ਟ੍ਰੈਫਿਕ ਇੰਚਾਰਜ ਨੇ ਨਿੱਜੀ ਸਕੂਲਾਂ ਦੇ ਵੈਨਾਂ ਦੀ ਕੀਤੀ ਚੈਕਿੰਗ, ਖਾਮੀਆਂ ਦੇ ਚੱਲਦਿਆਂ ਕੱਟੇ ਕਈਆਂ ਦੇ ਚਲਾਨ
ਦੀਪਕ ਗਰਗ
ਕੋਟਕਪੂਰਾ, 15 ਅਪ੍ਰੈਲ 2024 :- ਵੱਖ-ਵੱਖ ਵਾਹਨਾਂ ‘ਤੇ ਸਕੂਲਾਂ ਨੂੰ ਜਾਣ ਵਾਲੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲਾ ਪੁਲਸ ਮੁਖੀ ਹਰਜੀਤ ਸਿੰਘ ਆਈ.ਪੀ.ਐਸ. ਅਤੇ ਜਤਿੰਦਰ ਸਿੰਘ ਡੀ.ਐਸ.ਪੀ. ਕੋਟਕਪੂਰਾ ਦੀਆਂ ਹਦਾਇਤਾਂ ‘ਤੇ ਸਿਟੀ ਟਰੈਫਿਕ ਇੰਚਾਰਜ ਜਗਰੂਪ ਸਿੰਘ ਦੀ ਅਗਵਾਈ ਹੇਠ ਟਰੈਫਿਕ ਪੁਲਸ ਕੋਟਕਪੂਰਾ ਵੱਲੋਂ ਅੱਜ ਸਕੂਲੀ ਵਾਹਨਾਂ ਦੀ ਜਾਂਚ-ਪੜਤਾਲ ਕੀਤੀ ਗਈ ਅਤੇ ਕਈ ਵਾਹਨਾਂ ਦੇ ਚਲਾਨ ਵੀ ਕੱਟੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਟਰੈਫਿਕ ਇੰਚਾਰਜ ਜਗਰੂਪ ਸਿੰਘ ਅਤੇ ਹੌਲਦਾਰ ਸਾਹਿਬ ਸਿੰਘ ਆਦਿ ‘ਤੇ ਅਧਾਰਤ ਟਰੈਫਿਕ ਪੁਲਸ ਕੋਟਕਪੂਰਾ ਦੀ ਟੀਮ ਵੱਲੋਂ ਅੱਜ ਸ਼ਹਿਰ ਦੇ ਬੱਤੀਆਂ ਵਾਲੇ ਚੌਂਕ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਇਲਾਕੇ ’ਚ ਜਾ ਕੇ ਸਕੂਲੀ ਵਿਦਿਆਰਥੀਆਂ ਨੂੰ ਲਿਜਾਉਣ ਵਾਲੇ ਵਾਹਨਾਂ ਦੀ ਬਹੁਤ ਬਰੀਕੀ ਨਾਲ ਜਾਂਚ-ਪੜਤਾਲ ਕੀਤੀ ਗਈ।
ਇਸ ਦੌਰਾਨ ਟਰੈਫਿਕ ਪੁਲਸ ਦੀ ਟੀਮ ਵੱਲੋਂ ਫਸਟ ਏਡ ਬੌਕਸ, ਵਾਹਨ ਚਾਲਕਾਂ ਤੇ ਹੈਲਪਰ ਦੀ ਵਰਦੀ ਅਤੇ ਵਾਹਨਾਂ ਦੇ ਫਿਟਨੈੱਸ ਸਰਟੀਫਿਕੇਟ ਤੋਂ ਇਲਾਵਾ ਲੋੜੀਂਦੇ ਕਾਗਜਾਤ ਦੀ ਵੀ ਜਾਂਚ-ਪੜਤਾਲ ਕੀਤੀ ਗਈ। ਇਸ ਤੋਂ ਇਲਾਵਾ ਹਰ ਇੱਕ ਸਕੂਲੀ ਵਾਹਨ ਦੇ ਨਾਲ ਕੋਈ ਹੈਲਪਰ ਹੈ ਕਿ ਨਹੀਂ ਇਸ ਬਾਰੇ ਵੀ ਪੜ੍ਹਤਾਲ ਕੀਤੀ ਗਈ। ਇਸ ਸਬੰਧ ’ਚ ਟਰੈਫਿਕ ਇੰਚਾਰਜ ਜਗਰੂਪ ਸਿੰਘ ਨੇ ਦੱਸਿਆ ਕਿ ਸਕੂਲੀ ਵਾਹਨਾਂ ਨੂੰ ਹਾਦਸਿਆਂ ਤੋਂ ਬਚਾਉਣ ਲਈ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ।
ਉਨ੍ਹਾਂ ਦੱਸਿਆ ਕਿ ਵਾਹਨਾਂ ਦੇ ਨਾਲ ਹੈਲਪਰ ਨਾ ਹੋਣ ਅਤੇ ਵਰਦੀ ਨਾ ਪਾਏ ਹੋਣ ਤੋਂ ਇਲਾਵਾ ਅਧੁਰੇ ਕਾਗਜਾਤ ਦੇ 10 ਦੇ ਕਰੀਬ ਚਲਾਨ ਕੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਕੂਲੀ ਵਾਹਨਾਂ ਲਈ ਜਾਰੀ ਹਦਾਇਤਾਂ ਨੂੰ ਪੂਰੀ ਤਰ੍ਹਾਂ ਅਮਲ ਵਿੱਚ ਲਿਆਉਣ ਲਈ ਵਾਹਨ ਚਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਅਤੇ ਚਿਤਾਵਨੀ ਵੀ ਕੀਤੀ ਗਈ ਹੈ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਨ੍ਹਾਂ ਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਲਿਜਾਉਣ ਵਾਲੇ ਵਾਹਨਾਂ ਦੀ ਉਹ ਵੀ ਜਾਂਚ-ਪੜਤਾਲ ਜਰੂਰ ਕਰਨ। ਉਨ੍ਹਾਂ ਦੱਸਿਆ ਕਿ ਸਕੂਲੀ ਵਾਹਨਾਂ ਦੀ ਜਾਂਚ-ਪੜਤਾਲ ਲਈ ਟਰੈਫਿਕ ਪੁਲਸ ਕੋਟਕਪੂਰਾ ਵੱਲੋਂ ਕੀਤੀ ਗਈ ਇਹ ਕਾਰਵਾਈ ਆਉਣ ਵਾਲੇ ਸਮੇਂ ਵਿੱਚ ਵੀ ਲਗਾਤਾਰ ਜਾਰੀ ਰੱਖੀ ਜਾਵੇਗੀ ਤਾਂ ਜੋ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਨਾਇਆ ਜਾ ਸਕੇ।