ਟਰੈਫਿਕ ਪੁਲਿਸ ਲੈਹਲੀ ਨੇ ਨਿਯਮਾਂ ਦੀ ਉਲੰਘਣਾ ਕਰਨ ’ਵਾਲੀਆਂ ਬੱਸਾਂ ਦੇ ਕੀਤੇ ਚਲਾਨ
ਮਲਕੀਤ ਸਿੰਘ ਮਲਕਪੁਰ
ਲਾਲੜੂ 16 ਅਪ੍ਰੈਲ 2024: ਟ੍ਰੈਫਿਕ ਪੁਲਿਸ ਲੈਹਲੀ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਹਰਿਆਣਾ ਰੋਡਵੇਜ ਦੀਆਂ ਬੱਸਾ ਸਮੇਤ ਕਾਲਜ ਤੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ । ਟਰੈਫਿਕ ਪੁਲਿਸ ਵੱਲੋਂ ਕੌਮੀ ਮਾਰਗ ਉੱਤੇ ਗਲਤ ਸਾਇਡ ਜਾਣ ਵਾਲੀਆਂ ਹਰਿਆਣਾ ਰੋਡਵੇਜ ਦੀਆਂ ਬੱਸਾਂ ਦੇ ਚਲਾਨ ਵੀ ਕੀਤੇ ਗਏ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸ਼ੰਭੂ ਬੈਰੀਅਰ ਬੰਦ ਹੋਣ ਕਾਰਨ ਇਸ ਮਾਰਗ ’ਤੇ ਜੰਮੂ-ਲੁਧਿਆਣਾ ਵੱਲ ਜਾਣ ਵਾਲੀ ਆਵਾਜਾਈ ਵਿੱਚ ਭਾਰੀ ਵਾਧਾ ਹੋਇਆ ਹੈ,ਜਿਸ ਕਾਰਨ ਲਾਲੜੂ ਤੋਂ ਦੱਪਰ ਟੋਲ ਪਲਾਜ਼ਾ ਤੱਕ ਦਿਨ-ਰਾਤ ਜਾਮ ਵਰਗੀ ਸਥਿਤੀ ਬਣੀ ਹੋਈ ਹੈ।
ਇਸ ਮੌਕੇ ਥਾਣਾ ਇੰਚਾਰਜ ਲਾਲੜੂ ਗੁਰਜੀਤ ਸਿੰਘ ਅਤੇ ਟ੍ਰੈਫਿਕ ਇੰਚਾਰਜ ਲੈਹਲੀ ਜਸਬੀਰ ਸਿੰਘ ਨੇ ਦੱਸਿਆ ਕਿ ਇਸ ਰੂਟ 'ਤੇ ਵਾਹਨਾਂ ਦੀ ਗਿਣਤੀ ਵਧਣ ਕਾਰਨ ਹਰਿਆਣਾ ਰੋਡਵੇਜ਼ ਦੇ ਡਰਾਈਵਰ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਕੇ ਬੱਸਾਂ ਨੂੰ ਗਲਤ ਪਾਸੇ ਚਲਾ ਰਹੇ ਹਨ । ਬੱਸਾਂ ਦੇ ਚਾਲਕ ਤੇਜ਼ੀ ਦੇ ਚੱਕਰ ਵਿੱਚ ਆਵਾਜਾਈ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ, ਜਿਸ ਕਾਰਨ ਹਰ ਸਮੇਂ ਕੋਈ ਵੱਡਾ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਟਰੈਫਿਕ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਆਵਾਜਾਈ ਨੂੰ ਸਥਿਰ ਰੂਪ ਵਿੱਚ ਚਲਾਉਣ ਲਈ ਪੂਰੀ ਤਰ੍ਹਾਂ ਚੌਕਸ ਹਨ, ਜਿਸ ਦੇ ਚਲਦਿਆਂ ਅੱਜ ਪੁਲਿਸ ਨੇ ਕਰੀਬ ਸੱਤ ਸਰਕਾਰੀ ਬੱਸਾਂ ਦੇ ਚਲਾਨ ਕੀਤੇ।
ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਕਾਲਿਜਾਂ ਅਤੇ ਸਕੂਲਾਂ ਦੇ ਬੱਸ ਡਰਾਈਵਰਾਂ ਦੀਆਂ ਵਰਦੀਆਂ, ਸੀਸੀਟੀਵੀ ਕੈਮਰੇ, ਬੱਸਾਂ ਦੀ ਫਿਟਨੈਸ, ਡਰਾਈਵਰ ਲਾਇਸੈਂਸ ਸਮੇਤ ਬੱਸਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਕਾਲਿਜ ਦੀਆਂ ਬੱਸਾਂ ਦੇ ਚਾਲਕਾਂ ਦੀ ਬਿਨ੍ਹਾ ਵਰਦੀ, ਪ੍ਰੈਸ਼ਰ ਹਾਰਨ ਅਤੇ ਬਿਨ੍ਹਾਂ ਨਾਂਅ ਪਲੇਟ ਦੇ ਚਲਾਨ ਵੀ ਕੀਤੇ ਹਨ, ਜਦਕਿ ਹਰਿਆਣਾ ਰੋਡਵੇਜ ਦੀਆਂ ਬੱਸਾਂ ਦੇ ਗਲਤ ਸਾਇਡ ਚਲਾਉਣ ਦੇ ਚਲਾਨ ਕੀਤੇ ਹਨ। ਸ. ਜਸਬੀਰ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਪ੍ਰਾਈਵੇਟ ਕਾਲਿਜਾਂ ਅਤੇ ਸਕੂਲਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਬੱਸਾਂ ਨੂੰ ਟ੍ਰੈਫਿਕ ਨਿਯਮਾਂ ਅਨੁਸਾਰ ਚਲਾਉਣ ਤਾਂ ਜੋ ਬੱਚਿਆ ਨਾਲ ਕੋਈ ਅਣਸੁਖਾਵੀ ਘਟਨਾ ਨਾ ਵਪਰੇ।