ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਟਰੈਫਿਕ ਵਧੀ, ਥਾਣਾ ਮੁਖੀ ਨੇ ਗਲਤ ਪਾਸਿਓਂ ਆ ਰਹੇ ਵਾਹਨਾਂ ਦੇ ਚਾਲਾਨ ਕੱਟੇ
ਮਲਕੀਤ ਸਿੰਘ ਮਲਕਪੁਰ
ਲਾਲੜੂ 12 ਅਪ੍ਰੈਲ 2024: ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਉੱਤੇ ਲਗਾਤਾਰ ਵੱਧ ਰਹੀ ਆਵਾਜਾਈ ਨੇ ਸਥਾਨਕ ਲੋਕਾਂ ਨੂੰ ਵਖਤ ਪਾ ਕੇ ਰੱਖ ਦਿੱਤਾ ਹੈ, ਜਿੱਥੇ ਹਰਿਆਣਾ ਰੋਡਵੇਜ ਬੱਸਾਂ ਦੇ ਡਰਾਇਵਰ ਗਲਤ ਸਾਇਡ ਤੇ ਸਲਿੱਪ ਰੋਡ ਰਾਹੀਂ ਬੱਸਾਂ ਨੂੰ ਲੈ ਜਾ ਰਹੇ ਹਨ, ਉੱਥੇ ਹੀ ਬੇਤਰਤੀਬੀ ਨਾਲ ਚਲ ਰਹੀ ਆਵਾਜਾਈ ਕਾਰਨ ਲੰਮੇ-ਲੰਮੇ ਜਾਮ ਲੱਗ ਰਹੇ ਹਨ ਤੇ ਸਥਾਨਕ ਰਾਹਗੀਰ ਗਲਤ ਸਾਇਡ ਤੋਂ ਆ ਰਹੇ ਵਾਹਨਾਂ ਦਾ ਸ਼ਿਕਾਰ ਹੋ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਅੱਜ ਵੇਖਣ ਵਿੱਚ ਆਇਆ ਹੈ। ਲਾਲੜੂ ਤੋਂ ਦੱਪਰ ਵੱਲ ਗਲਤ ਸਾਇਡ ਜਾ ਰਹੀ ਬਸ ਨੂੰ ਥਾਣਾ ਲਾਲੜੂ ਦੇ ਐਸਐਚਓ ਗੁਰਜੀਤ ਸਿੰਘ ਨੇ ਦੱਪਰ ਤੋਂ ਪਹਿਲਾਂ ਰੋਕ ਲਿਆ ਅਤੇ ਮੌਕੇ ਉਤੇ ਹੀ ਬੱਸ ਦਾ ਚਲਾਨ ਵੀ ਕੀਤਾ।
ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਜਦੋਂ ਲਾਲੜੂ ਥਾਣਾ ਵੱਲ ਆ ਰਹੇ ਸਨ ਤਾਂ ਲਾਲੜੂ ਤੋਂ ਦੱਪਰ ਵੱਲ ਗਲਤ ਸਾਇਡ ਤੋਂ ਹਰਿਆਣਾ ਰੋਡਵੇਜ ਦੀ ਇੱਕ ਬੱਸ ਆਉਂਦੀ ਵਿਖਾਈ ਦਿੱਤੀ ਤੇ ਉਨ੍ਹਾਂ ਨੇ ਆਪਣੀ ਗੱਡੀ ਮੂਹਰੇ ਲਾ ਕੇ ਉਸ ਨੂੰ ਦੱਪਰ ਤੋਂ ਪਹਿਲਾਂ ਰੋਕ ਲਿਆ ਉਸ ਨੂੰ ਗਲਤ ਸਾਇਡ ਆਉਣ ਦਾ ਕਾਰਨ ਪੁੱਛਿਆ ਤਾਂ ਹਰਿਆਣਾ ਰੋਡਵੇਜ ਦਾ ਡਰਾਇਵਰ ਕੋਈ ਤਸੱਲੀਬਖਸ ਜਵਾਬ ਨਹੀਂ ਦੇ ਪਾਇਆ।
ਉਨ੍ਹਾਂ ਮੌਕੇ ਉੱਤੇ ਟਰੈਫਿਕ ਪੁਲਿਸ ਲੈਹਲੀ ਦੇ ਇੰਚਾਰਜ ਜਸਵੀਰ ਸਿੰਘ ਨੂੰ ਪੁਲਿਸ ਪਾਰਟੀ ਸਮੇਤ ਬੁਲਾ ਕੇ ਬੱਸ ਸਮੇਤ ਉਸ ਦੇ ਪਿੱਛੇ ਆ ਰਹੇ ਤਿੰਨ ਹੋਰ ਵਾਹਨਾਂ ਦੇ ਚਲਾਨ ਕੀਤੇ ਅਤੇ ਉਨ੍ਹਾਂ ਨੂੰ ਵਾਪਸ ਲਾਲੜੂ ਆਈਟੀਆਈ ਲਾਈਟਾਂ ਤੋਂ ਆਪਣੀ ਸਾਇਡ ਵੱਲੋਂ ਆਉਣ ਲਈ ਭੇਜਿਆ। ਦੱਸਣਯੋਗ ਹੈ ਕਿ ਸੰਭੂ ਬਾਰਡਰ ਬੰਦ ਹੋਣ ਕਾਰਨ ਲਾਲੜੂ-ਅੰਬਾਲਾ ਕੌਮੀ ਮਾਰਗ ਉੱਤੇ ਆਵਾਜਾਈ ਵਿੱਚ ਵੱਡੀ ਤਦਾਦ ਚ ਵਾਧਾ ਹੋਇਆ ਹੈ, ਜਿਸ ਦੇ ਚਲਦਿਆਂ ਚਾਰ ਮਾਰਗੀ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਆਵਾਜਾਈ ਨੂੰ ਸਾਂਭਣ ਵਿੱਚ ਬੇਬੱਸ ਵਿਖਾਈ ਦੇ ਰਿਹਾ ਹੈ।
ਆਈਟੀਆਈ ਚੌਂਕ ਦੇ ਚਲਦਿਆਂ ਜਿਥੇ ਅੰਬਾਲਾ ਤੋਂ ਚੰਡੀਗੜ੍ਹ ਵੱਲ ਜਾਣ ਵੇਲੇ ਲੈਹਲੀ ਤੋਂ ਸਰਸੀਣੀ 5 ਕਿਲੋਮੀਟਰ ਤੋਂ ਵੱਧ ਦਾ ਜਾਮ ਰਹਿੰਦਾ ਹੈ, ਉੱਥੇ ਹੀ ਚੰਡੀਗੜ੍ਹ ਤੌਂ ਅੰਬਾਲਾ ਵੱਲ ਆਉਣ ਵੇਲੇ ਲੈਹਲੀ ਤੋਂ ਲਾਲੜੂ ਮੰਡੀ ਤੱਕ ਜਾਮ ਵਾਲੀ ਸਥਿਤੀ ਦਿਨ-ਰਾਤ ਬਣੀ ਹੋਈ ਹੈ, ਜੋ ਘਟਣ ਦਾ ਨਾਂਅ ਹੀ ਨਹੀਂ ਲੈ ਰਹੀ। ਸਥਾਨਕ ਲੋਕਾਂ ਨੂੰ ਰੋਜਾਨਾ ਕੰਮਾਂ-ਕਾਰਾਂ ਉੱਤੇ ਜਾਣ ਵੇਲੇ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਦੀ ਅਪੀਲ ਹੈ ਕਿ ਲਗਾਤਾਰ ਵੱਧ ਰਹੀ ਆਵਾਜਾਈ ਉੱਤੇ ਕਾਬੂ ਪਾਇਆ ਜਾਵੇ ਅਤੇ ਅੰਬਾਲਾ ਤੇ ਬਨੂੰੜ ਵੱਲੋਂ ਆ ਰਹੀ ਆਵਾਜਾਈ ਨੂੰ ਘਟਾ ਕੇ ਇਸ ਨੂੰ ਹੋਰ ਬਦਲਵੇਂ ਰੂਟ ਦਿੱਤੇ ਜਾਣ ਤਾਂ ਜੋ ਸਥਾਨਕ ਲੋਕਾਂ ਨੂੰ ਸੁੱਖ ਦਾ ਸਾਹ ਮਿਲੇ।