ਭਲਾਈ ਸਕੀਮਾਂ ਸਬੰਧੀ ਚਲਾਈਆਂ ਜਾਣਗੀਆਂ ਜਾਗਰੂਕਤਾ ਵੈਨਾਂ - DC
'ਵਿਕਸਤ ਭਾਰਤ ਸੰਕਲਪ ਯਾਤਰਾ' ਤਹਿਤ ਚੱਲਣ ਵਾਲੇ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਰੂਪਨਗਰ, 20 ਨਵੰਬਰ 2023 : ਕੇਂਦਰੀ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਦੇ ਮੰਤਵ ਨਾਲ ਅਤੇ ਲਾਭਪਾਤਰੀਆਂ ਨੂੰ ਭਲਾਈ ਸਕੀਮਾਂ ਦੇ ਲਾਭ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਲਈ ਜ਼ਿਲ੍ਹੇ ਵਿੱਚ 'ਵਿਕਸਿਤ ਭਾਰਤ ਸੰਕਲਪ ਯਾਤਰਾ' ਤਹਿਤ 22 ਨਵੰਬਰ ਤੋਂ ਜਾਗਰੂਕਤਾ ਵੈਨਾਂ ਚਲਾਈਆਂ ਜਾਣਗੀਆਂ।
ਇਸ ਸਬੰਧੀ ਉਲੀਕੇ ਗਏ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਹ ਸਕੀਮ 15 ਨਵੰਬਰ ਨੂੰ ਸ਼ੁਰੂ ਕੀਤੀ ਗਈ ਸੀ, ਜਿਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਲੋਕ ਭਲਾਈ ਸਕੀਮਾਂ ਦਾ ਲਾਭ ਨਿਰਧਾਰਤ ਲਾਭਪਾਤਰੀਆਂ ਤੱਕ ਸਮਾਂਬੱਧ ਢੰਗ ਨਾਲ ਪਹੁੰਚ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਸਰਕਾਰ ਦਾ ਟੀਚਾ ਹੈ ਕਿ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਭਾਗੀਦਾਰੀ ਦੇ ਨਾਲ, ਸਵੱਛਤਾ ਸੁਵਿਧਾਵਾਂ, ਜ਼ਰੂਰੀ ਵਿੱਤੀ ਸੇਵਾਵਾਂ, ਐਲ.ਪੀ.ਜੀ. ਕੁਨੈਕਸ਼ਨਾਂ ਤੱਕ ਪਹੁੰਚ, ਰਿਹਾਇਸ਼ੀ ਜਾਂ ਗਰੀਬਾਂ, ਭੋਜਨ ਸੁਰੱਖਿਆ, ਸਹੀ ਪੋਸ਼ਣ, ਭਰੋਸੇਮੰਦ ਸਿਹਤ ਸੰਭਾਲ, ਸਾਫ਼ ਪੀਣ ਵਾਲਾ ਪਾਣੀ, ਮਿਆਰੀ ਸਿੱਖਿਆ ਆਦਿ ਅਤੇ ਲੋੜੀਂਦੀਆਂ ਸੇਵਾਵਾਂ ਨੂੰ ਸਾਰੇ ਯੋਗ ਲਾਭਪਾਤਰੀਆਂ ਲਈ ਪਹੁੰਚਯੋਗ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਨਾਗਰਿਕਾਂ ਨੂੰ ਉਪਲਬਧ ਲਾਭਾਂ ਅਤੇ ਵੱਖ-ਵੱਖ ਸਹੂਲਤਾਂ ਬਾਰੇ ਜਾਗਰੂਕਤਾ ਯਕੀਨੀ ਬਣਾਉਣਾ ਹੋਵੇਗਾ ਤਾਂ ਜੋ ਇਹ ਸਹੂਲਤ ਹਰ ਲਾਭਪਾਤਰੀ ਤੱਕ ਪਹੁੰਚ ਸਕੇ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਤਹਿਤ, ਵੱਧ ਤੋਂ ਵੱਧ ਲੋੜਵੰਦ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਣ ਲਈ ਸਰਗਰਮ ਜਨ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਠੋਸ ਯਤਨ ਕੀਤੇ ਜਾਣ। ਵਿਕਸ਼ਿਤ ਭਾਰਤ ਸੰਕਲਪ ਯਾਤਰਾ ਤਹਿਤ ਉਨ੍ਹਾਂ ਕਮਜ਼ੋਰ ਲੋਕਾਂ ਤੱਕ ਪਹੁੰਚ ਕਰਨੀ ਹੈ ਜੋ ਵੱਖ-ਵੱਖ ਯੋਜਨਾਵਾਂ ਦੇ ਅਧੀਨ ਯੋਗ ਤਾਂ ਹਨ ਪਰ ਅਜੇ ਤੱਕ ਲਾਭ ਨਹੀਂ ਲਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਯਾਤਰਾ ਦੌਰਾਨ ਨਿਰਧਾਰਿਤ ਵੇਰਵਿਆਂ ਰਾਹੀਂ ਸੰਭਾਵੀ ਲਾਭਪਾਤਰੀਆਂ ਦੀ ਰਜਿਸਟਰੇਸ਼ਨ ਵੀ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਵਿੱਚ ਮੁੱਖ ਧਿਆਨ ਲੋਕਾਂ ਨਾਲ ਸੰਪਰਕ ਕਰਨ, ਉਨ੍ਹਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਸਵੱਛਤਾ ਸੁਵਿਧਾਵਾਂ, ਜ਼ਰੂਰੀ ਵਿੱਤੀ ਸੇਵਾਵਾਂ, ਬਿਜਲੀ ਕਨੈਕਸ਼ਨ, ਐੱਲਪੀਜੀ ਸਿਲੰਡਰ ਨੂੰ ਸੁਲਭ ਕਰਵਾਉਣ, ਗ਼ਰੀਬਾਂ ਲਈ ਆਵਾਸ, ਖੁਰਾਕ ਸੁੱਰਖਿਆ, ਉਚਿਤ ਪੋਸ਼ਣ, ਭਰੋਸੇਯੋਗ ਸਿਹਤ ਸੇਵਾਵਾਂ, ਸਵੱਛ ਪੇਯਜਲ ਆਦਿ ਜਿਹੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਪ੍ਰਦਾਨ ਕਰਨ ‘ਤੇ ਹੋਵੇਗਾ।
ਉਨ੍ਹਾਂ ਦੱਸਿਆ ਕਿ 22 ਨਵੰਬਰ ਨੂੰ ਇਹ ਜਾਗਰੂਕਤਾ ਵੈਨਾਂ ਰੂਪਨਗਰ ਜ਼ਿਲ੍ਹੇ ਦੇ ਪਿੰਡ ਸਾਰੰਗਪੁਰ, ਸ਼ੇਖੂਪੁਰ, ਨੰਗਲ ਨਿੱਕੂ, ਨੰਗਲੀ, ਕੋਟ ਬਾਲਾ, ਕੋਟਲਾ ਨਿਹੰਗ, ਦਹਿਰਪੁਰ, ਦਸਗਰਾਂ, ਸਾਊਪੁਰ, ਸਵਾੜਾ, ਰਤਨਪੁਰ, ਰੋਲਮਾਜਰਾ ਅਤੇ 23 ਨਵੰਬਰ ਨੂੰ ਸੁਲੇਮਾਨ ਸੇਖੋਂ, ਸੁਲਤਾਨਪੁਰ, ਨਾਨਗਰਾਂ, ਕਲਮੋਟ,ਔਸਟੀ ਕਲੋਨੀ, ਕੁਦਾਸਪੁਰ, ਲਾਡਲ, ਧਾਲੋਵਾਲ, ਦੇਹਣੀ, ਸ਼ੇਖਪੁਰ, ਮਾਨਗੜ੍ਹ ਅਤੇ ਰੁੜਕੀ ਵਿੱਚ ਜਾਣਗੀਆਂ।
