ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ, ਫਰੀਦਕੋਟ ’ਚ ਸ਼ਲਾਘਾਯੋਗ ਸੁਧਾਰ ਹੋ ਰਹੇ ਹਨ:ਆਈ.ਐਮ.ਏ
- ਆਈ ਐਮ ਏ ਨੇ ਵਾਈਸ ਚਾਂਸਲਰ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 2 ਅਪ੍ਰੈਲ 2024 - ਭਾਰਤ ਦੇ ਪ੍ਰਸਿੱਧ ਯੂਰੋਲੋਜਿਸਟ ਡਾ:ਰਾਜੀਵ ਸੂਦ ਦੇ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਯੂਨੀਵਰਸਿਟੀ ਅਤੇ ਮੈਡੀਕਲ ਹਸਪਤਾਲ ਵਿਚ ਚਾਰੇ ਪਾਸੇ ਵੱਡੇ ਪੱਧਰ ‘ਤੇ ਸੁਧਾਰ ਦੇਖਣ ਨੂੰ ਮਿਲ ਰਹੇ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਾ: ਸੰਜੀਵ ਗੋਇਲ ਆਈ ਸਰਜਨ ਜੋ ਕਿ ਪੰਜਾਬ ਆਈ.ਐਮ.ਏ ਦੇ ਸੀਨੀਅਰ ਮੀਤ ਪ੍ਰਧਾਨ ਵੀ ਹਨ, ਨੇ ਆਈ.ਐਮ.ਏ ਫਰੀਦਕੋਟ ਦੀ ਮੀਟਿੰਗ ਦੌਰਾਨ ਕੀਤਾ ਉਨ੍ਹਾਂ ਕਿਹਾ ਬਾਬਾ ਫਰੀਦ ਯੂਨੀਵਰਸਿਟੀ ਭਾਰਤ ਦੀ ਪਹਿਲੀ ਗਰੀਨ ਕੈਂਪਸ ਯੂਨੀਵਰਸਿਟੀ ਬਣਨ ਜਾ ਰਹੀ ਹੈ। ਹਸਪਤਾਲ ਵਿੱਚ ਪਹਿਲੀ ਵਾਰ ਸੁਪਰਸ਼ਪੈਸਲਿਸਟ ਯੂਰੋਲੋਜੀ ਵਿਭਾਗ ਸੁਰੂ ਕੀਤਾ ਗਿਆ ਹੈ ਅਤੇ ਜਲਦੀ ਹੀ ਸੁਪਰਸਪੈਸ਼ਲਿਸਟ ਵਿਭਾਗ ਸੁਰੂ ਹੋਣ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਫਰੀਦਕੋਟ ਦੇ ਇਤਿਹਾਸ ਚ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਵੱਖ-ਵੱਖ ਵਿਭਾਗਾਂ ਅੰਦਰ ਡਾਕਟਰਾਂ ਦੀ ਭਰਤੀ ਲਈ ਲਏ ਗਏ ਇੰਟਰਵਿਊ ਵਿੱਚ ਹਰੇਕ ਅਹੁਦੇ ਲਈ ਦਸ ਤੋਂ ਵੱਧ ਉਮੀਦਵਾਰ ਹਾਜ਼ਰ ਹੋਏ। ਇਹ ਸਭ ਡਾ: ਰਾਜੀਵ ਸੂਦ ਦੀ ਬਦੌਲਤ ਹੈ। ਉਨ੍ਹਾਂ ਕਿਹਾ ਕਿ ਡਾ: ਰਾਜੀਵ ਸੂਦ ਉਚਕੋਟੀ ਦੇ ਡਾਕਟਰ ਹੋਣ ਦੇ ਨਾਲ ਆਈ.ਐਮ.