ਪੰਜਾਬ ਉਰਦੂ ਅਕੈਡਮੀ ਮਾਲੇਰਕੋਟਲਾ ਵੱਲੋਂ ਸਾਲਾਨਾ ਇਨਾਮ ਵੰਡ ਤੇ ਸਨਮਾਨ ਸਮਾਰੋਹ ਭਲਕੇ 24 ਫ਼ਰਵਰੀ ਨੂੰ
- ਵੱਖੋ ਵੱਖ ਖੇਤਰਾਂ ਵਿੱਚ ਨਾਮ ਨਾ ਖੱਟਣ ਵਾਲੀਆਂ ਸ਼ਖਸ਼ੀਅਤਾਂ ਅਤੇ ਵਿਦਿਆਰਥੀਆਂ ਦਾ ਕੀਤਾ ਜਾਵੇਗਾ ਵਿਸ਼ੇਸ਼ ਸਨਮਾਨ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 23 ਫ਼ਰਵਰੀ 2024 - ਪੰਜਾਬ ਉਰਦੂ ਅਕੈਡਮੀ ਮਾਲੇਰਕੋਟਲਾ (ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ, ਪੰਜਾਬ ਸਰਕਾਰ) ਦੇ ਵੱਲੋਂ ਸਾਲਾਨਾ ਇਨਾਮ ਵੰਡ ਤੇ ਸਨਮਾਨ ਸਮਾਰੋਹ ਅਤੇ ਅਕੈਡਮੀ ਦੀਆਂ ਪ੍ਰਕਾਸ਼ਿਤ ਪੁਸਤਕਾਂ ਦੀ ਮੁੱਖ ਦਿਖਾਈ ਦਾ ਆਯੋਜਨ ਅੱਜ ਮਿਤੀ: 24 ਫ਼ਰਵਰੀ 2024 ਦਿਨ ਸ਼ਨੀਵਾਰ ਸਵੇਰੇ 10:30 ਵਜੇ ਇਕਬਾਲ ਆਡੀਟੋਰੀਅਮ, ਪੰਜਾਬ ਉਰਦੂ ਅਕੈਡਮੀ,ਮਾਲੇਰਕੋਟਲਾ ਵਿਖੇ ਕੀਤਾ ਜਾ ਰਿਹਾ ਹੈ। ਇਸ ਵਿਸ਼ਾਲ ਸਾਮਗਮ ਵਿੱਚ ਮੁੱਖ ਮਹਿਮਾਨ ਵੱਜੋਂ ਸ. ਕੁਲਤਾਰ ਸਿੰਘ ਸੰਧਵਾਂ ਜੀ, ਮਾਨਯੋਗ ਸਪੀਕਰ, ਪੰਜਾਬ ਵਿਧਾਨ ਸਭਾ, ਚੰਡੀਗੜ੍ਹ ਅਤੇ ਪ੍ਰਧਾਨਗੀ ਲਈ ਡਾ.ਮੁਹੰਮਦ ਜਮੀਲ-ਉਰ-ਰਹਿਮਾਨ,ਐਮ.ਐਲ.ਏ.ਮਾਲੇਰਕੋਟਲਾ ਤੇ ਵਾਈਸ ਚੇਅਰਮੈਨ, ਪੰਜਾਬ ਉਰਦੂ ਅਕੈਡਮੀ ਮਾਲੇਰਕੋਟਲਾ ਸ਼ਿਰਕਤ ਕਰਨਗੇ। ਇਸ ਮੌਕੇ ਸਾਹਿਤਕ ਸਮਾਗਮ ਦਾ ਵੀ ਖ਼ਾਸ ਆਯੋਜਨ ਕੀਤਾ ਜਾਵੇਗਾ।
ਸਾਲਾਨਾ ਸਮਾਰੋਹ ਦੇ ਇਸ ਸੂਬਾ ਪੱਧਰੀ ਸਮਾਗਮ ਵਿੱਚ ਅਕੈਡਮੀ ਵੱਲੋਂ ਆਜੀਵਨ ਉਪਲਬਧੀ ਪੁਰਸਕਾਰ ਦੇ ਨਾਲ-ਨਾਲ ਸਆਦਤ ਹਸਨ ਮੰਟੋ ਉਰਦੂ ਵਾਰਤਕ ਪੁਰਸਕਾਰ, ਕ੍ਰਿਸ਼ਨ ਚੰਦਰ ਉਰਦੂ ਵਾਰਤਕ ਪੁਰਸਕਾਰ ਤੇ ਰਾਜਿੰਦਰ ਸਿੰਘ ਬੇਦੀ ਉਰਦੂ ਵਾਰਤਕ ਪੁਰਸਕਾਰ ਅਤੇ ਅੱਲਾਮਾ ਇਕਬਾਲ ਉਰਦੂ ਕਾਵਿ ਪੁਰਸਕਾਰ, ਤਲੋਕ ਚੰਦ ਮਹਿਰੂਮ ਉਰਦੂ ਕਾਵਿ ਪੁਰਸਕਾਰ ਤੇ ਕੰਵਰ ਮਹਿੰਦਰ ਸਿੰਘ ਬੇਦੀ ਉਰਦੂ ਵਾਰਤਕ ਪੁਰਸਕਾਰਾਂ ਨਾਲ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਕੈਡਮੀ ਦੀਆਂ ਪ੍ਰਕਾਸ਼ਿਤ ਪੁਸਤਕਾਂ ਦੀ ਮੁੱਖ ਦਿਖਾਵੀ ਵੀ ਕੀਤੀ ਜਾਵੇਗੀ। ਇਸ ਸਾਮਗਮ ਵਿੱਚ ਅਕੈਡਮੀ ਦੀ ਵਿੱਤੀ ਸਹਾਇਤਾ ਨਾਲ ਸਾਹਿਤਕ ਸਮਾਗਮਾਂ ਦਾ ਆਯੋਜਨ ਕਰਨ ਵਾਲੀਆਂ ਸਭਾ-ਸੁਸਇਟੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਆਰਥੀ ਜਿਨ੍ਹਾਂ ਵਿੱਚ ਐਮ.ਏ. ਉਰਦੂ, ਗਰੈਜੂਏਸ਼ਨ, ਬਾਰ੍ਹਵੀਂ ਅਤੇ ਦਸਵੀਂ ਸ਼੍ਰੇਣੀ ਵਿੱਚ ਉਰਦੂ ਵਿਸ਼ੇ ਵਿੱਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਆਂਰਥੀਆਂ ਨੂੰ ਵੀ ਇਨਾਮ ਤੇ ਸਨਮਾਨ ਕੀਤਾ ਜਾਵੇਗਾ।