NRI ਹਰਪ੍ਰੀਤ ਸਿੰਘ-ਦਲਪ੍ਰੀਤ ਕੌਰ ਨੇ ਸਰਕਾਰੀ ਮਿਡਲ ਸਕੂਲ ਪੱਕਾ ਨੂੰ 11 ਹਜ਼ਾਰ ਦਾਨ ਦਿੱਤੇ
- ਬੱਚਿਆਂ ਨੂੰ ਜੀਵਨ ’ਚ ਕਾਮਯਾਬ ਇਨਸਾਨ ਬਣਨ ਵਾਸਤੇ ਸਖ਼ਤ ਮਿਹਨਤ ਕਰਨ ਲਈ ਕੀਤਾ ਉਤਸ਼ਾਹਿਤ
- ਵਿਦਿਆਰਥੀ ਸਮਨਦੀਪ ਕੌਰ, ਅਮਨਦੀਪ ਕੌਰ ਅਤੇ ਜਸਪਿੰਦਰ ਸਿੰਘ ਨੇ ਸੱਭਿਅਕ ਗੀਤਾਂ ਨਾਲ ਰੰਗ ਬੰਨਿਆ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 22 ਫ਼ਰਵਰੀ 2024 - ਇੰਜਨੀਅਰ ਬਲਤੇਜ ਸਿੰਘ ਤੇਜੀ ਜੌੜਾ, ਉਨ੍ਹਾਂ ਦੇ ਦਮਾਦ ਹਰਪ੍ਰੀਤ ਸਿੰਘ, ਬੇਟੀ ਦਿਲਪ੍ਰੀਤ ਕੌਰ, ਸੇਵਾ ਮੁਕਤ ਇੰਸਪੈਕਟਰ ਪੰਜਾਬ ਪੁਲਿਸ ਸੁਰਿੰਦਰ ਸਿੰਘ ਸ਼ਿੰਦਾ ਅਤੇ ਸਮਾਜ ਸੇਵੀ ਨਾਇਬ ਸਿੰਘ ਪੁਰਬਾ ਸਰਕਾਰੀ ਮਿਡਲ ਸਕੂਲ ਪੱਕਾ ਵਿਖੇ ਪਹੁੰਚੇ। ਇਸ ਮੌਕੇ ਸਕੂਲ ਦੇ ਮੁਖੀ ਜਸਬੀਰ ਸਿੰਘ ਜੱਸੀ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਦਿਆਂ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਕਿ ਪਿਛਲੇ ਸਾਲ ਸਕੂਲ ਦੇ ਤਿੰਨ ਵਿਦਿਆਰਥੀਆਂ ਦੀ ਚੋਣ ਸਕੂਲ ਆਫ਼ ਐਮੀਨੈਂਸ ਫ਼ਰੀਦਕੋਟ ਲਈ ਹੋਈ।
ਸਕੂਲ ਦੇ ਤਿੰਨ ਵਿਦਿਆਰਥੀ ਜ਼ਿਲਾ ਪੱਧਰ ਤੇ ਟੇਬਲ ਟੈਨਿਸ ’ਚ ਜੇਤੂ ਰਹੇ ਤੇ ਰਾਜ ਪੱਧਰ ਤੇ ਜਾਣ ਦਾ ਅਵਸਰ ਮਿਲਿਆ। ਇਸ ਤਰ੍ਹਾਂ ਸਕੂਲ ਦੇ ਵਿਦਿਆਰਥੀਆਂ ਨੇ ਲਗਾਤਾਰ ਤੀਜੇ ਸਾਲ ਸਾਇੰਸ ਵਿਗਿਆਨ ਪ੍ਰਦਰਸ਼ਨੀ ’ਚ ਬਲਾਕ ਪੱਧਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦਾ ਅੱਠਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਸਕੂਲ ਦੇ 44 ਵਿਦਿਆਰਥੀ ਬਹੁਤ ਹੀ ਸ਼ਾਨਦਾਰ ਅੰਕਾਂ ਨਾਲ ਸਫ਼ਲ ਹੋਏ। ਉਨ੍ਹਾਂ ਦੱਸਿਆ ਪ੍ਰਵਾਸੀ ਭਾਰਤੀ ਬੱਚਿਆਂ ਵੱਲੋਂ ਸਰਕਾਰੀ ਹਾਈ ਸਕੂਲ ਪਿੱਪਲੀ ਨੂੰ 15,000 ਰੁਪਏ, ਸਰਕਾਰੀ ਮਿਡਲ ਸਕੂਲ ਪੱਕਾ ਨੂੰ 11,000, ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਨੂੰ 11,000 ਰੁਪਏ ਅਤੇ ਲਾਇਨਜ਼ ਕਲੱਬ ਫ਼ਰੀਦਕੋਟ ਨੂੰ 5100 ਰੁਪਏ ਦਾਨ ਦਿੱਤੇ ਗਏ ਹਨ।
ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ’ਚ ਛੇਵੀਂ ਜਮਾਤ ਦੀ ਵਿਦਿਆਰਥਣ ਸਮਨਦੀਪ ਕੌਰ ਅਤੇ ਅੱਠਵੀਂ ਜਮਾਤ ਦੀ ਵਿਦਿਆਰਥੀ ਅਮਨਦੀਪ ਕੌਰ ਨੇ ‘ਮਾਂ’ ਗੀਤ ਰਾਹੀਂ ਮਨਮੋਹਕ ਆਵਾਜ਼ ’ਚ ਸਭ ਨੂੰ ਭਾਵੁਕ ਕਰ ਦਿੱਤਾ। ਇਸ ਮੌਕੇ ਛੇਵੀਂ ਜਮਾਤ ਦੇ ਵਿਦਿਆਰਥੀ ਜਸਪਿੰਦਰ ਸਿੰਘ ਨੇ ‘ ਮਾਂ ਮੈਂ ਤੇਰਾ ਵਰਗਾ’ ਗੀਤ ਨਾਲ ਭਰਵੀ ਹਾਜ਼ਰੀ ਲਗਵਾਈ। ਇਸ ਮੌਕੇ ਸੰਬੋਧਨ ਕਰਦਿਆਂ ਇੰਜਨੀਅਰ ਬਲਤੇਜ ਸਿੰਘ ਤੇਜੀ ਜੌੜਾ ਨੇ ਕਿਹਾ ਕਿ ਦੂਜੀ ਵਾਰ ਸਕੂਲ ਆਉਣ ਦਾ ਮੌਕਾ ਮਿਲਿਆ ਹੈ। ਸਰਕਾਰੀ ਸਕੂਲ ਦੇ ਬੱਚਿਆਂ ਨੂੰ ਮਿਲ ਕੇ ਅਤੇ ਅਧਿਆਪਕਾਂ ਵੱਲੋਂ ਸਕੂਲ ਤੇ ਵਿਦਿਆਰਥੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਨੂੰ ਵੇਖ ਕੇ ਖੁਸ਼ੀ ਹੋਈ।
ਇਸ ਮੌਕੇ ਕਨੇਡਾ ’ਚ ਸੁਪਰਵਾਈਜ਼ਰ ਵਜੋਂ ਸੇਵਾਵਾਂ ਨਿਭਾ ਰਹੀ ਬੇਟੀ ਦਿਲਪ੍ਰੀਤ ਕੌਰ ਨੇ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਕਰੜੀ ਮਿਹਨਤ ਜ਼ਰੂਰੀ ਹੈ। ਉਨ੍ਹਾਂ ਕਿਹਾ ਦੇਸ਼ ਹੋਵੇ ਜਾਂ ਵਿਦੇਸ਼ ਤੁਸੀਂ ਚੰਗੀ ਸਿੱਖਿਆ ਬਿਨ੍ਹਾਂ ਕਾਮਯਾਬ ਨਹੀਂ ਹੋ ਸਕਦੇ। ਉਨ੍ਹਾਂ ਵਿਦਿਆਰਥੀਆਂ ਨੂੰ ਜੀਵਨ ਨੂੰ ਸ਼ਿੰਗਾਰਨ ਵਾਸਤੇ ਨਿਰੰਤਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਵਾਸੀ ਭਾਰਤੀ ਹਰਪ੍ਰੀਤ ਸਿੰਘ-ਦਿਲਪ੍ਰੀਤ ਕੌਰ ਨੇ 11,000 ਰੁਪਏ ਸਕੂਲ ਭਲਾਈ ਲਈ ਦਿੱਤੇ। ਗੀਤ ਪੇਸ਼ ਕਰਨ ਵਾਲੇ ਬੱਚਿਆਂ ਨੂੰ ਨਗਦ-ਨਗਦ ਇਨਾਮ ਦਿੱਤੇ ਅਤੇ ਭਵਿੱਖ ’ਚ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਸਮਾਜ ਸੇਵੀ ਨਾਇਬ ਸਿੰਘ ਪੁਰਬਾ ਨੇ ਵੀ ਗੀਤ ਗਾਉਣ ਵਾਲੇ ਬੱਚਿਆਂ ਦੀ ਨਗਦ ਇਨਾਮਾਂ ਨਾਲ ਹੌਂਸਲਾ ਅਫ਼ਜ਼ਾਈ ਕੀਤੀ। ਸਕੂਲ ਦੇ ਹਿੰਦੀ ਮਾਸਟਰ ਵਿਕਾਸ ਅਰੋੜਾ ਨੇ ਧੰਨਵਾਦ ਕਰਦਿਆਂ ਕਿ ਇਸ ਤੋਂ ਪਹਿਲਾਂ ਵੀ ਇੰਜ. ਤੇਜੀ ਜੌੜਾ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਖੇਡਾਂ ਦਾ ਸਮਾਨ ਮੁਹੱਈਆ ਕਰਵਾਇਆ ਗਿਆ ਹੈ। ਇਸ ਮੌਕੇ ਸਕੂਲ ਸਟਾਫ਼ ’ਚੋਂ ਕਵਿਤਾ ਸਾਇੰਸ ਮਿਸਟ੍ਰੈਸ ਕਵਿਤਾ ਚਾਵਲਾ, ਹਿਸਾਬ ਮਿਸਟ੍ਰੈਸ ਪ੍ਰਵੀਨ ਲਤਾ, ਐਸ.ਐਸ.ਮਿਸਟ੍ਰੈਸ ਜਸਵਿੰਦਰ ਕੌਰ, ਕੰਪਿਊਟਰ ਫ਼ੈਕਲਟੀ ਸਿਮਰਜੀਤ ਕੌਰ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ। ਅੰਤ ’ਚ ਸਕੂਲ ਸਟਾਫ਼ ਵੱਲੋਂ ਪਹੁੰਚੇ ਸਾਰੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।