ਇਫਕੋ ਲੀਡ ਐਗਰੀਕਲਚਰਲ ਇਨੋਵੇਸ਼ਨ ਦੁਆਰਾ ਡਰੋਨ ਤਕਨਾਲੋਜੀ ਦੀ ਟਰੇਨਿੰਗ ਦੇ ਕੇ ਮਹਿਲਾ ਕਿਸਾਨਾਂ ਦਾ ਕੀਤਾ ਜਾ ਰਿਹਾ ਹੈ ਸਸ਼ਕਤੀਕਰਨ
- ਜ਼ਿਲ੍ਹਾ ਪ੍ਰਸਾਸ਼ਨ ਵਲੋਂ ਬੀ.ਡੀ.ਪੀ.ਓ ਨੇ ਜ਼ਿਲ੍ਹੇ ਦੀ ਪਹਿਲੀ ਡਰੋਨ ਚਾਲਕ ਨੂੰ ਭਵਿੱਖ ਦੀਆਂ ਜ਼ਿੰਮੇਵਾਰੀਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ
- ਇਸ ਸਕੀਮ ਦਾ ਮੁੱਖ ਮੰਤਵ ਔਰਤਾਂ ਦਾ ਸਸ਼ਕਤੀਕਰਨ ਅਤੇ ਉਹਨਾਂ ਦੀਆਂ ਸਮਾਜਿਕ ਅਤੇ ਆਰਥਿਕ ਸਥਿਤੀਆਂ 'ਤੇ ਸਕਾਰਾਤਮਕ ਪ੍ਰਭਾਵ ਪਾਉਣਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 23 ਫਰਵਰੀ 2024 - ਜੀ.ਟੀ. ਭਾਰਤ ਅਤੇ ਐਚ.ਡੀ.ਐਫ.ਸੀ ਬੈਂਕ ਪਰਿਵਰਤਨ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ - ਮਹਿਲਾ ਕਿਸਾਨ ਡਰੋਨ ਕੇਂਦਰ (PMDK) ਯੋਜਨਾ ਦੇ ਤਹਿਤ ਸਫਲਤਾਪੂਰਵਕ ਪੰਜਾਬ ਦੀਆਂ ਮਹਿਲਾ ਕਿਸਾਨਾਂ ਨੂੰ ਹੁਨਰਮੰਦ ਡਰੋਨ ਪਾਇਲਟ ਵਜੋਂ ਪ੍ਰਮਾਣਿਤ ਕਰਕੇ ਆਧੁਨਿਕ ਤਕਨਾਲੋਜੀ ਨੂੰ ਰਵਾਇਤੀ ਖੇਤੀ ਅਭਿਆਸਾਂ ਵਿੱਚ ਨਿਰਵਿਘਨ ਜੋੜਿਆ ਹੈ।
ਮਲੇਰਕੋਟਲਾ ਦੇ ਅਮਰਗੜ੍ਹ ਬਲਾਕ ਦੇ ਰਾਮਪੁਰ ਭਿੰਡਰਾਂ ਦੀ ਗਗਨਪ੍ਰੀਤ ਕੌਰ ਨੇ ਹਰਿਆਣਾ ਦੇ ਮਾਨੇਸਰ ਵਿੱਚ ਪ੍ਰਧਾਨ ਮੰਤਰੀ ਮਹਿਲਾ ਕਿਸਾਨ ਡਰੋਨ ਕੇਂਦਰ ਵਿੱਚ ਇਫਕੋ ਦੁਆਰਾ ਪ੍ਰਦਾਨ ਕੀਤੀ ਗਈ 15 ਦਿਨ ਦੀ ਡਰੋਨ ਦੀ ਵਰਤੋਂ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਾਅਦ ਜ਼ਿਲ੍ਹੇ ਦੀ ਪਹਿਲੀ ਡਰੋਨ ਚਾਲਕ ਹੋਣ ਦਾ ਮਾਣ ਹਾਸਲ ਕੀਤਾ ਹੈ। ਗਗਨਪ੍ਰੀਤ ਕੌਰ ਨੇ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀਮਤੀ ਰਪਿੰਦਰ ਕੌਰ ਨਾਲ ਮੁਲਾਕਾਤ ਕਰਕੇ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਦਾ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਜੀ.ਟੀ ਭਾਰਤ ,ਐਚ.ਡੀ.ਐਫ.ਸੀ ਬੈਂਕ ਪਰਿਵਰਤਨ ਅਤੇ ਇਫਕੋ ਦੇ ਸਹਿਯੋਗ ਨਾਲ ਅੱਜ ਗਗਨਪ੍ਰੀਤ ਕੌਰ ਨੂੰ ਇੱਕ ਡਰੋਨ, ਡਰੋਨ ਬੈਟਰੀਆਂ ,ਜਰਨੇਟਰ,ਈ.ਵੀ ਵਹੀਕਲ, ਬੈਟਰੀਆਂ ਅਤੇ ਚਾਰਜਰ ਆਦਿ ਭੇਂਟ ਕੀਤਾ ਜੋਕਿ ਉਸਦੇ ਟਿਕਾਊ ਅਤੇ ਖੁਸ਼ਹਾਲ ਭਵਿੱਖ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਸਾਬਤ ਹੋਣਗੇ ।
