ਬਸਪਾ ਆਗੂਆਂ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ: ਐਸਸੀ-ਬੀਸੀ ਨੂੰ ਲਾਲ ਲਕੀਰ ਦੀਆਂ ਰਜਿਸਟਰੀਆਂ ਮੁਹੱਈਆ ਕਰਵਾਉਣ ਦੀ ਕੀਤੀ ਮੰਗ
ਮਲਕੀਤ ਸਿੰਘ ਮਲਕਪੁਰ
ਲਾਲੜੂ 3ਦਸੰਬਰ 2023 - ਹਲਕਾ ਡੇਰਾਬੱਸੀ ਦੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਅਨੁਸੂਚਿਤ ਜਨਜਾਤੀਆਂ ਤੇ ਪੱਛੜੀਆਂ ਸ੍ਰੈਣੀਆਂ (ਐਸ ਸੀ-ਬੀਸੀ) ਨੂੰ ਲਾਲ ਲਕੀਰ ਵਾਲੇ ਖੇਤਰ ਵਿੱਚ ਰਜਿਸਟਰੀਆਂ ਦੇਣ ਦੀ ਮੰਗ ਕੀਤੀ ਹੈ।ਪੱਤਰ ਸਬੰਧੀ ਜਾਣਕਾਰੀ ਦਿੰਦਿਆਂ ਬਸਪਾ ਮੋਹਾਲੀ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ,ਬਸਪਾ ਦੇ ਡੇਰਾਬੱਸੀ ਦੇ ਦਿਹਾਤੀ ਪ੍ਰਧਾਨ ਬਲਦੇਵ ਸਿੰਘ ਚੰਡਿਆਲਾ ਬਸਪਾ ਦੇ ਜ਼ੀਰਕਪੁਰ ਦੇ ਸ਼ਹਿਰੀ ਪ੍ਰਧਾਨ ਰਾਮ ਕੁਮਾਰ ਨਫਰਾ, ਹਰਪ੍ਰੀਤ ਸਿੰਘ, ਕੋਮਲਪ੍ਰੀਤ ਸਿੰਘ, ਗੁਰਪਾਲ ਸਿੰਘ,ਹਰਪਾਲ ਸਿੰਘ ਤੇ ਕੁਲਦੀਪ ਸਿੰਘ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਵਿੱਚ ਪੰਜਾਬ ਦੇ ਲੋਕਾਂ ਨੂੰ ਲਾਲ ਲਕੀਰ ਦੀਆਂ ਰਜਿਸਟਰੀਆਂ ਦੇਣ ਦਾ ਵਾਅਦਾ ਕੀਤਾ ਸੀ,ਪਰ ਸਰਕਾਰ ਦੇ ਤਕਰੀਬਨ ਦੋ ਸਾਲ ਹੋ ਜਾਣ ਦੇ ਬਾਵਜੂਦ ਸ਼ਹਿਰਾਂ ਅਤੇ ਪਿੰਡਾਂ ਵਿੱਚ ਲਾਲ ਲਕੀਰ ਅੰਦਰ ਵਸਦੇ ਅਨੁਸੂਚਿਤ ਜਾਤੀਆਂ ਅਤੇ ਪੱਛੜੀ ਸ੍ਰੇਣੀ ਦੇ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਨ੍ਹਾਂ ਪ੍ਰੇਸ਼ਾਨੀਆਂ ਦੇ ਚੱਲਦਿਆਂ ਅਨੁਸੂਚਿਤ ਜਾਤੀਆਂ ਅਤੇ ਪੱਛੜੀ ਸ੍ਰੇਣੀਆਂ ਦੇ ਲੋਕਾਂ ਨੂੰ ਵੀਜਾ ਲੈਣ, ਕਰਜ਼ਾ ਲੈਣ, ਜਗ੍ਹਾ ਨੂੰ ਵੇਚਣ- ਖਰੀਦਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਅਨੁਸੂਚਿਤ ਜਾਤੀਆਂ ਅਤੇ ਪੱਛੜੀ ਸ੍ਰੇਣੀਆਂ ਦੇ ਲੋਕਾਂ ਦਾ ਜੇਕਰ ਕੋਈ ਛੋਟਾ ਮੋਟਾ ਝਗੜਾ ਹੋ ਜਾਂਦਾ ਹੈ ਤਾਂ ਜਮਾਨਤ ਦੇਣ ਲਈ ਉਨ੍ਹਾਂ ਨੂੰ ਜਾਂ ਤਾਂ ਵਿਆਜ਼ ਉਤੇ ਪੈਸੇ ਲੈ ਕੇ ਜਮਾਨਤੀ ਖਰੀਦਣੇ ਪੈਂਦੇ ਹਨ ,ਨਹੀਂ ਤਾਂ ਕਿਸੇ ਰਜਿਸਟਰੀ ਵਾਲੇ ਵਿਅਕਤੀ ਕੋਲ ਚੱਕਰ ਲਗਾਉਣੇ ਪੈਂਦੇ ਹਨ।ਉਨ੍ਹਾਂ ਕਿਹਾ ਕਿ ਬਹੁਤੇਰੇ ਪਰਿਵਾਰਾਂ ਕੋਲ ਰਹਿਣ ਨੂੰ ਜਗ੍ਹਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਪਰਿਵਾਰਾਂ ਨੂੰ ਥਾ ਦੇਣ ਲਈ ਪਿਛਲੀਆਂ ਤੇ ਮੌਜੂਦਾ ਸਰਕਾਰਾਂ ਵੱਲੋਂ ਕੋਈ ਖਾਕਾ ਤਿਆਰ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਅਨੁਸੂਚਿਤ ਜਾਤੀਆਂ ਅਤੇ ਪੱਛੜੀ ਸ੍ਰੇਣੀਆਂ ਦੇ ਲੋਕਾਂ ਨੂੰ ਦਰਜਾ 4 ਦੀਆਂ ਨੌਕਰੀਆਂ ਮਿਲ ਜਾਂਦੀਆਂ ਸਨ,ਪਰ ਹੁਣ ਉਹ ਵੀ ਨਹੀਂ ਮਿਲ ਰਹੀਆਂ।ਆਗੂਆਂ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਐਸ ਸੀ-ਬੀ ਸੀ ਵਰਗ ਦੀ ਇਸ ਜਾਇਜ਼ ਮੰਗ ਨੂੰ ਪੂਰਾ ਕੀਤਾ ਜਾਵੇ ਤੇ ਪੰਜਾਬ ਦੇ ਸਭ ਤੋਂ ਵੱਧ ਵੋਟਾਂ ਵਾਲੇ ਸਮਾਜ ਨੂੰ ਲਾਲ ਲਕੀਰ ਦੀਆਂ ਰਜਿਸਟਰੀਆਂ ਦੇ ਕੇ ਸਨਮਾਨ ਬਖਸ਼ਿਆ ਜਾਵੇ ਤਾਂ ਜੋ ਲੋਕ ਆਪਣੀਆਂ ਜ਼ਰੂਰਤਾਂ ਮੁਤਾਬਿਕ ਆਪਣੀ ਰਜਿਸਟਰੀ ਵਾਲੀ ਥਾਂ ਉਤੇ ਬੱਚਿਆਂ ਨੂੰ ਵਿਦੇਸ਼ ਭੇਜਣ ਅਤੇ ਮਕਾਨ ਬਣਾਉਣ ਆਦਿ ਲਈ ਕਰਜ਼ ਆਦਿ ਲੈਣ ਲਈ ਸਮਰੱਥ ਹੋ ਸਕਣ।