ਬਠਿੰਡਾ ਵਿੱਚ ਕਰਵਾਈ ਜਾ ਰਹੀ ਹੈ ਸ਼ਿਵ ਮਹਾਂਪੂਰਾਣ ਕਥਾ - ਅਮਰਜੀਤ ਮਹਿਤਾ
ਅਸ਼ੋਕ ਵਰਮਾ
ਬਠਿੰਡਾ,3ਦਸੰਬਰ2023: ਮੁਲਾਜ਼ਮਾਂ, ਕਿਸਾਨਾਂ ਅਤੇ ਵਪਾਰੀਆਂ ਸਮੇਤ ਬਠਿੰਡਾ ਸ਼ਹਿਰ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਹੀ ਯਤਨਸ਼ੀਲ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਵੱਲੋਂ ਹੁਣ ਮਾਲਵਾ ਦੇ ਪ੍ਰਸਿੱਧ ਸ਼ਹਿਰ ਬਠਿੰਡਾ ਵਿੱਚ 4 ਜਨਵਰੀ ਤੋਂ 10 ਜਨਵਰੀ ਤੱਕ ਖੇਡ ਸਟੇਡੀਅਮ ਵਿਖੇ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਸ਼ਿਵ ਮਹਾਂਪੁਰਾਣ ਕਥਾ ਕਰਵਾਈ ਜਾ ਰਹੀ ਹੈ ਜਿਸ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਧਾਰਮਿਕ ਸਮਾਗਮ ਮਾਲਵਾ ਦੇ ਪ੍ਰਸਿੱਧ ਸ਼ਹਿਰ ਬਠਿੰਡਾ ਲਈ ਇੱਕ ਇਤਿਹਾਸਿਕ ਯਾਦਗਾਰ ਸਾਬਿਤ ਹੋਵੇਗਾ, ਜਿਸ ਦਾ ਮੁੱਖ ਮਕਸਦ ਸਮਾਜਿਕ ਕੁਰੀਤੀਆਂ ਖਿਲਾਫ ਲੋਕਾਂ ਨੂੰ ਲਾਮਬੰਦ ਕਰਕੇ ਨਸ਼ਿਆਂ ਦੀ ਮਹਾਂਮਾਰੀ ਨੂੰ ਖਤਮ ਕਰਨ ਲਈ ਜਾਗਰੂਕ ਕਰਨਾ ਅਤੇ ਗੁਰੂ ਦੇ ਗਿਆਨ ਨਾਲ ਭੰਡਾਰ ਭਰਨਾ ਹੈ।
ਅੱਜ ਇਸ ਸਬੰਧ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਦੱਸਿਆ ਕਿ ਸ਼ਿਵ ਮਹਾਂਪੁਰਾਣ ਕਥਾ ਪ੍ਰੋਗਰਾਮ ਦੌਰਾਨ ਵਿਚ ਕੌਮਾਂਤਰੀ ਪੱਧਰ ਤੇ ਕਥਾ ਕਰਨ ਦੇ ਮਾਹਿਰ ਤੇ ਗਿਆਨਮੁਖੀ ਭਾਗਵਤ ਭੂਸ਼ਣ ਪੰਡਿਤ ਪ੍ਰਦੀਪ ਮਿਸ਼ਰਾ ਸੀਹੋਰ ਵਾਲੇ ਪਰਵਚਨ ਕਰਨ ਲਈ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬਠਿੰਡਾ ਆਗਮਨ ਮੌਕੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਪੋਸਟ ਆਫਿਸ ਬਾਜ਼ਾਰ ਦੇ ਪ੍ਰਸਿੱਧ ਸ਼੍ਰੀ ਹਨੂੰਮਾਨ ਮੰਦਰ ਤੋਂ ਲੈ ਕੇ ਉਨ੍ਹਾਂ ਦੇ ਨਿਵਾਸ ਸਥਾਨ ਬੀਬੀ ਵਾਲਾ ਰੋਡ ਤੱਕ ਰੱਥ ਯਾਤਰਾ ਵੀ ਕੱਢੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਮਾਜਿਕ ਕੁਰੀਤੀਆਂ ਖਿਲਾਫ ਸੰਦੇਸ਼ ਦੇਣ ਵਾਲੇ ਇਸ ਧਾਰਮਿਕ ਸਮਾਗਮ ਮੌਕੇ ਸਕੂਲੀ ਬੱਚਿਆਂ ਦੇ ਡਰਾਇੰਗ ਮੁਕਾਬਲਿਆਂ ਤੋਂ ਇਲਾਵਾ ਖੂਨ ਦਾਨ ਕੈਂਪ, ਸਾਈਕਲ ਅਤੇ ਬਾਈਕ ਰੈਲੀ ਵੀ ਕੱਢਣ ਦਾ ਵੀ ਪ੍ਰੋਗਰਾਮ ਹੈ।
