ਕਿਸਾਨ ਕਣਕ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਪੱਕਣ ਉਪਰੰਤ ਹੀ ਕਟਾਈ ਕਰਵਾਉਣ - ਡਾ. ਮਨਜੀਤ ਸਿੰਘ
- ਕਣਕ ਦੀ ਫ਼ਸਲ ਨੂੰ ਅੱਗ ਦੀਆਂ ਦੁਰਘਟਨਾਵਾਂ ਤੋਂ ਬਚਾਉਣ ਲਈ ਕਿਸਾਨ ਵਿਸ਼ੇਸ਼ ਧਿਆਨ ਦੇਣ
ਮੋਗਾ 16 ਅਪ੍ਰੈਲ 2024: ਮੁੱਖ ਖੇਤੀਬਾੜੀ ਅਫ਼ਸਰ, ਮੋਗਾ ਡਾ: ਮਨਜੀਤ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਮੌਸਮ ਠੰਡਾ ਰਹਿਣ ਕਾਰਨ ਕਣਕ ਦੀ ਫ਼ਸਲ ਪੱਕਣ ਵਿਚ ਦੇਰੀ ਹੋ ਰਹੀ ਹੈ ਇਸ ਲਈ ਕਿਸਾਨ ਆਪਣੀ ਕਣਕ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਪੱਕਣ ਉਪਰੰਤ ਹੀ ਕਟਾਈ ਕਰਾਉਣ ਕਿਉਂਕਿ ਜੇਕਰ ਕਿਸਾਨ ਗਿੱਲੀ ਫ਼ਸਲ ਦੀ ਕਟਾਈ ਕਰਦੇ ਹਨ ਤਾਂ ਮਸ਼ੀਨਾਂ ਦੀ ਰਗੜ ਕਾਰਨ ਕਈ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਇਸ ਲਈ ਅਜਿਹੀਆਂ ਦੁਰਘਟਨਾਵਾਂ ਤੋਂ ਬਚਣ ਲਈ ਫ਼ਸਲ ਦਾ ਪੂਰੀ ਤਰ੍ਹਾਂ ਪੱਕ ਜਾਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਤੂੜੀ ਬਣਾਉਣ ਲਈ ਵੀ ਕਿਸਾਨ ਜਲਦੀ ਨਾ ਕਰਨ, ਜਦ ਨਾੜ ਪੂਰੀ ਤਰ੍ਹਾਂ ਸੁੱਕ ਜਾਵੇ ਤਾਂ ਹੀ ਤੂੜੀ ਵਾਲੀਆਂ ਮਸ਼ੀਨਾਂ ਨੂੰ ਚਲਾਇਆ ਜਾਵੇ।
ਉਨ੍ਹਾਂ ਅੱਗੇ ਦੱਸਿਆ ਕਿ ਜਿੱਥੇ ਬਿਜਲੀ ਦੀਆਂ ਤਾਰਾਂ ਢਿੱਲੀਆਂ ਹਨ, ਉਨ੍ਹਾਂ ਨੂੰ ਤੁਰੰਤ ਕਸਵਾ ਲਿਆ ਜਾਵੇ। ਹਰ ਕਿਸਾਨ ਟਰਾਂਸਫਾਰਮਰਾਂ ਦੇ ਹੇਠਾਂ ਅਤੇ ਉਸ ਦੇ ਦੁਆਲਿਓ ਘਾਹ ਫੂਸ ਸਾਫ਼ ਕਰ ਦੇਣ ਤਾਂ ਜੋ ਬਿਜਲੀ ਸਪਾਰਕ ਹੋਣ ਕਾਰਨ ਅੱਗ ਨਾ ਲੱਗੇ। ਜ਼ਿਲ੍ਹੇ ਦੇ ਸਮੂਹ ਕਿਸਾਨ ਖੇਤਾਂ ਵਿਚ ਮੋਟਰਾਂ ਦੇ ਚਵੱਚੇ, ਸਪਰੇ ਪੰਪ ਪਾਣੀ ਨਾਲ ਭਰ ਕੇ ਰੱਖਣ ਤਾਂ ਜੋ ਜੇਕਰ ਕਿਤੇ ਐਮਰਜੈਸੀ ਹੋਵੇ ਤਾਂ ਤੁਰੰਤ ਅੱਗ ਤੇ ਕਾਬੂ ਪਾਇਆ ਜਾ ਸਕੇ। ਆਪਣੇ ਖੇਤੀ ਦੇ ਸੰਦ ਜਿਵੇਂ ਟਰੈਕਟਰ ਅਤੇ ਹਲ ਹਮੇਸ਼ਾ ਤਿਆਰ ਰੱਖੇ ਜਾਣ ਤਾਂ ਜੋ ਲੋੜ ਪੈਣ ਤੇ ਤੁਰੰਤ ਵਰਤੇ ਜਾ ਸਕਣ। ਖੇਤਾਂ ਵਿਚ ਕੰਮ ਕਰਦੀ ਲੇਬਰ ਦਾ ਧਿਆਨ ਰੱਖਿਆ ਜਾਵੇ ਤਾਂ ਜੋ ਉਹ ਬੀੜੀ ਆਦਿ ਨਾ ਪੀਣ।
ਡਾ: ਮਨਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਮੋਗਾ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਇਸ ਸਮੇਂ ਪੂਰੀ ਚੌਕਸੀ ਵਰਤਣ ਦੀ ਅਪੀਲ ਕੀਤੀ ਹੈ।