← ਪਿਛੇ ਪਰਤੋ
ਯੂਨੀਵਰਸਿਟੀ ਕਾਲਜ ਦੀ ਫ਼ੈਕਲਟੀ ਵੱਲੋਂ ‘ਵਿਗਿਆਨ ਜਾਗਰੂਕਤਾ’ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦਾ ਦੌਰਾ
ਮਨਜੀਤ ਸਿੰਘ ਢੱਲਾ ਜੈਤੋ, 12 ਫਰਵਰੀ 2024-ਸਥਾਨਕ ਯੂਨੀਵਰਸਿਟੀ ਕਾਲਜ ਜੈਤੋ ਦੇ ਪਿ੍ਰੰਸੀਪਲ-ਇੰਚਾਰਜ ਪ੍ਰੋ. ਸ਼ਿਲਪਾ ਕਾਂਸਲ ਵੱਲੋਂ ਗਠਿਤ ਫ਼ੈਕਲਟੀ ਮੈਂਬਰਾਂ ਦੀ ਇਕ ਟੀਮ ਵੱਲੋਂ ਕਾਲਜ ਦੇ ਸੀਨੀਅਰ ਪ੍ਰੋਫ਼ੈਸਰ ਅਤੇ ਸਾਇੰਸ ਵਿੰਗ ਦੇ ਕੋਆਰਡੀਨੇਟਰ ਡਾ. ਪਰਮਿੰਦਰ ਸਿੰਘ ਤੱਗੜ ਦੀ ਅਗਵਾਈ ਵਿਚ ਜੈਤੋ ਸਥਿਤ ਸਰਕਾਰੀ ਸਕੂਲ ਆਫ਼ ਐਮੀਨੈਂਸ ਜੈਤੋ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੈਤੋ ਦਾ ਦੌਰਾ ਕੀਤਾ ਗਿਆ ਜਿਸ ਵਿਚ ਦੋਨਾਂ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨ ਅਤੇ ਸਾਇੰਸ ਲੈਕਚਰਰਜ਼ ਵੱਲੋਂ ਕ੍ਰਮਵਾਰ ਪ੍ਰਿੰਸੀਪਲ ਜਸਵੰਤ ਸਿੰਘ ਬਰਾੜ ਤੇ ਲੈਕਚਰਰ ਸ਼ੈਲੀ ਜੈਨ ਅਤੇ ਪ੍ਰਿੰਸੀਪਲ ਸਿਕੰਦਰ ਸਿੰਘ ਤੇ ਲੈਕਚਰਰ ਪੂਨਮਪਾਲ ਕੌਰ ਨੇ ਭਰਪੂਰ ਸਹਿਯੋਗ ਦਿੱਤਾ। ਇਸ ਦੌਰੇ ਦੇ ਮਕਸਦ ਬਾਰੇ ਬਿਆਨ ਕਰਦਿਆਂ ਡਾ. ਪਰਮਿੰਦਰ ਸਿੰਘ ਤੱਗੜ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ ਦੀ ਵਿਗਿਆਨ-ਖੋਜ ਸਬੰਧੀ ਸੋਚ ’ਤੇ ਪਹਿਰਾ ਦਿੰਦੇ ਹੋਏ ਵਿਗਿਆਨ ਜਾਗਰੂਕਤਾ ਮੁਹਿੰਮ ਵਜੋਂ ਇਹ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ ਅਤੇ ਪੇਂਡੂ ਇਲਾਕੇ ਦੇ ਵਿਗਿਆਨ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕੈਂਪਸ ਵਿਚ ਚਲਦੇ ਏਕੀਕਿ੍ਰਤ ਕੋਰਸਾਂ ਅਤੇ ਕਾਂਸਟੀਚੂਐਂਟ ਕਾਲਜਾਂ ਵਿਚ ਚਲਦੇ ਕੋਰਸਾਂ ਬਾਰੇ ਵੀ ਜਾਣਕਾਰੀ ਦੇਣਾ ਵੀ ਇਸ ਦੇ ਮਕਸਦ ਵਿਚ ਸ਼ਾਮਲ ਹੈ। ਫ਼ਿਜ਼ਿਕਸ ਵਿਭਾਗ ਦੇ ਪ੍ਰੋਫ਼ੈਸਰ ਡਾ. ਦਿਵਯ ਜਯੋਤੀ ਚਾਵਲਾ ਨੇ ਨਾਨ-ਮੈਡੀਕਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਾਇੰਸ ਦੇ ਕਿਸੇ ਵੀ ਖੇਤਰ ਵਿਚ ਜਾਣ ਲਈ ਕਿਹੜੇ-ਕਿਹੜੇ ਕੋਰਸ ਹੋ ਸਕਦੇ ਹਨ ਉਨ੍ਹਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ। ਮੈਡੀਕਲ ਗਰੁੱਪ ਦੇ ਵਿਦਿਆਰਥੀਆਂ ਲਈ ਇਸ ਖੇਤਰ ਵਿਚ ਚਲਦੇ ਕੋਰਸਾਂ ਬਾਰੇ ਪ੍ਰੋ. ਜਸ਼ਨਦੀਪ ਕੌਰ ਵੱਲੋਂ ਵਿਸਤਿ੍ਰਤ ਜਾਣਕਾਰੀ ਮੁਹੱਈਆ ਕਰਵਾਈ ਗਈ। ਕਾਲਜ ਵਿਚ ਚਲਦੀਆਂ ਲਾਇਬਰੇਰੀ ਸੇਵਾਵਾਂ ਬਾਰੇ ਚਾਨਣਾ ਪਾਉਂਦਿਆਂ ਲਾਇਬਰੇਰੀ ਇੰਚਾਰਜ ਮੀਨਾਕਸ਼ੀ ਜੋਸ਼ੀ ਨੇ ਲਾਇਬਰੇਰੀ ਦੀ ਮਹੱਤਤਾ ਬਾਰੇ ਦੱਸਿਆ ਅਤੇ ਯੂਨੀਵਰਸਿਟੀ ਕਾਲਜ ਜੈਤੋ ਵਿਖੇ ਸਥਿਤ ਪਦਮ ਸ੍ਰੀ ਪੋ੍ਰਫ਼ੈਸਰ ਗੁਰਦਿਆਲ ਸਿੰਘ ਲਾਇਬਰੇਰੀ ਵਿਚ ਪੁਸਤਕਾਂ ਜਾਰੀ ਕਰਨ ਦੀ ਪ੍ਰਕਿਰਿਆ ਅਤੇ ਇਸ ਲਾਇਬਰੇਰੀ ਅਧੀਨ ਚਲਦੇ ਬੁੱਕ ਬੈਂਕ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਲਾਇਬਰੇਰੀ ਨੂੰ ਵਿਦਿਅਕ ਸੰਸਥਾ ਦਾ ਦਿਲ ਬਿਆਨ ਕਰਦਿਆਂ ਵਿਦਿਆਰਥੀਆਂ ਨੂੰ ਸਟੀਕ ਜਾਣਕਾਰੀ ਲੈਣ ਲਈ ਪੁਸਤਕਾਂ ਨੂੰ ਅਧਾਰ ਬਨਾਉਣ ਦਾ ਸੁਨੇਹਾ ਦਿੱਤਾ।
Total Responses : 415