ਇੰਟੈਨਸੀਫਾਇਡ ਮਿਸ਼ਨ ਇੰਦਰਧਨੁਸ਼ ਦੇ ਤੀਜੇ ਗੇੜ ਦੀ ਸ਼ੁਰੂਆਤ
ਪ੍ਰਮੋਦ ਭਾਰਤੀ
ਨੂਰਪੁਰ ਬੇਦੀ , 20 ਨਵੰਬਰ 2023 :
ਡਾ.ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਅੰਦਰ ਵਿਸ਼ੇਸ਼ ਟੀਕਾਕਰਨ ਮੁਹਿੰਮ ਇੰਟੈਨਸੀਫਾਇਡ ਮਿਸ਼ਨ ਇੰਦਰਧਨੁਸ਼ ਦੇ ਤੀਜੇ ਅਤੇ ਆਖਰੀ ਗੇੜ 20 ਨਵੰਬਰ ਤੋਂ 25 ਨਵੰਬਰ ਤੱਕ ਦੀ ਸ਼ੁਰੂਆਤ ਅੱਜ ਡਾ.ਵਿਧਾਨ ਚੰਦਰ ਸੀਨੀਅਰ ਮੈਡੀਕਲ ਅਫਸਰ ਵੱਲੋਂ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 0 ਤੋਂ 5 ਸਾਲ ਦੇ ਹਰ ਬੱਚੇ ਦਾ ਸੰਪੂਰਨ ਟੀਕਾਕਰਨ ਸੁਨਿਸ਼ਚਿਤ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਇੰਟੈਨਸੀਫਾਇਡ ਮਿਸ਼ਨ ਇੰਦਰਧਨੁਸ਼ ਤਿੰਨ ਪੜਾਵਾਂ ਤਹਿਤ ਚਲਾਈ ਜਾ ਰਹੀ ਹੈ। ਤੀਜੇ ਤੇ ਆਖਰੀ ਗੇੜ ਦੀ ਸ਼ੁਰੂਆਤ ਅੱਜ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਅਜਿਹੇ 0 ਤੋਂ 5 ਸਾਲ ਦੇ ਅਜਿਹੇ ਬੱਚੇ ਕਵਰ ਕੀਤੇ ਜਾ ਰਹੇ ਹਨ, ਜਿਹੜੇ ਕਿਸੇ ਨਾ ਕਿਸੇ ਕਾਰਣ ਸੰਪੂਰਨ ਟੀਕਾਕਰਨ ਤੋ ਵਾਂਝੇ ਰਹਿ ਗਏ ਹਨ। ਇਸ ਸਬੰਧੀ ਸਾਰੇ ਜਰੂਰੀ ਪ੍ਰਬੰਧ ਪਹਿਲਾਂ ਤੋਂ ਹੀ ਮੁਕੰਮਲ ਕੀਤੇ ਜਾ ਚੁੱਕੇ ਹਨ। ਸਮੂਹ ਬਲਾਕ ਵਿੱਚ ਵੱਖ-ਵੱਖ ਥਾਵਾਂ ਤੇ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਬੱਚੇ ਦੇ ਸੰਪੂਰਨ ਵਿਕਾਸ ਹਿੱਤ ਪੂਰਨ ਟੀਕਾਕਰਨ ਬਹੁਤ ਜਰੂਰੀ ਹੈ, ਕਿਉਂਕਿ ਟੀਕਾਕਰਨ ਨਾਲ ਬੱਚੇ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੱਧਦੀ ਹੈ। ਉਹਨਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਜਾਂ ਇਹਨਾਂ ਕੈਂਪਾ ਵਿੱਚ ਲਗਾਏ ਜਾਣ ਵਾਲੇ ਇਹ ਟੀਕੇ ਬਿਲਕੁਲ ਮੁਫਤ ਲਗਾਏ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ ਤੇ ਪੋਸਟਰ ਬੈਨਰ ਆਦਿ ਲਗਾ ਕੇ ਲੋਕਾਂ ਨੂੰ ਇਸ ਮੁਹਿੰਮ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਆਸ ਪਾਸ ਜਾਂ ਘਰ ਦਾ ਕੋਈ ਵੀ ਬੱਚਾ ਕਿਸੇ ਵੀ ਕਾਰਨ ਕਰਕੇ ਟੀਕਾਕਰਨ ਤੋ ਵਾਂਝਾ ਰਹਿ ਗਿਆ ਹੈ ਤਾਂ ਉਸਦਾ ਟੀਕਾਕਰਨ ਕਰਵਾਉਣ ਲਈ ਨੇੜੇ ਦੀ ਸਰਕਾਰੀ ਸਿਹਤ ਸੰਸਥਾ, ਆਪਣੇ ਇਲਾਕੇ ਦੀ ਆਸ਼ਾ ਵਰਕਰ ਜਾਂ ਏਐਨਐਮ ਨਾਲ ਸੰਪਰਕ ਕੀਤਾ ਜਾ ਸਕਦਾ ਹੈ।