ ਬੰਧਨ ਸ਼ਬਦ ਤੋਂ ਬਣਿਆ ਹੈ। ਇਸ ਵਿਸ਼ੇਸ਼ ਛਪਾਈ ਦੀ ਸ਼ੁਰੂਆਤ ਗੁਜਰਾਤ ਵਿੱਚ ਸ਼ੁਰੂ ਕੀਤੀ ਗਈ ਸੀ। ਬਾਨਧਨੀ ਬਣਾਉਣ ਲਈ ਕੱਪੜੇ ਤੇ ਛੋਟੇ- ਛੋਟੇ ਗੋਲੇ ਵੱਖ- ਵੱਖ ਡਿਜਾਈਨ 'ਚ ਬੰਨ ਕੇ ਕਈ ਰੰਗਾਂ ਨਾਲ ਰੰਗੇ ਜਾਂਦੇ ਹਨ। ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੂੰ ਸੂਤੀ ਕੱਪੜੇ ਉੱਪਰ ਬਾਨਧਨੀ ਰੰਗਾਈ ਦਾ ਅਭਿਆਸ ਕਰਵਾਇਆ ਗਿਆ। ਇਸ ਵਰਕਸ਼ਾਪ ਵਿੱਚ ਬੀ.ਏ. ਦੇ ਲਗਪਗ 50 ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਿੰਸੀਪਲ ਕਾਮਨਾ ਗੁਪਤਾ ਨੇ ਵਿਦਿਆਰਥਣਾਂ ਨੂੰ ਵਰਕਸ਼ਾਪ ਵਿਚ ਸਿੱਖੇ ਹੁਨਰ ਨੂੰ ਜ਼ਿੰਦਗੀ ਵਿਚ ਅਮਲ ਵਿਚ ਲਿਆਉਣ ਅਤੇ ਕਿੱਤੇ ਵਜੋਂ ਅਪਨਾਉਣ ਲਈ ਪ੍ਰੇਰਿਤ ਕੀਤਾ।