ਮਨਜੀਤ ਸਿੰਘ ਮੰਨਾ ਦੀ ਜਿੱਤ ਨਾਲ ਮਾਝੇ 'ਚ ਲਹਿਰਾਏਗਾ ਬੀਜੇਪੀ ਦਾ ਝੰਡਾ - ਦੇਵਗਨ
- ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵਲੋਂ ਕੀਤੀ ਜਾ ਰਹੀ ਅਣਥੱਕ ਮਿਹਨਤ ਲਿਆ ਰਹੀ ਰੰਗ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,20 ਅਪ੍ਰੈਲ 2024 - ਪਹਿਲੀ ਵਾਰ ਪੰਜਾਬ ਅੰਦਰ ਇਕੱਲੇ ਤੌਰ 'ਤੇ ਚੋਣ ਮੈਦਾਨ ਵਿੱਚ ਨਿੱਤਰੀ ਭਾਰਤੀ ਜਨਤਾ ਪਾਰਟੀ ਦਾ ਮਾਝੇ ਦੀ ਧਰਤੀ 'ਤੇ ਪਰਚਮ ਲਹਿਰਾਏਗਾ ਕਿਉਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਉਮੀਦਵਾਰ ਮਨਜੀਤ ਸਿੰਘ ਮੰਨਾ ਦੀ ਜਿੱਤ ਲਈ ਪਾਰਟੀ ਕੇਡਰ ਦੀ ਮਿਹਨਤ ਦੇ ਨਾਲ-ਨਾਲ ਆਮ ਜਨਤਾ ਦਾ ਵੱਡੀ ਪੱਧਰ 'ਤੇ ਮੈਂਬਰਸ਼ਿਪ ਹਾਸਲ ਕਰਨ ਲਈ ਉਤਸ਼ਾਹ ਦਿਖਾਉਣਾ ਇਸ ਗੱਲ ਦਾ ਗਵਾਹ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਯੁਵਾ ਮੋਰਚਾ ਸਰਕਲ ਸਰਹਾਲੀ ਕਲਾਂ ਦੇ ਪ੍ਰਧਾਨ ਲਵਦੀਪ ਦੇਵਗਨ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਾਮਿਸਾਲੀ ਫੈਸਲਿਆਂ ਤੋਂ ਬਾਅਦ ਧੜਾਧੜ ਸਿਆਸੀ ਤੇ ਗੈਰ ਸਿਆਸੀ ਲੋਕਾਂ ਦਾ ਪਾਰਟੀ 'ਚ ਆਉਣਾ ਭਾਜਪਾ ਦੀ ਹੈਟ੍ਰਿਕ ਦਾ ਰਾਹ ਖੋਲ ਰਿਹਾ ਹੈ।
ਉਹਨਾਂ ਕਿਹਾ ਕਿ ਹਲਕਾ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰੇ ਮਨਜੀਤ ਸਿੰਘ ਮੰਨਾ ਦੀ ਜਿੱਤ ਲਈ ਸਭ ਤੋਂ ਵੱਧ ਲੀਡ ਤਰਨਤਾਰਨ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਦੀ ਹੋਵੇਗੀ ਕਿਉਂਕਿ ਪਾਰਟੀ ਦੇ ਜਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਦਰਜਾ ਬ ਦਰਜਾ ਨੌਜਵਾਨਾਂ ਨੂੰ ਦਿੱਤੀਆਂ ਨੁਮਾਇੰਦਗੀਆਂ,ਪਿੰਡ ਪੱਧਰ ਤੱਕ ਕੀਤਾ ਹੋਮਵਰਕ,ਬਦਲਾਖੋਰੀ ਦੀ ਰਾਜਨੀਤੀ ਨੂੰ ਤਿਲਾਂਜਲੀ ਦੇ ਕੇ ਵਿਕਾਸ ਦੀ ਨਵੀਂ ਇਬਾਰਤ ਲਿਖਣ ਦੇ ਪਾਂਧੀ ਬਣਕੇ ਲੋਕਾਂ ਵਿੱਚ ਵਿਚਰ ਰਹੇ ਹਨ।ਜਿਸ ਕਾਰਨ ਹਰੇਕ ਵਰਗ ਦਾ ਵੱਡਾ ਵੋਟ ਬੈਂਕ ਭਾਜਪਾ ਦੇ ਹੱਕ ਵਿੱਚ ਭੁਗਤੇਗਾ।ਇਸ ਮੌਕੇ ਤੇ ਮੰਡਲ ਪ੍ਰਧਾਨ ਗੌਰਵ ਦੇਵਗਨ,ਪ੍ਰਧਾਨ ਜਸਪਾਲ ਸਿੰਘ ਐਸਸੀ ਵਿੰਗ,ਜਨਰਲ ਸਕੱਤਰ ਡਾਕਟਰ ਗੁਰਮੇਜ ਸਿੰਘ,ਮੇਜਰ ਸਿੰਘ ਕਨਵੀਨਰ ਵਪਾਰ ਸੈੱਲ ਤਰਨਤਾਰਨ,ਨਛੱਤਰ ਸਿੰਘ ਜਨਰਲ ਸਕੱਤਰ,ਸੰਦੀਪ ਸ਼ਰਮਾਂ,ਅਵਤਾਰ ਸਿੰਘ ਬੰਟੀ ਜਨਰਲ ਸਕੱਤਰ ਐਸਸੀ ਮੋਰਚਾ ਤਰਨਤਾਰਨ,ਜਿਲਾ ਜਨਰਲ ਸਕੱਤਰ ਸ਼ਿਵ ਕੁਮਾਰ ਸੋਨੀ ਆਦਿ ਅਹੁਦੇਦਾਰ ਹਾਜ਼ਰ ਸਨ।