ਉਨ੍ਹਾਂ ਦੱਸਿਆ ਕਿ ਇੰਨ੍ਹਾਂ ਪ੍ਰੋਗਰਾਮਾਂ ਦਾ ਮਕਸਦ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਖਿਲਾਫ ਲਾਮਬੰਦ ਕਰਕੇ ਤੰਦਰੁਸਤ ਸਿਹਤ ਲਈ ਜਾਗਰੂਕ ਕੀਤਾ ਜਾਵੇ ਅਤੇ ਧਾਰਮਿਕ ਸਮਾਗਮ ਰਾਹੀਂ ਸਮੂਹ ਸ਼ਰਧਾਲੂਆਂ ਨੂੰ ਗੁਰੂ ਦੇ ਗਿਆਨ ਪ੍ਰਤੀ ਜਾਣਕਾਰੀ ਦੇਣ ਦੇ ਨਾਲ ਲਾਮਬੰਦ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ 7 ਦਿਨ ਚੱਲਣ ਵਾਲੀ ਸ਼ਿਵ ਮਹਾਂਪੂਰਾਣ ਕਥਾ ਦਾ ਇਹ ਧਾਰਮਿਕ ਸਮਾਗਮ ਪ੍ਰਸਿੱਧ ਸ਼ਹਿਰ ਬਠਿੰਡਾ ਦੇ ਇਤਿਹਾਸ ਵਿੱਚ ਇਤਿਹਾਸਿਕ ਹੋਵੇਗਾ, ਕਿਉਂਕਿ ਇਸ ਵਿੱਚ ਹਜ਼ਾਰਾਂ ਸ਼ਰਧਾਲੂਆਂ ਦੇ ਪਹੁੰਚਣ ਨੂੰ ਦੇਖਦਿਆਂ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਸ ਪ੍ਰੋਗ੍ਰਾਮ ਦੀ ਸਫਲਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਪੂਰਨ ਸਹਿਯੋਗ ਰਹੇਗਾ ਅਤੇ ਇਸ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਸਮੇਤ ਵਿਧਾਇਕ, ਚੇਅਰਮੈਨ ਤੇ ਹੋਰ ਸ਼ਖਸੀਅਤਾਂ ਵੀ ਸ਼ਮੂਲੀਅਤ ਕਰਨ ਲਈ ਪਹੁੰਚ ਰਹੀਆਂ ਹਨ।
ਸਮਾਜਿਕ ਆਗੂ ਅਮਰਜੀਤ ਮਹਿਤਾ ਨੇ ਦੱਸਿਆ ਕਿ ਸ਼੍ਰੀ ਬਾਂਕੇ ਬਿਹਾਰੀ ਸੇਵਾ ਸੰਮਤੀ, ਬਠਿੰਡਾ ਵੱਲੋਂ ਇਸ ਸਮਾਗਮ ਦੀ ਸਮੂਚੀ ਦੇਖਰੇਖ ਕੀਤੀ ਜਾਵੇਗੀ। ਉਨ੍ਹਾਂ ਇਸ ਮੌਕੇ ਸਮੂਹ ਇਲੈਕਟਰੋਨਿਕ ਅਤੇ ਪ੍ਰਿੰਟ ਮੀਡੀਆ ਦੇ ਮੈਂਬਰਾਂ ਨੂੰ ਇਹਨਾਂ ਸਮਾਗਮਾਂ ਲਈ ਵਿਸ਼ੇਸ਼ ਕਵਰੇਜ ਕਰਨ ਦੀ ਅਪੀਲ ਕਰਦਿਆਂ ਪੂਰਨ ਸਹਿਯੋਗ ਦੇਣ ਦਾ ਸੱਦਾ ਦਿੱਤਾ ਹੈ।
ਜ਼ਿਕਰ ਯੋਗ ਹੈ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਵੱਲੋਂ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਹੀ ਇਤਿਹਾਸਿਕ ਯਾਦਗਾਰ ਸੱਭਿਆਚਾਰ ਪ੍ਰੋਗ੍ਰਾਮ ਵੀ ਕਰਵਾਇਆ ਗਿਆ ਸੀ, ਜੋ ਅੱਜ ਵੀ ਇਲਾਕਾ ਨਿਵਾਸੀਆਂ ਦੇ ਦਿਲਾਂ ਤੇ ਅਮਿਟ ਛਾਪ ਦੀ ਬਣਿਆ ਹੋਇਆ ਹੈ ਅਤੇ ਹੁਣ ਇਸ ਧਾਰਮਿਕ ਸਮਾਗਮ ਰਾਹੀਂ ਲੋਕਾਂ ਨੂੰ ਸਮਾਜਿਕ ਕੁਰੀਤੀਆਂ, ਖਾਸ ਕਰਕੇ ਨਸ਼ਿਆਂ ਖਿਲਾਫ ਲਾਮਬੰਦ ਕਰਕੇ ਗੁਰੂ ਦੇ ਲੜ ਲਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਲਈ ਹਰ ਪੱਖ ਤੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।