ਬੀਕੇਯੂ ਡਕੌਂਦਾ ਵੱਲੋਂ ਗੰਨਾ ਉਤਪਾਦਕ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦੀ ਨਿੰਦਾ
- ਯੂਰੀਆ ਖਾਦ ਦੀ ਸਪਲਾਈ ਦਰੁੱਸਤ ਕਰਨ ਦੀ ਮੰਗ
- ਪਰਾਲੀ ਦੇ ਚਲਾਨਾਂ ਦੀ ਉਗਰਾਹੀ ਖਿਲਾਫ ਪਿੰਡਾਂ ਚ ਲਾਮਬੰਦੀ
ਦਲਜੀਤ ਕੌਰ
ਸੰਗਰੂਰ, 3 ਦਸੰਬਰ, 2023: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਬੀਤੇ ਦਿਨੀਂ ਮੁਕੇਰੀਆਂ ਵਿਖੇ ਗੰਨਾ ਕਿਸਾਨਾਂ ਦੇ ਧਰਨੇ ਚੋਂ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦੀ ਸਖਤ ਨਿਖੇਧੀ ਕਰਦਿਆਂ ਭਗਵੰਤ ਮਾਨ ਸਰਕਾਰ ਨੂੰ ਜਬਰਦਸਤ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਅੱਜ ਇਥੇ ਹੋਈ ਜਿਲਾ ਕਮੇਟੀ ਦੀ ਹੰਗਾਮੀ ਮੀਟਿੰਗ ਉਪਰੰਤ ਬੋਲਦਿਆਂ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਗੰਨੇ ਦੇ ਰੇਟਾਂ ਚ ਕੀਤੇ ਨਾ ਮਾਤਰ ਵਾਧੇ ਦਾ ਕਿਸਾਨਾਂ ਲਈ ਕੋਈ ਅਰਥ ਨਹੀਂ ਹੈ। ਉਨਾਂ ਕਿਹਾ ਕਿ ਫਸਲੀ ਚੱਕਰ ਬਦਲਣ ਦੇ ਮੈਨੀਫੈਸਟੋ ਚ ਕੀਤੇ ਵਾਅਦਿਆਂ ਦੇ ਉਲਟ ਮਾਨ ਸਰਕਾਰ ਵੀ ਅਕਾਲੀਆਂ ਕਾਂਗਰਸੀਆਂ ਦੇ ਰਾਹ ਤੁਰ ਪਈ ਹੈ। ਉਨਾਂ ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਗੰਨਾ ਕਿਸਾਨਾਂ ਦੀ ਪੁਰਜੋਰ ਹਿਮਾਇਤ ਕੀਤੀ ਹੈ।
ਉਨਾ ਕਿਹਾ ਕਿ ਹੁਣ ਜਦੋਂ ਪਿੰਡਾਂ ਚ ਪਰਾਲੀ ਦੇ ਚਲਾਨ ਲੈ ਕੇ ਅਫਸਰਸ਼ਾਹੀ ਉਗਰਾਹੀ ਕਰਨ ਅਤੇ ਫਰਦਾਂ ਚ ਲਾਲ ਇੰਦਰਾਜ ਕਰਨ ਤੁਰ ਪਈ ਹੈ ਤਾਂ ਭਗਵੰਤ ਮਾਨ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨੇ ਅਕਾਲੀਆਂ ਕਾਂਗਰਸੀਆਂ ਨੂੰ ਪਿੰਡਾਂ ਚ ਵੜਣ ਨਹੀਂ ਦਿੱਤਾ ਸੀ ਤਾਂ ਭਗਵੰਤ ਮਾਨ ਸਰਕਾਰ ਵੀ ਕੰਧ ਤੇ ਲਿਖਿਆ ਪੜ ਲਵੇ। ਉਨਾਂ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪਿੰਡਾਂ ਚ ਉਗਰਾਹੀ ਕਰਨ ਆਏ ਅਧਿਕਾਰੀਆਂ ਦਾ ਪੂਰੇ ਜੋਰ ਨਾਲ ਘਿਰਾਓ ਕਰਕੇ ਉਨਾਂ ਨੂੰ ਵਾਪਸ ਮੋੜਿਆ ਜਾਵੇ। ਉਨਾਂ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਪਣੀਆਂ ਹੀ ਸਿਫਾਰਸ਼ਾਂ ਲਾਗੂ ਕਰਨ ਦੀ ਥਾਂ ਪੁੱਠੇ ਪਾਸੇ ਤੁਰ ਪਿਆ ਹੈ ਜਿਸ ਦੇ ਮਾੜੇ ਸਿੱਟੇ ਸਾਹਮਣੇ ਆਉਣਗੇ।
ਕਿਸਾਨ ਆਗੂਆਂ ਨੇ ਸੂਬੇ ਭਰ ਚ ਯੂਰੀਆ ਖਾਦ ਦੀ ਸੁਸਾਇਟੀਆਂ ਚ ਸਪਲਾਈ ਮਾਤਰਾ ਵਧਾਉਣ ਅਤੇ ਬਾਜਾਰ ਚ ਲੁੱਟ ਬੰਦ ਕਰਾਉਣ ਦੀ ਵੀ ਜੋਰਦਾਰ ਮੰਗ ਕੀਤੀ ਹੈ।ਵਪਾਰੀਆਂ ਨੂੰ ਯੂਰੀਆ ਖਾਦ ਨਾਲ ਵਾਧੂ ਸਮਾਨ ਮੜਣ ਖਿਲਾਫ ਵੀ ਸਬੰਧਤ ਵਪਾਰੀ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਗਈ।
ਮੀਟਿੰਗ ਵਿਚ ਹਾਕਮ ਸਿੰਘ ਭੱਟੀਆਂ, ਤਰਨਜੀਤ ਸਿੰਘ ਕੂਹਲੀ, ਤਾਰਾ ਸਿੰਘ ਅੱਚਰਵਾਲ ਗੁਰਮੇਲ ਸਿੰਘ ਭਰੋਵਾਲ , ਸਰਬਜੀਤ ਸਿੰਘ ਧੂੜਕੋਟ, ਤਰਸੇਮ ਸਿੰਘ ਬੱਸੂਵਾਲ, ਦਰਸ਼ਨ ਸਿੰਘ ਤੁੰਗਾਹੇੜੀ, ਹਰਦੀਪ ਸਿੰਘ ਟੂਸੇ ਆਦਿ ਆਗੂ ਹਾਜ਼ਰ ਸਨ।