ਅੱਗ ਲੱਗਣ ਕਾਰਨ ਕਾਰ ਸੜ ਕੇ ਹੋਈ ਸੁਆਹ, ਜਾਨੀ ਨੁਕਸਾਨ ਤੋਂ ਬਚਾਅ
ਮਲਕੀਤ ਸਿੰਘ ਮਲਕਪੁਰ
ਲਾਲੜੂ 2 ਮਾਰਚ 2024: ਲਾਲੜੂ-ਹੰਡੇਸਰਾ ਸੰਪਰਕ ਸੜਕ ਉੱਤੇ ਪੈਟਰੋਲ ਪੰਪ ਨੇੜੇ ਅਚਾਨਕ ਅੱਗ ਲੱਗਣ ਕਾਰਨ ਇੱਕ ਕਾਰ ਪੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਮੌਕੇ 'ਤੇ ਪੁੱਜੀ ਅੱਗ ਬੁਝਾਉਣ ਵਾਲੀ ਗੱਡੀ ਨੇ ਅੱਗ 'ਤੇ ਕਾਬੂ ਪਾਇਆ। ਕਾਰ ਦੇ ਮਾਲਕ ਰਣਧੀਰ ਸਿੰਘ ਗੋਲਡੀ ਪਿੰਡ ਲਾਲੜੂ ਨੇ ਦੱਸਿਆ ਕਿ ਉਸ ਦਾ ਪਿਛਲੇ 12- 13 ਸਾਲ ਤੋਂ ਡੀਜੇ ਦਾ ਕੰਮ ਹੈ ਤੇ ਉਹ ਰਾਤੀ ਕਰੀਬ 11 ਵਜੇ ਮਲਕਪੁਰ ਤੋਂ ਆਪਣੇ ਘਰ ਲਾਲੜੂ ਜਾ ਰਿਹਾ ਸੀ , ਜਦੋਂ ਉਹ ਬੱਲੋਪੁਰ ਤੋਂ ਲਾਲੜੂ ਵੱਲ ਪੈਟਰੋਲ ਪੰਪ ਨੇੜੇ ਪੁੱਜਾ ਤਾਂ ਉਸ ਦੀ ਕਾਰ ਅਚਾਨਕ ਬੰਦ ਹੋ ਗਈ, ਜਦੋਂ ਉਸ ਨੇ ਕਾਰ ਤੋਂ ਥੱਲੇ ਉਤਰ ਕੇ ਦੇਖਿਆ ਤਾਂ ਉਸ ਦੇ ਇੰਜਣ ਵਿਚੋਂ ਧੂਆਂ ਨਿਕਲ ਰਿਹਾ ਸੀ ਅਤੇ ਉਹ ਅੱਗ ਬੁਝਾਉਣ ਦਾ ਯਤਨ ਕਰਨ ਲੱਗਾ, ਪਰ ਅੱਗ ਜਿਆਦਾ ਹੋਣ ਕਰਕੇ ਅੱਗ ਨੇ ਕਾਰ ਨੇ ਲਪੇਟ ਵਿੱਚ ਲਿਆ ਅਤੇ ਉਸ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਰਣਧੀਰ ਦਾ ਕਹਿਣਾ ਸੀ ਕਿ ਅੱਗ ਇੰਨੀ ਤੇਜ਼ ਸੀ ਕਿ ਫਾਇਰ ਬ੍ਰਿਗੇਡ ਦੀ ਗੱਡੀ ਆਉਣ ਤੋਂ ਪਹਿਲਾਂ-ਪਹਿਲਾਂ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ। ਉਸ ਨੇ ਕਿਹਾ ਕਿ ਪ੍ਰਮਾਤਮਾ ਦਾ ਸ਼ੁਕਰ ਰਿਹਾ ਕਿ ਉਸ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।