‘ਆਪ’ ਸਰਕਾਰ ਦੇ ਲੋਕਪੱਖੀ ਕੰਮਾਂ ਦੇ ਮੱਦੇਨਜਰ ਕਰਮਜੀਤ ਅਨਮੋਲ ਦੀ ਜਿੱਤ ਯਕੀਨੀ : ਸੰਧਵਾਂ/ਧਾਲੀਵਾਲ
- ਆਖਿਆ, ਪਹਿਲੇ ਦੋ ਸਾਲਾਂ ਅੰਦਰ ਹੀ ਪਾਰਟੀ ਨੇ ਲਗਭਗ ਸਾਰੇ ਵਾਅਦੇ ਕੀਤੇ ਪੂਰੇ
ਦੀਪਕ ਗਰਗ
ਕੋਟਕਪੂਰਾ, 2 ਅਪ੍ਰੈਲ 2024 :- ਕੁਲਤਾਰ ਸਿੰਘ ਸੰਧਵਾਂ ਨੇ 4 ਫਰਵਰੀ 2017 ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਤਾਂ ਹਲਕੇ ਦੇ ਲੋਕਾਂ ਦਾ ਅਹਿਸਾਨ ਮੰਨਦਿਆਂ ਉਹਨਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦੂਰ ਕਰਨ ਲਈ ਅਜਿਹਾ ਲੋਕ ਮਿਲਣੀ ਪੋ੍ਰਗਰਾਮ ਸ਼ੁਰੂ ਕੀਤਾ, ਜੋ ਅੱਜ 7 ਸਾਲਾਂ ਬਾਅਦ ਵੀ ਲਗਾਤਾਰ ਜਾਰੀ ਹੈ। ਸਪੀਕਰ ਸੰਧਵਾਂ ਦੇ ਗ੍ਰਹਿ ਵਿਖੇ ਉਹਨਾਂ ਦੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਅਤੇ ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਹਲਕੇ ਦੇ ਲੋਕਾਂ ਨਾਲ ਨੇੜਤਾ ਬਣਾਉਣ ਬਦਲੇ ਹੀ ਲੋਕਾਂ ਨੇ 20 ਫਰਵਰੀ 2022 ਦੀਆਂ ਚੋਣਾ ਮੌਕੇ ਵੀ ਇਸੇ ਹਲਕੇ ਤੋਂ ਕੁਲਤਾਰ ਸਿੰਘ ਸੰਧਵਾਂ ਨੂੰ ਪਹਿਲਾਂ ਨਾਲੋਂ ਵੀ ਦੁੱਗਣੀਆਂ ਵੋਟਾਂ ’ਤੇ ਜਿੱਤ ਦਿਵਾਈ।
ਉਹਨਾਂ ਆਖਿਆ ਕਿ ਹੁਣ ‘ਆਪ’ ਸਰਕਾਰ ਦੀ ਦੋ ਸਾਲ ਦੀ ਕਾਰਗੁਜਾਰੀ ਦੇ ਅਧਾਰ ’ਤੇ ਲੋਕ ਸਭਾ ਹਲਕਾ ਫਰੀਦਕੋਟ ਦੇ ਲੋਕ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ’ਚ ਫਤਵਾ ਦੇਣਗੇ ਉਹਨਾਂ ਦੱਸਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਯਤਨਾ ਸਦਕਾ ਪਹਿਲੇ ਦੋ ਸਾਲਾਂ ਵਿੱਚ 43 ਹਜਾਰ ਬੇਰੁਜਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਬਿਨਾਂ ਰਿਸ਼ਵਤ ਅਤੇ ਬਿਨਾ ਸਿਫਾਰਸ਼ ਤੋਂ ਦਿੱਤੀਆਂ ਸਰਕਾਰੀ ਨੌਕਰੀਆਂ, ਭਿ੍ਰਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਲਈ ਮੁੱਖ ਮੰਤਰੀ ਪੰਜਾਬ ਵੱਲੋਂ ਵਟਸਅਪ ਨੰਬਰ 95012-00200 ਜਾਰੀ ਕਰਕੇ ਭਿ੍ਰਸ਼ਟਾਚਾਰ ਨੂੰ ਜੜੋਂ ਖਤਮ ਕਰਨ ਦੇ ਯਤਨ, ਗੰਨੇ ਦੇ ਭਾਅ ਵਿੱਚ ਵਾਧਾ ਕਰਕੇ ਕਿਸਾਨਾ ਨੂੰ ਦੇਸ਼ ਭਰ ’ਚੋਂ ਸਭ ਤੋਂ ਵੱਧ ਮੁੱਲ ਦੇਣ ਦੇ ਮਾਮਲੇ ’ਚ ਪੰਜਾਬ ਨੂੰ ਦੇਸ਼ ’ਚੋਂ ਪਹਿਲੇ ਨੰਬਰ ’ਤੇ ਲਿਆਂਦਾ, ਪਿਛਲੀ ਅੱਧੀ ਸਦੀ ਤੋਂ ਬੰਦ ਪਏ 13,470 ਖਾਲ ਬਹਾਲ ਕਰਵਾਏ, ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਇਆ, ਪਾਣੀ ਦੀ ਚੋਰੀ ਨੂੰ ਨੱਥ ਪਾਈ, ਨਹਿਰਾਂ ਦਾ ਵਿਸਥਾਰ ਕੀਤਾ, ਗੋਇੰਦਵਾਲ ਥਰਮਲ ਪਲਾਂਟ ਖਰੀਦਿਆ, ਪੰਜਾਬ ਦੇ ਲੋਕਾਂ ਨੂੰ ਬਿਜਲੀ ਮੁਫ਼ਤ ਅਤੇ ਸਸਤੀ ਸਪਲਾਈ ਕਰਨ ਦਾ ਵਾਅਦਾ ਨਿਭਾਇਆ, ਜ਼ੀਰੋ ਬਿੱਲਾਂ ਨਾਲ ਮੁਫ਼ਤ ਘਰੇਲੂ ਬਿਜਲੀ ਦੀ ਗਰੰਟੀ ਪੂਰੀ ਕੀਤੀ, ਪੰਜਾਬ ਦੇ 90 ਫੀਸਦੀ ਤੋਂ ਵੱਧ ਪਰਿਵਾਰਾਂ ਨੂੰ ਜ਼ੀਰੋ ਬਿਜਲੀ ਬਿੱਲ ਦਾ ਫਾਇਦਾ ਮਿਲਿਆ। ਉਹਨਾਂ ਦਾਅਵਾ ਕੀਤਾ ਕਿ ‘ਆਪ’ ਸਰਕਾਰ ਦੇ ਪਹਿਲੇ ਦੋ ਸਾਲਾਂ ਵਿੱਚ ਕੀਤੇ ਅਨੇਕਾਂ ਲੋਕਪੱਖੀ ਕੰਮਾਂ ਅਤੇ ਕਾਰਜਾਂ ਦੇ ਮੱਦੇਨਜਰ ਹਲਕਾ ਫਰੀਦਕੋਟ ਦੇ ਵੋਟਰ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਆਪਣੇ ਵੋਟ ਦੀ ਵਰਤੋਂ ਕਰਨਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅਭੈ ਸਿੰਘ ਢਿੱਲੋਂ, ਦੀਪਕ ਮੌਂਗਾ, ਬੱਬੀ ਸਿੰਘ ਵਾਂਦਰ ਜਟਾਣਾ, ਪ੍ਰਗਟ ਸਿੰਘ ਵਾਂਦਰ ਜਟਾਣਾ, ਗੱਗੀ ਸਿੰਘ ਸਿਰਸਿੜੀ, ਬਲਦੇਵ ਸਿੰਘ ਭਾਣਾ, ਮੁਖਾ ਸਿੰਘ ਭਾਣਾ, ਕਾਕਾ ਸਿੰਘ ਕੋਹਾਰਵਾਲਾ ਆਦਿ ਵੀ ਹਾਜਰ ਸਨ।