ਸੂਬੇ ਭਰ ਵਿਚ ਪੰਜਾਬ ਉਰਦੂ ਅਕੈਡਮੀ ਮਲੇਰਕੋਟਲਾ ਵੱਲੋਂ ਚਲਾਏ ਜਾ ਰਹੇ ਉਰਦੂ ਸਿੱਖਿਆ ਕੇਂਦਰਾਂ ਦੀ ਪ੍ਰੀਖਿਆ ਹੋਈ ਮੁਕੰਮਲ
- ਕੇਂਦਰਾਂ ਵਿੱਚ ਕੁੱਲ 250 ਵਿਦਆਰਥੀਆਂ ਨੇ ਉਰਦੂ ਸਿੱਖਣ ਲਈ ਲਿਆ ਸੀ ਦਾਖ਼ਲਾ
- ਜਲਦੀ ਹੀ ਘੋਸ਼ਿਤ ਕੀਤੇ ਜਾਣਗੇ ਨਤੀਜੇ: ਮੁਹੰਮਦ ਸਾਦਿਕ ਥਿੰਦ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 27 ਫ਼ਰਵਰੀ 2024 - ਪੰਜਾਬ ਉਰਦੂ ਅਕੈਡਮੀ ਮਾਲੇਰਕੋਟਲਾ (ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ, ਪੰਜਾਬ ਸਰਕਾਰ) ਉਰਦੂ ਭਾਸ਼ਾ ਤੇ ਸਾਹਿਤ ਨੂੰ ਪ੍ਰ੍ਰਫੁੱਲਤ ਕਰਨ ਲਈ ਸ. ਭਗਵੰਤ ਸਿੰਘ ਮਾਨ, ਮਾਨਯੋਗ ਮੁੱਖ ਮੰਤਰੀ ਜੀ, ਪੰਜਾਬ ਸਰਕਾਰ ਤੇ ਚੇਅਰਮੈਨ ਪੰਜਾਬ ਉਰਦੂ ਅਕੈਡਮੀ ਦੀ ਸਰਪ੍ਰਸਤੀ, ਸ. ਹਰਜੋਤ ਸਿੰਘ ਬੈਂਸ, ਮਾਨਯੋਗ ਮੰਤਰੀ ਜੀ, ਉਚੇਰੀ ਸਿੱਖਿਆ ਤੇ ਭਾਸ਼ਾਵਾ ਵਿਭਾਗ, ਪੰਜਾਬ ਸਰਕਾਰ ਤੇ ਸੀ. ਵਾਈਸ ਚੇਅਰਮੈਨ, ਪੰਜਾਬ ਉਰਦੂ ਅਕੈਡਮੀ ਦੀ ਰਹਿਨੁਮਾਈ ਅਤੇ ਡਾ. ਮੁਹੰਮਦ ਜਮੀਲ-ਉਰ-ਰਹਿਮਾਨ ਸਾਹਿਬ, ਐਮ.ਐਲ.ਏ., ਮਾਲੇਰਕੋਟਲਾ ਤੇ ਵਾਈਸ ਚੇਅਰਮੈਨ, ਪੰਜਾਬ ਉਰਦੂ ਅਕੈਡਮੀ ਦੀ ਜ਼ੇਰ-ਏ-ਕਿਆਦਤ ਬੇਹਤਰੀਨ ਭੂਮਿਕਾ ਦਾ ਪ੍ਰਦਸ਼ਣ ਕਰ ਰਹੀ ਹੈ। ਅਕੈਡਮੀ ਵੱਲੋਂ ਜਿੱਥੇ ਉਰਦੂ ਭਾਸ਼ਾ ਤੇ ਸਾਹਿਤ ਦੇ ਪ੍ਰਸਾਰ ਲਈ ਵੱਖ-ਵੱਖ ਸਕੀਮਾਂ ਨਾਲ ਸਾਹਿਤਕਾਰਾਂ ਤੇ ਕਵੀਆਂ ਦਾ ਸਨਮਾਨ ਅਤੇ ਉਹਨਾਂ ਦੀਆਂ ਪੁਸਤਕਾਂ ਦਾ ਪ੍ਰਕਾਸ਼ਨ ਕੀਤਾ ਜਾਂਦਾ ਹੈ ਉੱਥੇ ਹੀ ਪੰਜਾਬ ਦੀਆਂ ਸਾਹਿਤਕ ਸਭ-ਸੁਸਾਇਟੀਆਂ ਦੇ ਸਹਿਯੋਗ ਨਾਲ ਸਾਹਿਤਕ ਸਮਾਗਮਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ।
ਅਕੈਡਮੀ ਦੇ ਇੰਚਾਰਜ ਅਤੇ ਕੰਟਰੋਲਰ ਪ੍ਰੀਖਿਆਵਾਂ ਸ਼੍ਰੀ ਮੁਹੰਮਦ ਸਾਦਿਕ ਥਿੰਦ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਹਿਤਕ ਸਮਾਗਮਾਂ ਦੇ ਆਯੋਜਨ ਦੇ ਨਾਲ-ਨਾਲ ਅਕੈਡਮੀ ਵੱਲੋਂ ਉਰਦੂ ਭਾਸ਼ਾ ਸਿੱਖਣ ਅਤੇ ਲਿਖਣ-ਪੜ੍ਹਣ ਲਈ ਵੀ ਪਿਛਲੇ ਸਾਲ ਤੋਂ ਪੰਜਾਬ ਦੇ ਅੱਠ ਜ਼ਿਲ੍ਹਆਂ ਦੇ ਸਰਕਾਰੀ ਕਾਲਜਾਂ ਵਿੱਚ ਮੁੱਢਲੀ ਉਰਦੂ ਸਿੱਖਿਆਂ ਦੇਣ ਲਈ ਉਰਦੂ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਸੀ। ਇਹਨਾਂ ਕੇਂਦਰਾਂ ਵਿੱਚ ਕੁੱਲ 250 ਵਿਦਆਰਥੀਆਂ ਨੇ ਉਰਦੂ ਸਿੱਖਣ ਲਈ ਦਾਖ਼ਲਾ ਲਿਆ ਸੀ। ਅਕੈਡਮੀ ਦੇ ਉਕਤ ਸਿੱਖਿਆ ਕੇਂਦਰਾਂ ਵਿੱਚ ਹਾਲ ਦੀ ਘੜੀ ਛੇ-ਮਾਹੀ ਉਰਦੂ ਸਰਟੀਫਿਕੇਟ ਕੋਰਸ 01,ਸਤੰਬਰ-2023 ਤੋਂ ਸ਼ੁਰੂ ਕੀਤਾ ਗਿਆ ਸੀ।
ਇਸ ਕੋਰਸ ਲਈ ਦਾਖ਼ਲ ਹੋਏ ਵਿਿਦਆਰਥੀਆਂ ਦੀ ਕੱਲ੍ਹ ਮਿਤੀ: 26.02.2024 ਨੂੰ ਫ਼ਾਈਨਲ ਲਿਖਤੀ ਪ੍ਰੀਖਿਆ ਲਈ ਗਈ। ਪ੍ਰੀਖਿਆ ਲੈਣ ਲਈ ਅਕੈਡਮੀ ਵੱਲੋਂ ਪ੍ਰੋ: ਤਨਵੀਰ ਅਹਿਮਦ (ਸੰਗਰੂਰ), ਡਾ. ਸਾਲਿਕ ਜਮੀਲ (ਰੂਪਨਗਰ), ਡਾ. ਮੁਹੰਮਦ ਅਸ਼ਰਫ਼ (ਅੰਮ੍ਰਿਤਸਰ), ਸ਼੍ਰੀ ਅਮੀਨ ਚੌਹਾਨ (ਲੁਧਿਆਣਾ), ਪ੍ਰੋ: ਮੁਹੰਮਦ ਜਮੀਲ (ਪਟਿਆਲਾ), ਸ਼੍ਰੀ ਮਲਕੀਤ ਸਿੰਘ ਮਛਾਣਾ (ਬਠਿੰਡਾ), ਡਾ. ਮੁਹੰਮਦ ਸ਼ਫ਼ੀਕ ਥਿੰੰਦ (ਗੁਰਦਾਸਪੁਰ) ਅਤੇ ਸ਼੍ਰੀ ਮੁਹੰਮਦ ਸਈਦ (ਮਾਲੇਰਕੋਟਲਾ) ਸਿੱਖਿਆ ਕੇਂਦਰਾਂ ਲਈ ਪ੍ਰੀਖਿਆ ਨਿਗਰਾਨ ਨਿਯੁਕਤ ਕੀਤਾ ਗਿਆ। ਉਕਤ ਕਰਵਾਈ ਗਈ ਪ੍ਰੀਖਿਆ ਦੇ ਨਤੀਜੇ ਜਲਦ ਹੀ ਘੋਸ਼ਿਤ ਕਰ ਦਿੱਤੇ ਜਾਣਗੇ। ਵਰਣਨਯੋਗ ਹੈ ਕਿ ਇਹ ਉਰਦੂ ਕੋਰਸ ਇੱਕ ਸਤੰਬਰ 2024 ਤੋਂ ਦੁਬਾਰਾ ਸ਼ੁਰੂ ਕੀਤਾ ਜਾਵੇਗਾ।