ਸਿਵਲ ਸਰਜਨ ਵੱਲੋਂ ਸਮੂਹ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਨਾਲ ਵਿਸ਼ੇਸ਼ ਰੀਵਿਊ ਮੀਟਿੰਗ ਵਿੱਚ ਹਦਾਇਤਾਂ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 17 ਅਪ੍ਰੈਲ, 2024 - ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੀ ਯੋਗ ਰਹਿਨੁਮਾਈ ਹੇਠ ਸਿਵਲ ਸਰਜਨ ਦਫਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਮੰਗਲਵਾਰ ਨੂੰ ਸਮੂਹ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਨਾਲ ਵਿਸ਼ੇਸ਼ ਰੀਵਿਊ ਮੀਟਿੰਗ ਆਯੋਜਿਤ ਕੀਤੀ, ਜਿਸ ਦੌਰਾਨ ਉਨ੍ਹਾਂ ਸਾਰੇ ਸਿਹਤ ਪ੍ਰੋਗਰਾਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਉਨ੍ਹਾਂ ਦੇ ਟੀਚਿਆਂ ਦੀ ਮੁਕੰਮਲ ਪ੍ਰਾਪਤੀ 'ਤੇ ਜ਼ੋਰ ਦਿੱਤਾ।
ਇਸ ਮੌਕੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਸਿਹਤ ਕਾਰਜਾਂ ਦੀ ਸਮੀਖਿਆ ਕਰਦੇ ਹੋਏ ਸਿਹਤ ਅਧਿਕਾਰੀਆਂ ਨੂੰ ਦੱਸਿਆ ਕਿ ਨੈਸ਼ਨਲ ਬਲਾਈਂਡਨੈੱਸ ਕੰਟਰੋਲ
ਪ੍ਰੋਗਰਾਮ ਤਹਿਤ ਐੱਨ.ਜੀ.ਓਜ ਦੁਆਰਾ ਚਿੱਟੇ ਮੋਤੀਏ ਦੇ ਆਪ੍ਰੇਸ਼ਨ ਲਈ ਮੁਫਤ ਕੈਂਪ ਲਗਾਏ ਜਾਂਦੇ ਹਨ ਤੇ ਜਰੂਰਤਮੰਦਾਂ ਨੂੰ ਮੁਫਤ ਐਨਕਾਂ ਵੀ ਦਿੱਤੀਆਂ ਜਾਂਦੀਆਂ ਹਨ। ਨੈਸ਼ਨਲ ਬਲਾਈਂਡਨੈੱਸ ਕੰਟਰੋਲ ਪ੍ਰੋਗਰਾਮ ਨੂੰ ਹੋਰ ਅਸਰਦਾਰ ਢੰਗ ਨਾਲ ਚਲਾਉਣ ਲਈ ਜ਼ਿਲ੍ਹੇ ਵਿਚ ਇਸ ਪ੍ਰੋਗਰਾਮ ਨਾਲ ਜੁੜੇ ਐੱਨ.ਜੀ.ਓਜ ਨਾਲ ਤਾਲਮੇਲ ਕਾਇਮ ਕਰਕੇ ਉਨ੍ਹਾਂ ਦੀ ਸੈਨਸੀਟਾਈਜੇਸ਼ਨ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਪੋਰਟਲ 'ਤੇ ਸਮਾਂਬੱਧ ਐਂਟਰੀਆਂ ਅਤੇ ਰਿਪੋਰਟਿੰਗ ਬਾਰੇ ਵੀ ਦੱਸਿਆ ਜਾਵੇ। ਇਸ ਪ੍ਰੋਗਰਾਮ ਅਧੀਨ ਮਰੀਜ਼ਾਂ ਨੂੰ ਮੁਫਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਜੇਕਰ ਕਿਸੇ ਐੱਨ.ਜੀ.ਓਜ ਦੇ ਪ੍ਰਤੀ ਮਰੀਜ਼ ਦੇ ਹਿਸਾਬ ਨਾਲ ਨਿਰਧਾਰਿਤ ਕਲੇਮ ਪੈਂਡਿੰਗ ਹਨ ਤਾਂ ਉਨ੍ਹਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਮਾਤਰੀ ਮੌਤ ਦਰ ਘਟਾਉਣ ਲਈ ਜ਼ਿਲ੍ਹੇ ਵਿਚ ਗਾਈਨੀ ਦਾ ਕੰਮ ਕਰਦੇ ਪ੍ਰਾਈਵੇਟ ਹਸਪਤਾਲਾਂ ਨਾਲ ਵੀ ਸਿਹਤ ਵਿਭਾਗ, ਪੰਜਾਬ ਵੱਲੋਂ ਸਮੇਂ-ਸਮੇਂ 'ਤੇ ਜਾਰੀ ਕੀਤੀਆਂ ਜਾਂਦੀਆਂ ਸਿਹਤ ਦੇਖਰੇਖ ਸਬੰਧੀ ਗਾਈਡਲਾਈਨਾਂ ਸਾਂਝੀਆਂ ਕੀਤੀਆਂ ਜਾਣ ਤਾਂ ਜੋ ਜ਼ਿਲ੍ਹੇ ਵਿੱਚ ਗਰਭਵਤੀ ਔਰਤਾਂ ਨੂੰ ਹੋਰ ਬਿਹਤਰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਸਿਵਲ ਸਰਜਨ ਨੇ ਇਹ ਵੀ ਕਿਹਾ ਕਿ ਜ਼ਿਲ੍ਹੇ ਵਿੱਚ ਕੁਆਲਿਟੀ ਐਂਟੀਨੇਟਲ ਕੇਅਰ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਪ੍ਰਾਈਵੇਟ ਹਸਪਤਾਲਾਂ ਨੂੰ ਇਹ ਵੀ ਜਾਣੂ ਕਰਵਾਇਆ ਜਾਵੇ ਕਿ ਸਾਰੀਆਂ ਗਰਭਵਤੀ ਔਰਤਾਂ ਦਾ ਇੱਕ ਮੈਡੀਸਨ ਸਪੈਸ਼ਲਿਸਟ ਦੁਆਰਾ ਵੀ "ਲਾਜ਼ਮੀ ਚੈੱਕਅਪ" ਕਰਵਾਉਣਾ ਜ਼ਰੂਰੀ ਹੈ। ਇਸ ਤੋਂ ਇਲਾਵਾ, ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਸਾਰੀਆਂ ਗਰਭਵਤੀ ਔਰਤਾਂ ਦੀ ਨਿਯਮਿਤ ਜਾਂਚ ਦੇ ਨਾਲ-ਨਾਲ ਈ.ਸੀ.ਜੀ., ਐੱਲ.ਐੱਫ.ਟੀ., ਟੀ.ਐਫ.ਟੀ., ਜੀ.ਡੀ.ਐੱਮ. ਟੈਸਟ ਲਾਜ਼ਮੀ ਤੌਰ 'ਤੇ ਕਰਵਾਉਣੇ ਚਾਹੀਦੇ ਹਨ। ਗਰਭ ਅਵਸਥਾ ਦੌਰਾਨ ਇਹ ਜਾਂਚ ਗਰਭਵਤੀ ਔਰਤਾਂ ਦੀ ਕਿਸੇ ਵੀ ਮੈਡੀਕਲ ਸਥਿਤੀ ਦੀ ਸ਼ੁਰੂਆਤੀ ਪਛਾਣ ਅਤੇ ਇਲਾਜ ਵਿੱਚ ਮਦਦ ਕਰੇਗੀ, ਜਿਸ ਨਾਲ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਅਣਜੰਮੇ ਬੱਚਿਆਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ।
ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਮੀਟਿੰਗ ਵਿਚ ਸਿਹਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਸਾਰੇ ਸਿਹਤ ਪ੍ਰੋਗਰਾਮਾਂ ਦੇ ਬਣਦੇ ਟੀਚੇ ਮਿਥੇ ਸਮੇਂ ’ਚ ਪੂਰੇ ਕਰਨੇ ਸਾਡੀ ਜ਼ਿੰਮੇਵਾਰੀ ਹੈ, ਜਿਨ੍ਹਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਸਿਵਲ ਸਰਜਨ ਡਾ ਬਲਬੀਰ ਕੁਮਾਰ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮਨਦੀਪ ਕਮਲ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਪ੍ਰੀਤ ਸਿੰਘ, ਜ਼ਿਲ੍ਹਾ ਸਿਹਤ ਅਫਸਰ ਡਾ. ਰੇਨੂੰ ਅਗਰਵਾਲ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਦਲਜੀਤ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਜ਼ਿਲ੍ਹਾ ਨਿਗਰਾਨੀ ਤੇ ਮੁਲਾਂਕਣ ਅਫਸਰ ਗੁਰਪ੍ਰੀਤ ਸਿੰਘ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।