ਉਨ੍ਹਾਂ ਇਹ ਵੀ ਦੱਸਿਆ ਕਿ ਆਯੁਸ਼ਮਾਨ ਭਾਰਤ, ਪੀਏਜੇਏਵਾਈ ਪ੍ਰਧਾਨ ਮੰਤਰੀ ਬਾਲਿਕਾ ਕਲਿਆਣ ਅੰਨ ਯੋਜਨਾ, ਦੀਨਦਿਆਲ ਅੰਤਯੋਦਯ ਯੋਜਨਾ, ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ, ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ), ਪ੍ਰਧਾਨ ਮੰਤਰੀ ਉੱਜਵਲਾ ਯੋਜਨਾ, ਪ੍ਰਧਾਨ ਮੰਤਰੀ ਵਿਸ਼ਵਕਰਮਾ, ਪ੍ਰਧਾਨ ਮੰਤਰੀ ਕਿਸਾਨ ਸੰਮਾਨ, ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ), ਪ੍ਰਧਾਨ ਮੰਤਰੀ ਪੋਸ਼ਣ ਅਭਿਯਾਨ, ਹਰ ਘਰ ਜਲ –ਜਲ ਜੀਵਨ ਮਿਸ਼ਨ, ਪਿੰਡਾਂ ਦਾ ਸਰਵੇਖਣ ਅਤੇ ਗ੍ਰਾਮੀਣ ਖੇਤਰਾਂ ਵਿੱਚ ਉੱਨਤ ਟੈਕਨੋਲੋਜੀ ਦੇ ਨਾਲ ਮੈਪਿੰਗ (ਸਵਾਮੀਤਵ), ਜਨ ਧਨ ਯੋਜਨਾ, ਜੀਵਨ ਜਯੋਤੀ ਬੀਮਾ ਯੋਜਨਾ, ਸੁਰਕਸ਼ਾ ਬੀਮਾ ਯੋਜਨਾ, ਅਟਲ ਪੈਨਸ਼ਨ ਯੋਜਨਾ, ਪ੍ਰਧਾਨ ਮੰਤਰੀ ਨੈਨੋ ਫਰਟੀਲਾਈਜ਼ਰ ਆਦਿ ਭਲਾਈ ਸਕੀਮਾਂ ਦਾ ਪ੍ਰਚਾਰ ਕੀਤਾ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਵ) ਅਮਰਦੀਪ ਸਿੰਘ ਗੁਜ਼ਰਾਲ, ਸਹਾਇਕ ਕਮਿਸ਼ਨਰ ਅਰਵਿੰਦਰਪਾਲ ਸਿੰਘ ਸੋਮਲ, ਮੁੱਖ ਮੰਤਰੀ ਫੀਲਡ ਅਫ਼ਸਰ ਦੀਪਾਂਕਰ ਗਰਗ, ਐਸ.ਪੀ ਰਾਜਪਾਲ ਸਿੰਘ ਹੁੰਦਲ, ਐੱਸ.ਡੀ.ਐਮ ਸ਼੍ਰੀ ਅਨੰਦਪੁਰ ਸਾਹਿਬ ਮਨਦੀਪ ਸਿੰਘ ਢਿਲੋ, ਐੱਸ.ਡੀ.ਐਮ ਸ਼੍ਰੀ ਚਮਕੌਰ ਸਾਹਿਬ ਅਮਰੀਕ ਸਿੰਘ ਸੰਧੂ, ਐੱਸ.ਡੀ.ਐਮ ਰੂਪਨਗਰ ਹਰਬੰਸ ਸਿੰਘ, ਐੱਸ.ਡੀ.ਐਮ ਨੰਗਲ ਅਨਮਜੋਤ ਕੌਰ, ਸਹਾਇਕ ਸਿਵਲ ਸਰਜਨ ਡਾ. ਅੰਜੂ ਭਾਟੀਆ, ਜ਼ਿਲ੍ਹਾ ਵਣ ਅਫ਼ਸਰ ਹਰਜਿੰਦਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ, ਜ਼ਿਲ੍ਹਾ ਵਿਕਾਸ ਪੰਚਾਇਤ ਅਫ਼ਸਰ ਸ. ਬਲਜਿੰਦਰ ਸਿੰਘ ਗਰੇਵਾਲ, ਮੁੱਖ ਖ਼ੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ, ਬੀ.ਡੀ.ਪੀ.ਓ. ਰੂਪਨਗਰ ਸੁਮਰਿਤਾ, ਬੀ.ਡੀ.ਪੀ.ਓ. ਸ੍ਰੀ ਚਮਕੌਰ ਸਾਹਿਬ ਹਰਕੀਤ ਸਿੰਘ, ਬੀ.ਡੀ.ਪੀ.ਓ. ਸ੍ਰੀ ਅਨੰਦਪੁਰ ਸਾਹਿਬ ਇਸ਼ਾਨ ਚੌਧਰੀ, ਬੀ.ਡੀ.ਪੀ.ਓ. ਮੋਰਿੰਡਾ ਹਰਿੰਦਰ ਕੌਰ, ਬੀ.ਡੀ.ਪੀ.ਓ. ਦਰਸ਼ਨ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।