ਆਪ ਦੀ ਸਰਕਾਰ ਆਪ ਦੇ ਦੁਆਰ: ਚੇਅਰਮੈਨ ਮਾਰਕਿਟ ਕਮੇਟੀ ਅਮਨਦੀਪ ਸਿੰਘ ਬਾਬਾ ਨੇ ਕੈਂਪਾਂ 'ਚ ਕੀਤੀ ਸ਼ਿਰਕਤ
- ਲੋਕਾਂ ਨੂੰ ਕੈਂਪਾਂ ਦਾ ਲਾਹਾ ਲੈਣ ਦੀ ਕੀਤੀ ਅਪੀਲ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 12 ਫ਼ਰਵਰੀ,2024-ਆਪ ਦੀ ਸਰਕਾਰ ਆਪ ਦੇ ਦੁਆਰ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿੱਚ ਕੈਂਪ ਲਗਾਤਾਰ ਜਾਰੀ ਹਨ। ਜਿਸ ਤਹਿਤ ਅੱਜ ਚੇਅਰਮੈਨ ਮਾਰਕਿਟ ਕਮੇਟੀ ਸ. ਅਮਨਦੀਪ ਸਿੰਘ ਬਾਬਾ ਵਲੋਂ ਜ਼ਿਲ੍ਹੇ ਵਿੱਚ ਲਗਾਏ ਗਏ ਕੈਂਪਾਂ ਵਿੱਚ ਸ਼ਿਰਕਤ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਕੈਂਪਾਂ ਦਾ ਛੇਵਾਂ ਦਿਨ ਹੈ ਅਤੇ ਪੰਜਾਬ ਸਰਕਾਰ ਰੋਜ਼ਾਨਾ ਇਨ੍ਹਾਂ ਕੈਂਪਾਂ ਦੀ ਸਮੀਖਿਆ ਕਰ ਰਹੀ ਹੈ, ਤਾਂ ਜੋ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਉਨ੍ਹਾਂ ਦੀਆਂ ਬਰੂਹਾਂ ਤੱਕ ਸਰਕਾਰੀ ਸੁਵਿਧਾਵਾਂ ਦਾ ਲਾਭ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੁਵਿਧਾ ਕੈਂਪਾਂ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਮੌਕੇ ਉਤੇ ਹੀ ਸਬੰਧਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਜਿਸ ਸੇਵਾ ਵਿਚ ਰਿਪੋਰਟ ਆਦਿ ਲੈਣ ਦਾ ਸਮਾਂ ਲੱਗਣਾ ਹੁੰਦਾ ਹੈ, ਉਸ ਲਈ ਆਨ ਲਾਈਨ ਬਿਨੈ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਸੇਵਾਵਾਂ ਦਾ ਲੋਕਾਂ ਨੂੰ ਮੌਕੇ ਤੇ ਹੀ ਲਾਭ ਦਿੱਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ 43 ਡੋਰ-ਟੂ-ਡੋਰ ਸੇਵਾਵਾਂ ਕੈਂਪਾਂ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜ਼ਮੀਨੀ ਪੱਧਰ ਤੱਕ ਸਰਕਾਰੀ ਸੁਵਿਧਾਵਾਂ ਮੁਹੱਈਆ ਕਰਵਾਉਣ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਨੇੜੇ ਲੱਗਣ ਵਾਲੇ ਸੁਵਿਧਾ ਕੈਂਪ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਲਾਹਾ ਲੈਣ।
ਬਲਾਕ ਕੋਟਕਪੂਰਾ ਦੇ ਵਾਰਡ 7,8 ਪਿੰਡ ਨਾਨਕਸਰ ਅਤੇ ਦੇਵੀਵਾਲਾ ਅਤੇ ਬਲਾਕ ਜੈਤੋ ਦੇ ਵਾਰਡ-6 ਪਿੰਡ ਬੁਰਜ ਹਰੀਕਾ,ਰੋਮਾਣਾ ਅਲਬੇਲ ਸਿੰਘ ਵਿਖੇ ਵੀ ਵੱਖ ਨੋਡਲ ਅਫਸਰਾਂ ਦੀ ਅਗਵਾਈ ਵਿੱਚ ਕੈਂਪ ਲਗਾਏ ਗਏ। ਮਿਤੀ 13 ਫ਼ਰਵਰੀ ਨੂੰ ਬਲਾਕ ਫ਼ਰੀਦਕੋਟ ਦੇ ਪਿੰਡ ਚੱਕ ਨਹਿਰਾ,ਝੋਟੀਵਾਲਾ, ਬੁਰਜਮਸਤਾ, ਮਿੱਡੂਮਾਨ, ਬਲਾਕ ਕੋਟਕਪੂਰਾ ਦੇ ਵਾਰਡ ਨੰ-9, ਪਿੰਡ ਔਲਖ, ਚਮੇਲੀ, ਬਲਾਕ ਜੈਤੋ ਦੇ ਵਾਰਡ ਨੰ-7, ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਅਜਿੱਤ ਗਿੱਲ ਵਿਖੇ ਕੈਂਪ ਲਗਾਏ ਜਾਣਗੇ।