ਜਨਤਕ ਜਥੇਬੰਦੀਆਂ ਵੱਲੋਂ 295 ਤਹਿਤ ਦਰਜ ਕੇਸਾਂ ਸਬੰਧੀ ਪ੍ਰਦਰਸ਼ਨ ਦਾ ਫੈਸਲਾ
ਅਸ਼ੋਕ ਵਰਮਾ
ਬਠਿੰਡਾ, 12ਫਰਵਰੀ 2024:ਜਮਹੂਰੀ ਅਧਿਕਾਰ ਸਭਾ ਅਤੇ ਤਰਕਸ਼ੀਲ ਸੋਸਾਇਟੀ ਰਾਮਪੁਰਾ ਨੇ ਸਾਂਝੀ ਮੀਟਿੰਗ ਕਰਕੇ ਇਹ ਫੈਸਲਾ ਲਿਆ ਕੇ ਉਹ ਇਲਾਕੇ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਨਾਲ 295 ਦੇ ਦਰਜ ਕੇਸਾਂ ਸਬੰਧੀ 17 ਫਰਵਰੀ ਨੂੰ ਮੀਟਿੰਗ ਕਰਨਗੀਆਂ। ਅੱਜ ਦੀ ਮੀਟਿੰਗ ਵਿੱਚ ਅਵਤਾਰ ਸਿੰਘ, ਜਗਦੇਵ ਸਿੰਘ, ਮੇਜਰ ਸਿੰਘ, ਬੰਤ ਸਿੰਘ ਭੂੰਦੜ, ਭਗਵੰਤ ਸਿੰਘ ਲਹਿਰਾ ਧੂਰਕੋਟ, ਕੋਰ ਸਿੰਘ, ਮਾਸਟਰ ਹਰਕੀਤ ਸਿੰਘ, ਸਰਮੁਖ ਸਿੰਘ ਸੇਲਬਰਾਹ, ਗੁਰਜੀਤ ਸਿੰਘ ਰਿਟਾਇਰਡ ਬੈਂਕ ਮੈਨੇਜਰ ਅਤੇ ਗਗਨ ਗਰੋਵਰ ਆਦਿ ਆਗੂਆਂ ਨੇ ਕਿਹਾ ਕਿ ਸਰਕਾਰਾਂ, ਸਰਕਾਰੀ ਧੱਕੇਸ਼ਾਹੀ ਅਤੇ ਕਾਰਕੋਰੇਟ ਪੱਖੀ ਨੀਤੀਆਂ ਖਿਲਾਫ ਉਠਦੀਆਂ ਆਵਾਜ਼ਾਂ ਨੂੰ ਹਰ ਕੀਮਤ ਤੇ ਦਬਾ ਦੇਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ 295 ਅਤੇ 295ਏ ਤਹਿਤ ਦਰਜ ਕੀਤੇ ਕੇਸਾਂ -ਗਿ੍ਰਫਤਾਰੀਆਂ ਤਾਂ ਮਕਸਦ ਵੀ ਸੱਚ ਦੀ ਆਵਾਜ਼ ਨੂੰ ਦਬਾਉਣਾ ਅਤੇ ਫਿਰਕੂ ਮਾਹੌਲ ਦੀ ਉਸਾਰੀ ਲਈ ਰਾਹ ਪੱਧਰਾ ਕਰਨਾ ਹੈ। ਸਮੁੱਚੇ ਦੇਸ਼ ਵਿੱਚ ਘੱਟ ਗਿਣਤੀਆਂ ਨਾਲ ਲਗਾਤਾਰ ਧੱਕਾ ਹੋ ਰਿਹਾ ਹੈ ਅਤੇ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਪਰ ਉੱਥੇ ਕਾਨੂੰਨ ਚੁੱਪ ਹੈ ।
ਆਗੂਆਂ ਨੇ ਦੱਸਿਆ ਕਿ ਜਮਹੂਰੀ ਅਧਿਕਾਰ ਸਭਾ ਦੀ ਰਿਪੋਰਟ ਅਨੁਸਾਰ ਰਾਮਾ ਮੰਡੀ ਜਿਲ੍ਹਾ ਬਠਿੰਡਾ ਦੀ ਸ਼ਾਈਨਾ ਵੱਲੋਂ ਮੱਧ ਪ੍ਰਦੇਸ਼ ਦੇ ਚਰਚ ਉੱਤੇ ਧੱਕੇ ਨਾਲ ਲਹਿਰਾਏ ਭਗਵੇਂ ਝੰਡੇ ਦੀ ਸੋਸ਼ਲ ਮੀਡੀਆ ਉੱਤੇ ਜਾਰੀ ਵੀਡੀਓ ਖਿਲਾਫ ਹੀ ਉਸਨੇ ਆਵਾਜ਼ ਉਠਾਈ ਸੀ । ਇਹ ਆਵਾਜ਼ ਉਠਾਉਣ ਬਦਲੇ ਉਸਨੇ ਮਾਫੀ ਦੀ ਵੀਡੀਓ ਵੀ ਜਾਰੀ ਕੀਤੀ, ਕਿਸੇ ਵੀ ਚੌਂਕ ਤੇ ਖੜ ਕੇ ਮਾਫੀ ਮੰਗਣ ਦੀ ਪੇਸ਼ਕਸ਼ ਕੀਤੀ ਪਰ ਇਸ ਦੇ ਬਾਵਜੂਦ ਉਸ ਨੂੰ 295ਏ ਦਾ ਪਰਚਾ ਗਿ੍ਰਫਤਾਰੀ ਅਤੇ ਉਸਦੇ ਸਾਥੀ ਨੂੰ ਸ਼ਰੇਆਮ ਕੁੱਟਮਾਰ ਦਾ ਸਾਹਮਣਾ ਕਰਨਾ ਪਿਆ, ਪਰ ਕਾਨੂੰਨ ਚੁੱਪ ਰਿਹਾ। ਇਸੇ ਤਰਾਂ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਤੇ ਵੀ ਇਸ ਕਰਕੇ ਕੇਸ ਦਰਜ ਕੀਤੇ ਗਏ ਹਨ ਕਿਉਂਕਿ ਉਹ ਧਰਮ ਦੀ ਵਰਤੋਂ ਗਲਤ ਅੰਸਰਾਂ ਦੁਆਰਾ ਕੀਤੀ ਜਾਣ ਪ੍ਰਤੀ ਜਾਗਰੂਕਤਾ ਪੈਦਾ ਕਰਦੇ ਹਨ। ਇਸ ਮੌਕੇ ਫੈਸਲਾ ਹੋਇਆ ਕਿ ਲੋਕਾਂ ਨੂੰ ਫਿਰਕੂ ਸਿਆਸਤ ਪ੍ਰਤੀ ਸੁਚੇਤ ਕਰਨ ਅਤੇ 27 ਫਰਵਰੀ ਨੂੰ ਜਲੰਧਰ ਵਿਖੇ ਸਰਕਾਰੀ ਜਬਰ ਖਿਲਾਫ ਪ੍ਰਦਰਸ਼ਨ ਵਿੱਚ ਵੱਡੀ ਸ਼ਮੂਲੀਅਤ ਕਰਵਾਉਣ ਲਈ ਪ੍ਰੋਗਰਾਮ ਉਲੀਕਿਆ ਜਾਵੇਗਾ।