ਅਨਾਜ ਮੰਡੀਆਂ ਪ੍ਰਾਈਵੇਟ ਘਰਾਣਿਆਂ ਨੂੰ ਸਪੂੂਰਦ ਕਰਨ ਦੇ ਫੈਸਲੇ ਖਿਲਾਫ ਚੰਡੀਗੜ੍ਹ ਪਹੁੰਚਣਗੇ ਕਿਸਾਨ
ਦਲਜੀਤ ਕੌਰ
ਸੰਗਰੂਰ, 2 ਅਪ੍ਰੈਲ, 2024: ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋ ਬਲਾਕ ਸੰਗਰੂਰ ਅਤੇ ਬਲਾਕ ਲੌਗੋਂਵਾਲ ਦੀਆਂ ਮੀਟਿੰਗਾਂ ਬਲਾਕ ਸੰਗਰੂਰ ਦੇ ਪ੍ਰਧਾਨ ਸੁਖਦੇਵ ਸਿੰਘ ਉਭਾਵਾਲ ਅਤੇ ਬਲਾਕ ਲੌਂਗੋਵਾਲ ਦੇ ਪ੍ਰਧਾਨ ਕਰਮਜੀਤ ਸਿੰਘ ਸਤੀਪੁਰ ਦੀ ਪ੍ਰਧਾਨਗੀ ਹੇਠ ਕੀਤੀਆਂ ਗਈਆਂ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅਨੁਸਾਰ ਪੰਜਾਬ ਸਰਕਾਰ ਵੱਲੋਂ 9 ਕਾਰਪਰੇਟ ਘਰਾਣਿਆਂ ਨੂੰ ਕਣਕ ਦੀ ਖਰੀਦ, ਵੇਚ, ਸਟੋਰੇਜ ਕਰਨ ਤੇ ਪ੍ਰੋਸੈਸਿੰਗ ਕਰਨ ਦੀ ਮਨਜ਼ੂਰੀ ਦੇਣ ਖਿਲਾਫ 8 ਅਪ੍ਰੈਲ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਚੰਡੀਗੜ੍ਹ ਮੁਜ਼ਾਰੇ ਵਿੱਚ ਸ਼ਾਮਿਲ ਹੋਣਗੇ। ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਭਜਨ ਸਿੰਘ ਢੱਡਰੀਆਂ ਅਤੇ ਰੁਪਿੰਦਰ ਸਿੰਘ ਚੌਂਦਾ ਨੇ ਕਿਹਾ ਕਿ ਜਿਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਵੱਡੀ ਗਿਣਤੀ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ ਮੋਰਚਾ ਲਾ ਕੇ ਬੈਠੇ ਸਨ, ਉਹਨਾਂ ਕਾਲੇ ਕਾਨੂੰਨਾਂ ਨੂੰ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਸ਼ਹਿ ਤੇ ਟੇਡੇ ਢੰਗ ਨਾਲ ਦੁਬਾਰਾ ਲਾਗੂ ਕਰਨ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਵੱਲੋਂ 9 ਧਨਾਢ ਕਾਰਪੋਰੇਟ ਘਰਾਣਿਆਂ ਨੂੰ ਕਣਕ ਦੀ ਖ਼ਰੀਦ ਵੇਚ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਜਿਸ ਵਿੱਚ ਫ਼ਰੀਦਕੋਟ ਦੀ ਮਾਰਕੀਟ ਕਮੇਟੀ ਕੋਟਕਪੂਰਾ ਵਿੱਚ ਆਦਾਨੀ ਸਾਈਲੋ ਵਿੱਚ 25000 ਮੀਟ੍ਰਿਕ ਟਨ, ਲੁਧਿਆਣਾ ਦੀ ਕਮੇਟੀ ਸਾਹਨੇਵਾਲ ਵਿੱਚ ਲਿਪ ਲੋਪਸਟਿਕ ਪ੍ਰਾਈਵੇਟ ਲਿਮਟਿਡ ਵਿੱਚ 50000 ਮੀਟ੍ਰਿਕ ਟਨ, ਮਲੇਰਕੋਟਲਾ ਦੀ ਮੰਡੀ ਮਲੇਰਕੋਟਲਾ ਅਤੇ ਅਹਿਮਦਗੜ੍ਹ ਵਿੱਚ 100000 ਮੀਟ੍ਰਿਕ ਟਨ, ਸਾਈਲੋ ਸੰਗਰੂਰ ਦੀ ਸੁਨਾਮ ਮੰਡੀ ਵਿੱਚ ਮਾਈ ਸਾਈਲੋ ਅਤੇ ਐੱਮ ਬੀ ਆਰ ਸਾਈਲੋ ਛਾਜਲੀ 150000 ਮੀਟ੍ਰਿਕ ਟਨ, ਗੁਰਦਾਸਪੁਰ ਦੀ ਮੰਡੀ ਧਾਰੀਵਾਲ ਦੇ ਪਿੰਡ ਛੀਨਾ ਰੇਲ ਵਾਲ ਵਿੱਚ 50000 ਮੀਟ੍ਰਿਕ ਟਨ, ਮੋਗਾ ਦੀ ਮੰਡੀ ਮੋਗਾ ਦੇ ਆਦਾਨੀ ਸਾਈਲੋ ਵਿੱਚ 200000 ਮੀਟ੍ਰਿਕ ਟਨ, ਬਰਨਾਲਾ ਦੇ ਵੀ ਆਰ ਸਾਈਲੋ ਵਿੱਚ 50000 ਮੀਟ੍ਰਿਕ ਟਨ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮੰਡੀ ਮਜੀਠਾ ਦੇ ਪਿੰਡ ਕੱਥੂਨੰਗਲ ਸਾਈਲੋ ਵਿੱਚ 50000 ਮੀਟ੍ਰਿਕ ਟਨ ਅਤੇ ਪਟਿਆਲਾ ਦੀ ਮੰਡੀ ਨਾਭਾ ਦੇ ਪਿੰਡ ਛੀਟਾਂ ਵਾਲਾ ਦੇ ਐੱਮ ਆਰ ਬੀ ਸਾਈਲੋ ਨੂੰ 50000 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ 26 ਮਾਰਕੀਟ ਕਮੇਟੀਆਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਮਰਜ ਕਰਨ ਦੀ ਤਜਵੀਜ ਵੀ ਰੱਖੀ ਗਈ ਹੈ। ਉਨਾਂ ਦੋਸ਼ ਲਾਇਆ ਕਿ ਸਰਕਾਰ ਪਹਿਲਾ ਰੱਦ ਕਰਵਾਏ ਤਿੰਨ ਖੇਤੀ ਕਾਨੂੰਨਾਂ ਵਿੱਚੋਂ ਦੋ ਕਾਨੂੰਨ ਵਣਜ ਅਤੇ ਵਪਾਰ ਕਾਨੂੰਨ 2020 ਅਤੇ ਜਰੂਰੀ ਵਸਤਾ ਸੋਧ ਕਾਨੂੰਨ 2020 ਨੂੰ ਟੇਡੇ ਢੰਗ ਨਾਲ ਲਾਗੂ ਕਰਨ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਵੱਲੋਂ 8 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਇੱਕ ਮੁਜ਼ਾਹਰਾ ਰੱਖਿਆ ਗਿਆ ਹੈ, ਜਿਸ ਵਿੱਚ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਵੱਡੀ ਪੱਧਰ ਤੇ ਕਿਹਾ ਇਹ ਮੁਜ਼ਾਹਰੇ ਵਿੱਚ ਸ਼ਾਮਿਲ ਹੋਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮੋਹਨ ਸਿੰਘ ਸਾਹੋਕੇ, ਸਾਹਿਬ ਸਿੰਘ ਤਕੀਪੁਰ, ਜਸਦੀਪ ਸਿੰਘ ਬਹਾਦਰਪੁਰ ਹਰਦੇਵ ਸਿੰਘ ਲੌਂਗੋਵਾਲ ਅਤੇ ਜੁਝਾਰ ਸਿੰਘ ਬਡਰੁੱਖਾਂ ਆਦਿ ਸ਼ਾਮਲ ਸਨ।