ਏ ਦਿੱਲੀ ਦੇ ਸੀਨੀਅਰ ਮੀਤ ਪ੍ਰਧਾਨ ਵੀ ਹਨ। ਜਿਨ੍ਹਾਂ ਨੇ ਭਾਰਤ ਸਰਕਾਰ ਨਾਲ ਨਿਰੰਤਰ ਮੀਟਿੰਗਾਂ ਕਰਕੇ ਡਾਕਟਰਾਂ ਨੂੰ ਉਨ੍ਹਾਂ ਦੇ ਹੱਕ, ਸੁਰੱਖਿਆ ਅਤੇ ਆਈ.ਪੀ.ਏ. ਪੰਜਵੇਂ, ਛੇਵੇਂ ਅਤੇ ਸੱਤਵੇਂ ਤਨਖਾਹ ਕਮਿਸਨ ਚ ਡਾਕਟਰਾਂ ਦੇ ਅਧਿਕਾਰਾਂ ’ਚ ਲੋੜੀਂਦੀਆਂ ਸੋਧਾਂ ਕਰਵਾਈਆਂ। ਬਾਬਾ ਫਰੀਦ ਯੂਨੀਵਰਸਿਟੀ ਅੰਦਰ ਵੀ ਉਨ੍ਹਾਂ ਨੇ ਆਪਣੀ ਉੱਚੀ ਸੋਚ ਨਾਲ ਡਾਕਟਰਾਂ ਅਤੇ ਸਟਾਫ ਲਈ ਜੋ ਸੁਧਾਰ ਸੁਰੂ ਕੀਤੇ ਹਨ, ਉਹ ਸ਼ਲਾਘਾਯੋਗ ਹਨ। ਉਨ੍ਹਾਂ ਦੀ ਦੂਰਅੰਦੇਸ਼ੀ ਸਦਕਾ ਹੁਣ ਯੂਨੀਵਰਸਿਟੀ ਚ ਪੈਰਾਸਾਇੰਸ ਕੋਰਸ ਸ਼ੁਰੂ ਕੀਤੇ ਗਏ ਹਨ।
ਜਿਸ ਰਾਹੀਂ ਲੋਕਾਂ ਨੂੰ ਐਲੋਪੈਥੀ ਦੇ ਨਾਲ-ਨਾਲ ਔਸਧੀ ਪੌਦਿਆਂ ਸਬੰਧੀ ਜਾਣਕਾਰੀ ਅਤੇ ਲਾਭ ਪ੍ਰਾਪਤ ਹੋਣਗੇ। ਫਰੀਦਕੋਟ ਆਈ.ਐਮ.ਏ ਦੇ ਪ੍ਰਧਾਨ ਡਾ.ਐਸ.ਐਸ.ਬਰਾੜ ਨੇ ਕਿਹਾ ਕਿ ਸਾਡੇ ਇਲਾਕੇ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਡਾ: ਰਾਜੀਵ ਸੂਦ ਵਰਗੇ ਮਹਾਨ ਡਾਕਟਰ ਨੇ ਦਿੱਲੀ ਵਰਗੇ ਆਧੁਨਿਕ ਸ਼ਹਿਰ ਨੂੰ ਛੱਡ ਕੇ ਸਾਡੇ ਛੋਟੇ ਜਿਹੇ ਸ਼ਹਿਰ ਨੂੰ ਸੇਵਾ ਕਰਨ ਲਈ ਚੁਣਿਆ ਹੈ। ਉਨ੍ਹਾਂ ਆਈਐਮਏ ਦੀ ਤਰਫੋਂ ਵਾਈਸ ਚਾਂਸਲਰ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੀਟਿੰਗ ’ਚ ਡਾ: ਬਿਮਲ ਗਰਗ ਸਕੱਤਰ, ਡਾ:ਪਰਵੀਨ ਗੁਪਤਾ ਵਿੱਤ ਸਕੱਤਰ, ਡਾ ਆਰ.ਕੇ.ਆਨੰਦ, ਡਾ:ਰਵਿੰਦਰ ਗੋਇਲ, ਡਾ: ਚੰਦਰ ਸੇਖਰ ਕੱਕੜ, ਡਾ: ਗੁਰਸੇਵਕ ਸਿੰਘ ਡਾਇਰੈਕਟਰ ਦਸਮੇਸ ਡੈਂਟਲ ਕਾਲਜ,ਡਾ:ਵਿਸ਼ਵਦੀਪ ਗੋਇਲ, ਡਾ:ਦਾਨਿਸ਼ ਜਿੰਦਲ, ਡਾ.ਜਸਵੰਤ ਸਿੰਘ,ਡਾ:ਹਰੀਸ ਅਰੋੜਾ,ਡਾ: ਉਪਿੰਦਰ ਸਿੰਘ, ਡਾ: ਵਾਈ.ਪੀ. ਕਾਂਸਲ, ਡਾ: ਕੰਨਵ ਕਸੇਲ, ਡਾ: ਹਰਜਿੰਦਰ ਸਿੰਘ ਅਤੇ ਡਾ: ਜਗਰਾਜ ਸਿੰਘ ਹਾਜਰ ਸਨ ।