ਮਹਿੰਦਰ ਕੁਲਰੀਆਂ ਦਾ ਦੁੱਖਦਾਈ ਵਿਛੋੜਾ ਪਰਿਵਾਰ ਅਤੇ ਬੀਕੇਯੂ ਏਕਤਾ ਡਕੌਂਦਾ ਲਈ ਵੱਡਾ ਘਾਟਾ: ਮਨਜੀਤ ਧਨੇਰ
- ਮਹਿੰਦਰ ਸਿੰਘ ਕੁਲਰੀਆਂ ਵੱਲੋਂ ਜ਼ਿੰਦਗੀ ਦੇ ਸਫ਼ਰ ਵਿੱਚ ਕਿਸਾਨ ਸਮੇਤ ਇਨਕਲਾਬੀ ਲਹਿਰ ਵਿੱਚ ਪਾਏ ਯੋਗਦਾਨ ਨੂੰ ਯਾਦ ਰੱਖਿਆ ਜਾਵੇਗਾ: ਕੁਲਵੰਤ ਕਿਸ਼ਨਗੜ੍ਹ
ਦਲਜੀਤ ਕੌਰ
ਕੁਲਰੀਆਂ, 12 ਅਪ੍ਰੈਲ, 2024: ਜੁਝਾਰੂ ਸਾਥੀ ਮਹਿੰਦਰ ਸਿੰਘ ਕੁਲਰੀਆਂ ਪਹਿਲੀ ਅਪ੍ਰੈਲ ਦੀ ਰਾਤ ਨੂੂੰ ਡੇਰਾਬਸੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਕਾਫਲਿਆਂ ਵਿੱਚੋਂ ਵਿੱਛੜ ਗਏ ਸਨ। ਉਹ ਲੰਮੇ ਸਮੇਂ ਤੋਂ ਪੰਜਾਬ ਦੀ ਕਿਸਾਨ ਲਹਿਰ ਵਿੱਚ ਸਾਥੀ ਮਨਜੀਤ ਧਨੇਰ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਬੁਢਲਾਡਾ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਸਨ। ਉਨ੍ਹਾਂ ਦਾ ਸ਼ਰਧਾਂਜਲੀ ਸਮਾਗਮ ਕੁਲਰੀਆਂ ਵਿਖੇ ਕਰਵਾਇਆ ਗਿਆ।
ਇਸ ਸ਼ਰਧਾਂਜਲੀ ਸਮਾਗਮ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਸਮੇਤ ਇਨਕਲਾਬੀ ਜਮਹੂਰੀ ਲਹਿਰ ਦੀਆਂ ਅਹਿਮ ਸ਼ਖ਼ਸੀਅਤਾਂ ਨੇ ਸ਼ਾਮਿਲ ਹੋਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਾਥੀ ਮਹਿੰਦਰ ਕੁਲਰੀਆਂ ਦੀ ਜੀਵਨ ਘਾਲਣਾ ਬਾਰੇ ਸੰਖੇਪ ਜਾਣਕਾਰੀ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਕਮੇਟੀ ਮੈਂਬਰ ਕੁਲਵੰਤ ਕਿਸ਼ਨਗੜ੍ਹ ਨੇ ਦੱਸਿਆ ਕਿ 1972 ਵਿੱਚ ਮੋਗੇ ਦੇ ਰੀਗਲ ਸਿਨੇਮਾ ਮਾਲਕਾਂ ਦੀ ਗੁੰਡਾਗਰਦੀ ਖਿਲਾਫ਼ ਜਦੋਂ ਚਾਰ ਅਕਤੂਬਰ, 1972 ਨੂੂੰ ਵਿਦਿਆਰਥੀ ਮੁਜ਼ਾਹਰਾ ਕਰ ਰਹੇ ਸਨ ਤਾਂ ਮਾਲਕਾਂ ਦੇ ਪਾਲਤੂ ਗੁੰਡਿਆਂ ਤੇ ਪੁਲਸ ਨੇ ਹਮਲਾ ਕਰਕੇ ਜਿਹੜਾ ਤਾਂਡਵ ਨਾਚ ਨੱਚਣ ਦੇ ਵਿਰੁੱਧ ਵਿਦਿਆਰਥੀ ਸੜਕਾਂ 'ਤੇ ਉੱਤਰੇ ਪੁਲਸ ਨੇ ਸਭ ਕਾਇਦੇ ਕਾਨੂੰਨ ਮਿੱਟੀ ਵਿੱਚ ਮਿਲਾ ਕੇ ਭਿਆਨਕ ਗੋਲੀਕਾਂਡ ਰਚੇ ਅਤੇ ਵਿਦਿਆਰਥੀ ਹਰਜੀਤ ਤੇ ਸਵਰਨ ਸਮੇਤ ਅਨੇਕਾਂ ਲੋਕਾਂ ਨੂੂੰ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕਰ ਦਿੱਤਾ। ਇਸ ਮੋਗਾ ਗੋਲੀਕਾਂਡ ਵਿਰੁੱਧ ਜਿਹੜਾ ਇਤਿਹਾਸਕ ਖਾੜਕੂ ਸੰਘਰਸ਼ ਪੰਜਾਬ ਦੀ ਜੁਆਨੀ ਨੇ ਲੜਿਆ ਉਹਦੇ ਵਿੱਚ ਸਾਥੀ ਮਹਿੰਦਰ ਹੋਰੀਂ ਵੀ ਸ਼ਾਮਲ ਸਨ।
ਵਿਦਿਆਰਥੀ ਰੋਸ ਮਾਰਚ ਕਰ ਰਹੇ ਸਨ ਜਦੋਂ ਵਿਦਿਆਰਥੀਆ ਦੇ ਇੱਕ ਗਰੁੱਪ ਨੇ ਛਾਜਲੀ ਕੋਠਿਆਂ ਕੋਲ ਇੱਕ ਬੱਸ ਨੂੂੰ ਅੱਗ ਲਾ ਕੇ ਫੂਕ ਦਿੱਤਾ। ਇਸ ਵਿੱਚ ਤੇਰਾਂ ਨੂੂੰ ਪੁਲਸ ਨੇ ਫੜਿਆ, ਤਸ਼ੱਦਦ ਕੀਤਾ ਤੇ ਕੇਸ ਦਰਜ਼ ਕੀਤਾ ਉਹ ਸਨ: ਦਰਬਾਰਾ ਸਿੰਘ ਕਿਸ਼ਨਗੜ੍ਹ, ਗੁਰਮੇਲ ਮੇਲੂ ਸੰਗਤੀਵਾਲਾ, ਜਗਦੇਵ ਗਾਗਾ, ਸ਼ਿਵਰਾਮ ਸਿੰਘ ਭੁਟਾਲ ਕਲਾਂ, ਗੁਰਜੰਟ ਸਿੰਘ ਭੁਟਾਲ ਕਲਾਂ, ਸੁਰਜੀਤ ਸੀਤਾ ਲਹਿਲ ਕਲਾਂ, ਨਛੱਤਰ ਸਿੰਘ ਢੈਪਈ, ਬਲਦੇਵ ਸਿੰਘ ਝਾੜੋਂ, ਹਰਦੇਵ ਸਿੰਘ ਸ਼ਾਹਪੁਰ, ਗੁਰਦੇਵ ਸਿੰਘ ਰਾਮਗੜ੍ਹ, ਹਰਜੀਤ ਸਿੰਘ ਲਖਮੀਰਵਾਲਾ ਅਤੇ ਮਹਿੰਦਰ ਸਿੰਘ ਕੁੱਲਰੀਆਂ। 