ਜ਼ਿਲ੍ਹਾ ਪ੍ਰਸਾਸ਼ਨ ਵਲੋਂ ਵਿਕਾਸ ਤੇ ਪੰਚਾਇਤ ਅਫ਼ਸਰ ਕਮ ਮਿਸ਼ਨ ਡਾਇਰੈਕਟਰ ਪੀ.ਐਸ.ਆਰ.ਐਮ ਸ੍ਰੀਮਤੀ ਰਪਿੰਦਰ ਕੌਰ ਨੇ ਗਗਨਪ੍ਰੀਤ ਕੌਰ ਨੂੰ ਭਵਿੱਖ ਦੀਆਂ ਜ਼ਿੰਮੇਵਾਰੀਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਹੁਣ ਗਗਨਪ੍ਰੀਤ ਆਪਣੇ ਇਲਾਕੇ ਦੇ ਕਿਸਾਨਾਂ ਦੇ ਖੇਤਾਂ ਵਿੱਚ ਡਰੋਨ ਦੀ ਵਰਤੋਂ ਨਾਲ ਸਪਰੇਅ ਕਰਕੇ ਆਪਣੀ ਪਰਿਵਾਰ ਆਮਦਨ ਵਿੱਚ ਵਾਧਾ ਕਰਕੇ ਆਪਣੇ ਅਤੇ ਆਪਣੀ ਪਰਿਵਾਰਕ ਦਾ ਆਰਥਿਕ ਪੱਧਰ ਉੱਚਾ ਚੁੱਕਣ ਵਿੱਚ ਅਹਿਮ ਭੂਮਿਕਾ ਨਿਭਾਏਗੀ ਅਤੇ ਪਰਿਵਾਰ ਅਤੇ ਸਮਾਜ ਵਿੱਚ ਸਨਮਾਨ ਨਾਲ ਮੋਢੇ ਨਾਲ ਮੋਢਾ ਚੁੱਕ ਕੇ ਆਪਣੇ ਕਦਮ ਅੱਗੇ ਖੁਸਹਾਲੀ ਵੱਲ ਵਧਾਏਗੀ ।
ਸਟੇਟ ਹੈੱਡ ਇਫਕੋ ਹਰਮੇਲ ਸਿੰਘ ਸਿੱਧੂ ਨੇ ਕਿਹਾਕਿ ਵਿਕਸ਼ਿਤ ਭਾਰਤ ਸੰਕਲਪ ਯਾਤਰਾ ਦੌਰਾਨ ਨਵੀਨਤਮ ਖੇਤੀਬਾੜੀ ਡਰੋਨਾਂ ਦਾ ਪ੍ਰਦਰਸ਼ਨ ਕੀਤਾ ਗਿਆ ਸੀ। ਜੋ ਕਿ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਸਨ ਇਹ ਡਰੋਨ ਖੇਤੀਬਾੜੀ ਅਭਿਆਸਾਂ ਦੇ ਆਧੁਨਿਕੀਕਰਨ ਵਿੱਚ ਇੱਕ ਮਹੱਤਵਪੂਰਨ ਕਦਮ ਨੂੰ ਦਰਸਾਉਂਦੇ ਹਨ। ਉਨ੍ਹਾਂ ਹੋਰ ਕਿਹਾ ਕਿ ਇਸ ਯੋਜਨਾ ਤਹਿਤ ਸਰਕਾਰ ਵਲੋਂ ਕਰੀਬ 15 ਹਜਾਰ ਔਰਤਾਂ ਦੀ ਅਗਵਾਈ ਵਾਲੇ ਸਵੈ ਸਹਾਇਤਾ ਗਰੁੱਪਾ ਨੂੰ ਮੁਫ਼ਤ ਡਰੋਨ ਪ੍ਰਦਾਨ ਕਰਨ ਲਈ ਵਚਨਬੱਧ ਕੀਤਾ ਹੈ। ਇਹ ਪਹਿਲਕਦਮੀ ਖੇਤੀਬਾੜੀ ਵਿੱਚ ਔਰਤਾਂ ਦੇ ਸਸ਼ਕਤੀਕਰਨ ਅਤੇ ਆਰਥਿਕ ਸੁਤੰਤਰਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਮੌਕੇ ਮਨਪ੍ਰੀਤ ਸਿੰਘ ਟੀਮ ਲੀਡਰ ਅਤੇ ਪੰਜਾਬ ਜੀ.ਟੀ. ਦੇ ਮੈਨੇਜਰ ਨੇ ਦੱਸਿਆ ਕਿ ਇਸ ਦਾ ਮੁੱਖ ਮੰਤਵ ਔਰਤਾਂ ਦਾ ਸਸ਼ਕਤੀਕਰਨ ਅਤੇ ਉਹਨਾਂ ਦੀਆਂ ਸਮਾਜਿਕ ਅਤੇ ਆਰਥਿਕ ਸਥਿਤੀਆਂ 'ਤੇ ਸਕਾਰਾਤਮਕ ਪ੍ਰਭਾਵ ਪਾਉਣਾ ਹੈ।