ਵੱਖ-ਵੱਖ ਦੋ ਮਾਮਲਿਆਂ ਵਿੱਚ ਸੀਆਈਏ ਸਟਾਫ ਪੁਲਿਸ ਨੇ ਬਰਾਮਦ ਕੀਤੀ ਹੈਰੋਇਨ, ਪੰਜ ਕਾਬੂ
- ਦੋ ਕਾਰ ਚ ਸਵਾਰ ਪੰਜ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ
ਜਗਰਾਉਂ, 12 ਅਪ੍ਰੈਲ 2024 - ਸੀਆਈਏ ਸਟਾਫ ਪੁਲਿਸ ਨੇ ਵੱਖ-ਵੱਖ ਦੋ ਮਾਮਲਿਆਂ ਵਿੱਚ ਕਾਰ ਸਵਾਰ ਪੰਜ ਵਿਅਕਤੀਆਂ ਨੂੰ 250 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪਹਿਲੇ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੀਆਈਏ ਸਟਾਫ ਦੇ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਪੁਲਿਸ ਕਰਮਚਾਰੀਆਂ ਸਮੇਤ ਇਲਾਕੇ ਵਿੱਚ ਗਸ਼ਤ ਦੌਰਾਨ ਨਹਿਰਪੁਲ ਪਿੰਡ ਡੱਲਾ ਤੋਂ ਨਹਿਰ ਦੀ ਪਟਰੀ ਵਾਲੀ ਸੜਕ ਪਿੰਡ ਮੱਲਾਂ ਨੂੰ ਜਾ ਰਹੇ ਸੀ ਤਾਂ ਮੋੜ ਪੁੱਲ ਸੂਆ ਕੱਸੀ ਤੇ ਇੱਕ ਚਿੱਟੇ ਰੰਗ ਦੀ ਵਰਨਾ ਕਾਰ ਪਾਰਕਿੰਗ ਲਾਈਟਾਂ ਜਗਾ ਕੇ ਖੜੀ ਦਿਖਾਈ ਦਿੱਤੀ।
ਉਹਨਾਂ ਦੱਸਿਆ ਕਿ ਸ਼ੱਕ ਹੋਣ ਤੇ ਸਾਥੀ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਕਾਰ ਵਿੱਚ ਬੈਠੇ ਦੋਨਾਂ ਨੌਜਵਾਨਾਂ ਨੂੰ ਕਾਬੂ ਕਰ ਜਦੋਂ ਉਹਨਾਂ ਦਾ ਨਾਮ ਪਤਾ ਪੁੱਛਿਆ ਤਾਂ ਕਾਰ ਚਾਲਕ ਨੇ ਆਪਣਾ ਨਾਮ ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਗੁਰਮੀਤ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਰਾਉਕੇ ਰੋਡ ਬਧਨੀ ਕਲਾਂ ਦੱਸਿਆ ਅਤੇ ਡਰਾਈਵਰ ਦੀ ਨਾਲ ਵਾਲੀ ਸੀਟ ਤੇ ਬੈਠੇ ਨੌਜਵਾਨ ਨੇ ਆਪਣਾ ਨਾਮ ਆਕਾਸ਼ਦੀਪ ਸਿੰਘ ਉਰਫ ਆਸ਼ੂ ਪੁੱਤਰ ਬਲਵਿੰਦਰ ਸਿੰਘ ਵਾਸੀ ਲੋਢਾ ਪੱਤੀ ਪਿੰਡ ਲੋਪੋ ਕਲਾ ਦੱਸਿਆ। ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਵੱਲੋਂ ਉਕਤ ਨੌਜਵਾਨਾਂ ਦੀ ਵਰਨਾ ਕਾਰ ਨੰਬਰ ਪੀ.ਬੀ 03 ਬੀ.ਜੀ 4138 ਦੀ ਤਲਾਸ਼ੀ ਲਈ ਗਈ ਤਾਂ ਕਾਰ ਦੇ ਡੈਸ਼ ਬੋਰਡ ਵਿੱਚੋਂ ਕਾਲੇ ਰੰਗ ਦੀ ਪਲਾਸਟਿਕ ਦੀ ਵਜ਼ਨਦਾਰ ਲਿਫਾਫੀ ਬਰਾਮਦ ਹੋਈ ਜਿਸ ਨੂੰ ਖੋਲ ਕੇ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਪੁਲਿਸ ਨੂੰ 150 ਗ੍ਰਾਮ ਹਰਰੋਇਨ ਬਰਾਮਦ ਹੋਈ। ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕਾਬੂ ਕੀਤੇ ਗਏ ਦੋਹਾਂ ਨੌਜਵਾਨਾਂ ਖਿਲਾਫ ਥਾਣਾ ਹਠੂਰ ਵਿਖੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਦੂਸਰੇ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੀਆਈਏ ਸਟਾਫ ਦੇ ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਪੁਲਿਸ ਕਰਮਚਾਰੀਆਂ ਸਮੇਤ ਇਲਾਕੇ ਵਿੱਚ ਗਸ਼ਤ ਦੌਰਾਨ ਜਦੋਂ ਨੇੜੇ ਸੂਆ ਪੁੱਲ ਬਾਹਦ ਗੁਰੂਸਰ ਕਾਉਂਕੇ ਪਹੁੰਚੇ ਤਾਂ ਸਾਹਮਣੇਓ ਗੁਰੂਸਰ ਕਾਉਂਕੇ ਸਾਈਡ ਤੋਂ ਇੱਕ ਸਿਲਵਰ ਰੰਗ ਦੀ ਵਰਨਾ ਕਾਰ ਆਉਂਦੀ ਦਿਖਾਈ ਦਿੱਤੀ ਜਿਸ ਦੇ ਡਰਾਈਵਰ ਨੇ ਸਾਹਮਣੇ ਉਹ ਪੁਲਿਸ ਪਾਰਟੀ ਨੂੰ ਆਉਂਦਾ ਵੇਖ ਇਕਦਮ ਘਬਰਾ ਕੇ ਆਪਣੀ ਕਾਰ ਵਾਪਸ ਪਿੱਛੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਆਪਣੇ ਸਾਥੀ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਕਾਰ ਸਵਾਰ ਤਿੰਨਾਂ ਨੌਜਵਾਨਾਂ ਨੂੰ ਮੌਕੇ ਤੇ ਕਾਬੂ ਕਰ ਜਦੋਂ ਉਹਨਾਂ ਦਾ ਨਾਮ ਪਤਾ ਪੁੱਛਿਆ ਤਾਂ ਕਾਰ ਚਾਲਕ ਨੇ ਆਪਣਾ ਨਾਮ ਸਾਹਿਲ ਪੁੱਤਰ ਗੁਪਾਲ ਮਸੀਹ ਵਾਸੀ ਇੰਦਰਾ ਕਲੋਨੀ ਫਿਰੋਜ਼ਪੁਰ ਕੈਂਟ , ਡਰਾਈਵਰ ਦੇ ਨਾਲ ਦੀ ਸੀਟ ਤੇ ਬੈਠੇ ਵਿਅਕਤੀ ਨੇ ਆਪਣਾ ਨਾਮ ਗੌਰਵ ਪੁੱਤਰ ਮਹਿੰਦਰ ਵਾਸੀ ਨੇੜੇ ਦੁਸ਼ਹਿਰਾ ਗਰਾਊਂਡ ਬਸਤੀ ਸ਼ੇਖਾਂ ਵਾਲੀ ਫਿਰੋਜ਼ਪੁਰ ਅਤੇ ਤੀਸਰੇ ਕਾਰ ਦੀ ਪਿਛਲੀ ਸੀਟ ਤੇ ਬੈਠੇ ਵਿਅਕਤੀ ਨੇ ਆਪਣਾ ਨਾਮ ਸੰਨੀ ਚੌਹਾਨ ਪੁੱਤਰ ਮਨੋਜ ਕੁਮਾਰ ਵਾਸੀ ਚੁੰਗੀ ਨੰਬਰ 8 ਪ੍ਰਤਾਪ ਨਗਰ ਥਾਣਾ ਫਿਰੋਜ਼ਪੁਰ ਕੈਂਟ ਦੱਸਿਆ । ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਉਕਤ ਨੌਜਵਾਨਾਂ ਦੀ ਵਰਨਾ ਕਾਰ ਦੀ ਤਲਾਸ਼ੀ ਲਈ ਤਾਂ ਪੁਲਿਸ ਨੂੰ ਕਾਰ ਦੇ ਡੈਸ਼ ਬੋਰਡ ਵਿੱਚ ਰੱਖੇ ਪਲਾਸਟਿਕ ਦੇ ਲਿਫਾਫੇ ਚੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਦੇ ਆਧਾਰ ਤੇ ਪੁਲਿਸ ਨੇ ਤਿੰਨਾਂ ਨੌਜਵਾਨਾਂ ਖਿਲਾਫ਼ ਥਾਣਾ ਸਦਰ ਜਗਰਾਉਂ ਵਿਖੇ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ।