ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਬਿਕਰਮ ਮਜੀਠੀਆ ਦੀ ਉਮੀਦਵਾਰੀ ਦੇ ਹੱਕ 'ਚ ਡਟੇ ਅਕਾਲੀ ਆਗੂ
- ਸਵ.ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਇਲਾਕੇ ਲਈ ਪਾਏ ਯੋਗਦਾਨ ਸਦਕਾ ਖਡੂਰ ਸਾਹਿਬ ਦੀ ਜਿੱਤ ਯਕੀਨੀ - ਬ੍ਰਹਮਪੁਰਾ,ਸ਼ੇਖ, ਜਹਾਂਗੀਰ,ਔਲਖ
ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨ ਤਾਰਨ,12 ਅਪ੍ਰੈਲ 2024 - ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ,ਕੋਰ ਕਮੇਟੀ ਮੈਂਬਰ ਗੁਰਸੇਵਕ ਸਿੰਘ ਸ਼ੇਖ,ਜਥੇਬੰਦਕ ਸਕੱਤਰ ਦਲਬੀਰ ਸਿੰਘ ਜਹਾਂਗੀਰ ਅਤੇ ਕੁਲਦੀਪ ਸਿੰਘ ਔਲਖ ਜਥੇਬੰਦਕ ਸਕੱਤਰ ਨੇ ਅੱਜ ਇੱਕ ਪ੍ਰੈਸ ਬਿਆਨ ਰਾਹੀਂ ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਬਿਕਰਮ ਸਿੰਘ ਮਜੀਠੀਆ ਦੇ ਤੁਰੰਤ ਉਮੀਦਵਾਰੀ ਦੇ ਐਲਾਨ ਲਈ ਜ਼ੋਰਦਾਰ ਵਕਾਲਤ ਕੀਤੀ ਹੈ।ਬ੍ਰਹਮਪੁਰਾ ਪਰਿਵਾਰ ਦੀ ਮਾਣਮੱਤੀ ਵਿਰਾਸਤ ਖਾਸ ਕਰਕੇ ਮਰਹੂਮ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਸੰਸਦ ਮੈਂਬਰ ਅਤੇ ਕੈਬਨਿਟ ਮੰਤਰੀ ਵਜੋਂ ਸੇਵਾ ਨੂੰ ਉਜਾਗਰ ਕਰਦੇ ਹੋਏ ਅਕਾਲੀ ਆਗੂਆਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਪੰਥਕ ਮਹੱਤਤਾ ਬਾਰੇ ਚਾਨਣਾ ਪਾਇਆ।
ਹਲਕੇ ਵਿੱਚ ਅਕਾਲੀਆਂ ਦਾ ਗੜ੍ਹ ਮੰਨਦੇ ਹੋਏ ਆਗੂਆਂ ਨੇ ਪਾਰਟੀ ਏਕਤਾ ਅਤੇ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਉਮੀਦਵਾਰ ਬਣਾਉਣ ਨਾਲ ਇਲਾਕੇ ਦੇ ਅਕਾਲੀ ਵਰਕਰਾਂ ਅਤੇ ਪਾਰਟੀ ਦੀ ਜਿੱਤ ਯਕੀਨੀ ਹੋਵੇਗੀ।
ਇੱਥੇ ਇਹ ਦੱਸਣਯੋਗ ਹੈ ਕਿ ਮਰਹੂਮ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਵਿਰਾਸਤ ਖਡੂਰ ਸਾਹਿਬ ਵਿੱਚ ਪਾਰਟੀ ਦੇ ਕੰਮਾਂ ਨੂੰ ਪ੍ਰੇਰਨਾ ਦੇ ਰਹੀ ਹੈ,ਉਪਰੋਕਤ ਅਕਾਲੀ ਆਗੂਆਂ ਨੇ ਆਸ ਪ੍ਰਗਟਾਈ ਕਿ ਪਾਰਟੀ ਵਰਕਰਾਂ ਦੇ ਸਮਰਪਣ ਅਤੇ ਯਤਨਾਂ ਸਦਕਾ 'ਮਾਝੇ ਦੇ ਜਰਨੈਲ' ਵਜੋਂ ਜਾਣੇ ਜਾਂਦੇ ਮਰਹੂਮ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਇਲਾਕੇ ਵਿੱਚ ਪਾਏ ਵੱਡਮੁੱਲੇ ਯੋਗਦਾਨ ਦਾ ਸਨਮਾਨ ਕਰਦੇ ਹੋਏ ਹਰ ਹਾਲ ਵਿਚ ਜਿੱਤ ਪ੍ਰਾਪਤ ਹੋਵੇਗੀ ਅਤੇ ਅਕਾਲੀ ਆਗੂਆਂ ਦਾ ਮੰਨਣਾ ਹੈ ਕਿ ਬਿਕਰਮ ਸਿੰਘ ਮਜੀਠੀਆ ਇੱਕ ਸੱਚਾ ਅਤੇ ਨਿਧੜਕ ਅਕਾਲੀ ਆਗੂ ਹੈ,ਜੇਕਰ ਸੂਬੇ ਨੂੰ ਸੁਧਾਰਨਾ ਹੈ ਤਾਂ ਭਵਿੱਖ ਵਿੱਚ ਅਜਿਹੇ ਆਗੂਆਂ ਦੀ ਸਖ਼ਤ ਲੋੜ ਹੈ।