1975 ਵਿੱਚ ਇੰਦਰਾ ਗਾਂਧੀ ਵੱਲੋਂ ਜਦੋਂ ਦੇਸ਼ ਵਿੱਚ ਐਮਰਜੈਂਸੀ ਮੜ੍ਹ ਦਿੱਤੀ ਗਈ ਤਾਂ ਸਾਥੀ ਮਹਿੰਦਰ ਨੂੰ ਮਾਓ ਜੇ ਤੁੰਗ ਦੀਆਂ ਗੁਰੀਲਾ ਜੰਗ ਬਾਰੇ ਕੁਟੇਸ਼ਨਜ ਦੀ ਕਿਤਾਬ "ਰੈੱਡ ਬੁੱਕ" ਰੱਖਣ ਕਰਕੇ ਗ੍ਰਿਫ਼ਤਾਰ ਕਰ ਲਿਆ ਅਤੇ ਕਈ ਮਹੀਨੇ ਬਠਿੰਡਾ ਜੇਲ੍ਹ ਵਿੱਚ ਬੰਦ ਕਰੀਂ ਰੱਖਿਆ।
ਇਸ ਸ਼ਰਧਾਂਜਲੀ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਸੂਬਾ ਪ੍ਰਧਾਨ ਮਨਜੀਤ ਧਨੇਰ ਨੇ ਮਹਿੰਦਰ ਕੁਲਰੀਆਂ ਦੀ ਜੀਵਨ ਘਾਲਣਾ ਬਾਰੇ ਵਿਸਥਾਰ ਵਿੱਚ ਗੱਲ ਕਰਦੀਆਂ ਕਿਹਾ ਕਿ 1984 ਵਿੱਚ ਜਦੋਂ ਲੱਖੋਵਾਲ ਹੋਰਾਂ ਦੀ ਅਗਵਾਈ 'ਚ ਭਾਰਤੀ ਕਿਸਾਨ ਯੂਨੀਅਨ ਦਾ ਵਰਤਾਰਾ ਉੱਭਰਿਆ ਅਤੇ ਚੰਡੀਗੜ ਮੋਰਚਾ ਲੱਗਿਆ ਤਾਂ ਸਾਥੀ ਮਹਿੰਦਰ ਸਿੰਘ ਉਸ ਵਿੱਚ ਸ਼ਾਮਲ ਹੋ ਗਿਆ। ਉਸ ਤੋਂ ਬਾਅਦ ਕਿਸਾਨਾਂ ਦੇ ਜਿੰਨੇ ਵੀ ਘੋਲ ਚੱਲੇ ਜਾ ਮੋਰਚੇ ਲੱਗੇ ਸਾਥੀ ਮਹਿੰਦਰ ਉਨ੍ਹਾਂ ਵਿੱਚ ਸ਼ਾਮਲ ਰਿਹਾ। ਕਿਸਾਨ ਘੋਲਾਂ ਦੌਰਾਨ ਉਹ ਕਈ ਵਾਰ ਜੇਲ੍ਹ ਗਿਆ। ਪਰ ਪੁਲਸ ਦੇ ਦਬਕੇ ਜਾਂ ਜੇਲ੍ਹਾਂ ਦੇ ਬੰਦੀਖਾਨੇ ਸਾਥੀ ਮਹਿੰਦਰ ਨੂੂੰ ਲੋਕ ਘੋਲਾਂ ਦੇ ਰਾਹ ਤੋਂ ਭਟਕਾ ਨਾ ਸਕੇ।ਪਿਛਲੇ ਢਾਈ-ਤਿੰਨ ਦਹਾਕਿਆਂ ਵਿੱਚ ਕਿਸਾਨ ਲਹਿਰ ਦੀ ਦਰੁੱਸਤ ਲੀਹਾਂ 'ਤੇ ਉਸਾਰੀ ਸਮੇਤ ਹੋਰਨਾਂ ਮਸਲਿਆਂ ਨੂੰ ਲੈਕੇ ਕਿਸਾਨ ਜਥੇਬੰਦੀ ਵਿੱਚ ਅਨੇਕਾਂ ਟੁੱਟਾਂ-ਫੁੱਟਾਂ ਹੋਈਆਂ। ਇਨ੍ਹਾਂ ਔਖੇ ਸਮਿਆਂ ਵਿੱਚ ਮਹਿੰਦਰ ਨੇ ਹਮੇਸ਼ਾ ਠੀਕ ਪਾਸੇ ਖੜਨ ਨੂੰ ਪਹਿਲ ਦਿੱਤੀ। ਕਈ ਵਾਰ ਪਿੰਡ ਤੇ ਇਲਾਕੇ ਦੇ ਕਈ ਨੇੜਲੇ ਸਾਥੀ ਵਿਚਾਰਧਾਰਕ ਮੱਤਭੇਦ ਉੱਭਰਨ ਸਮੇਂ ਗ਼ਲਤ ਪਾਸੇ ਖੜ੍ਹੇ ਪਰ ਸਾਥੀ ਮਹਿੰਦਰ ਨੇ ਨਿੱਜੀ ਸਬੰਧਾਂ ਨੂੰ ਕਦੇ ਵੀ ਵਿਚਾਰਕ ਪੱਖ 'ਤੇ ਭਾਰੂ ਨਾ ਹੋਣ ਦਿੱਤਾ। ਉਹ ਅੰਤਮ ਸਮੇਂ ਤੱਕ ਵੀ ਕਿਸਾਨ ਘੋਲਾਂ 'ਚ ਸ਼ਾਮਲ ਰਿਹਾ।
ਮਹਿੰਦਰ ਸਿੰਘ ਕੁਲਰੀਆਂ ਦੇ ਵਿਚਾਰਾਂ ਦੇ ਸਾਥੀਆਂ ਵਿੱਚ ਨੇੜਲਾ ਵਾਹ ਰੱਖਣ ਵਾਲੇ ਸਾਥੀ ਰਣਜੀਤ ਲਹਿਰਾ ਨੇ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਸਾਥੀ ਮਹਿੰਦਰ ਇਨਕਲਾਬੀ ਕੇਂਦਰ, ਪੰਜਾਬ ਦੇ ਆਗੂ ਦੇ ਤੌਰ 'ਤੇ ਬਰੇਟਾ-ਬੁਢਲਾਡਾ ਇਲਾਕੇ ਵਿੱਚ ਸਰਗਰਮ ਸੀ ਉਨ੍ਹਾਂ ਸਮਿਆਂ ਵਿੱਚ ਸਾਥੀ ਮਹਿੰਦਰ ਕੁਲਰੀਆਂ ਦਾ ਇਨਕਲਾਬੀ ਲਹਿਰ ਦੇ ਸਾਥੀਆਂ ਨਾਲ ਸਿੱਧਾ ਤੇ ਨੇੜਲਾ ਸਬੰਧ ਰਿਹਾ। ਉਹ ਇਨਕਲਾਬੀ ਕੇਂਦਰ ਦੀਆਂ ਸਰਗਰਮੀਆਂ ਵਿੱਚ ਵੀ ਲਗਾਤਾਰ ਸ਼ਾਮਲ ਹੋਇਆ ਕਰਦਾ ਸੀ। ਜਿਹੜੀ ਗੱਲ ਦਿਲ 'ਚ ਆ ਗਈ ਫੜਾਕ ਦੇਣੇ ਮੂੰਹ 'ਤੇ ਆਖ ਦੇਣ ਦੀ ਜੁਅੱਰਤ ਰੱਖਦਾ ਸੀ।
ਭਾਕਿਯੂ ਏਕਤਾ ਡਕੌਂਦਾ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਸਾਥੀ ਮਹਿੰਦਰ ਦਾ ਹੱਕ-ਸੱਚ ਦੇ ਕਾਫ਼ਲੇ ਵਿੱਚੋਂ ਵਕਤ ਤੋਂ ਪਹਿਲਾਂ ਚਲੇ ਜਾਣਾ ਦੁੱਖਦਾਈ ਤਾਂ ਹੈ ਹੀ ਪਰ ਨਾਲ ਮਾਣ ਕਰਨਯੋਗ ਵੀ ਹੈ ਕਿ ਖੇਤਾਂ ਦਾ ਜਾਇਆ ਖੇਤਾਂ ਦੀ ਰਖ਼ਵਾਲੀ ਕਰਦਿਆਂ ਹੀ ਸਾਡੇ ਕੋਲੋਂ ਵਿੱਛੜਿਆ। ਅੱਜ ਕੁਲਰੀਆਂ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਉਹਦੇ ਸੰਗੀ-ਸਾਥੀ ਤੇ ਜਥੇਬੰਦੀਆਂ ਦੇ ਆਗੂਆਂ ਨੇ ਸਾਥੀ ਮਹਿੰਦਰ ਕੁਲਰੀਆਂ ਦੀ ਘਾਲਣਾ ਨੂੰ ਯਾਦ ਕੀਤਾ। ਸਾਥੀ ਮਹਿੰਦਰ ਕੁਲਰੀਆਂ ਦੀ ਘਾਲਣਾ ਨੂੰ ਸਲਾਮ ਕਰਦੇ ਹੋਏ ਨਵਾਂ ਲੋਕ ਪੱਖੀ ਜਮਹੂਰੀ ਪ੍ਰਬੰਧ ਸਿਰਜਣ ਲਈ ਚੱਲ ਰਹੇ ਸੰਗਰਾਮ ਨੂੰ ਜਾਰੀ ਰੱਖਣ ਦਾ ਅਹਿਦ ਕੀਤਾ। ਮੱਖਣ ਸਿੰਘ ਭੈਣੀਬਾਘਾ, ਲਛਮਣ ਸਿੰਘ ਚੱਕ ਅਲੀ ਸ਼ੇਰ, ਰਾਮਫਲ ਸਿੰਘ ਚੱਕ ਅਲੀ ਸ਼ੇਰ ਨੇ ਵੀ ਸ਼ਰਧਾਂਜਲੀ ਭੇਂਟ ਕੀਤੀ।
ਇਸ ਸਮੇਂ ਤਾਰਾ ਚੰਦ ਬਰੇਟਾ, ਜਗਜੀਤ ਭੁਟਾਲ, ਦੇਵੀ ਰਾਮ ਰੰਘੜਿਆਲ, ਸੱਤਪਾਲ ਸਿੰਘ ਬਰ੍ਹੇ, ਅਸ਼ਵਨੀ ਕੁਮਾਰ, ਭੀਮ ਮੰਡੇਰ, ਦਲਬਾਰਾ ਸਿੰਘ ਕਿਸ਼ਨਗੜ੍ਹ, ਸੁਰਜੀਤ ਕੌਰ ਕਿਸ਼ਨਗੜ੍ਹ, ਪਾਲਾ ਸਿੰਘ ਕੁਲਰੀਆਂ, ਮੇਜਰ ਸਿੰਘ, ਗੁਰਪ੍ਰੀਤ ਸਿੰਘ ਕੁਲਰੀਆਂ, ਦਸੌਂਦਾ ਸਿੰਘ ਬਹਾਦਰਪੁਰ, ਜਗਰਾਜ ਸਿੰਘ ਗੋਰਖਨਾਥ, ਸ਼ਿਵ ਰਾਮ ਭੁਟਾਲ, ਗੁਰਜੰਟ ਸਿੰਘ ਭੁਟਾਲ, ਭਾਨਾ ਸਿੰਘ ਬਿਗੜਵਾਲ, ਬਲਜੀਤ ਸਿੰਘ ਭੈਣੀਬਾਘਾ, ਮਹਿੰਦਰ ਸਿੰਘ ਰਾਠੀ, ਜਸਵੀਰ ਸਿੰਘ ਰੱਲਾ, ਗੁਰਚਰਨ ਸਿੰਘ ਭੀਖੀ ਅਤੇ ਕਾਲਾ ਸਿੰਘ ਅਕਲੀਆ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ/ਵਰਕਰ ਹਾਜ਼ਰ ਸਨ। ਸੂਬਾ ਕਮੇਟੀ ਵੱਲੋਂ ਮਹਿੰਦਰ ਸਿੰਘ ਕੁਲਰੀਆਂ ਦੇ ਬੇਟਿਆਂ ਜਸਪਾਲ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਬੈਜ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।