ਰੂਪਨਗਰ: ਜ਼ਿਲ੍ਹੇ ਵਿਚ ਵੱਖ-ਵੱਖ ਧਾਰਾਵਾਂ 144 ਲਾਗੂ, ਪੜ੍ਹੋ ਵੇਰਵਾ
- ਜ਼ਿਲ੍ਹੇ ਮੈਜਿਸਟਰੇਟ ਵਲੋਂ ਹੋਟਲ, ਢਾਬੇ, ਸਰਾਵਾਂ, ਰੈਸਟੋਰੈਂਟ ‘ਚ ਠਹਿਰਨ ਵਾਲੇ ਵਿਅਕਤੀਆਂ ਦੇ ਪੰਜ ਪਛਾਣ ਪੱਤਰ ਲੈਣ ਦੀ ਹਦਾਇਤ
ਰੂਪਨਗਰ, 23 ਅਪ੍ਰੈਲ 2024: ਹੋਟਲ, ਢਾਬੇ, ਸਰਾਵਾਂ, ਰੈਸਟੋਰੈਟ ਵਿਚ ਠਹਿਰਨ ਵਾਲੇ ਵਿਅਕਤੀਆਂ ਦੀ ਸੂਚਨਾ ਨਾ ਰੱਖਣ ਦਾ ਨੋਟਿਸ ਲੈਂਦਿਆਂ, ਜ਼ਿਲ੍ਹਾ ਮੈਜਿਸਟਰੇਟ ਡਾ. ਪ੍ਰੀਤੀ ਯਾਦਵ ਵਲੋਂ ਸਬੰਧਤ ਅਦਾਰਿਆਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹੁਣ ਹਰ ਵਿਅਕਤੀ ਤੋਂ ਪੰਜ ਪ੍ਰਕਾਰ ਦੇ ਪਛਾਣ ਪੱਤਰ ਹਾਸਲ ਕਰਨਗੇ ਅਤੇ ਇਸ ਰਿਕਾਰਡ ਸਬੰਧੀ ਇਕ ਰਜਿਸਟਰ ਲਗਾਉਣਗੇ ਤਾਂ ਜੋ ਜ਼ਿਲ੍ਹੇ ਵਿਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਡਾ. ਪ੍ਰੀਤੀ ਯਾਦਵ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਥਾਂਵਾਂ ਤੇ ਠਹਿਰਨ ਵਾਲੇ ਵਿਅਕਤੀਆਂ ਬਾਰੇ ਰਜਿਸਟਰ ਲਗਾਉਣਗੇ ਅਤੇ ਉਸ ਵਿਅਕਤੀ ਪਾਸੋਂ ਪੰਜ ਪ੍ਰਕਾਰ ਦੇ ਪਛਾਣ ਪੱਤਰ ਜਿਵੇਂ ਕਿ ਪਾਸਪੋਰਟ, ਡਰਾਇਵਿੰਗ ਲਾਇਸੰਸ, ਭਾਰਤ ਸਰਕਾਰ/ਰਾਜ ਸਰਕਾਰ/ਪੀਐਸ/ਪਬਲਿਕ ਲਿਮ. ਕੰਪਨੀਆਂ ਦੇ ਕਰਮਚਾਰੀਆਂ ਨੂੰ ਜਾਰੀ ਕੀਤਾ ਗਿਆ ਸਰਵਿਸ ਪਛਾਣ ਪੱਤਰ ਸਮੇਤ ਫੋਟੋਗ੍ਰਾਫ/ਬੈਂਕ/ਪੋਸਟ ਆਫਿਸ ਵਲੋਂ ਜਾਰੀ ਕੀਤੀ ਪਾਸਬੁੱਕ ਸਮੇਤ ਫੋਟੋਗ੍ਰਾਫ/ਪੈਨਕਾਰਡ, ਰਜਿਸਟਰ ਜਨਰਲ ਆਫ ਇੰਡੀਆ ਵਲੋਂ ਜਾਰੀ ਕੀਤਾ ਸਮਾਰਟ ਕਾਰਡ, ਮਗਨਰੇਗਾ ਸਕੀਮ ਤਹਿਤ ਜਾਰੀ ਜ਼ੋਬ ਕਾਰਡ, ਮਨਿਸਟਰੀ ਆਫ ਲੇਬਰ ਸਕੀਮ ਅਧੀਨ ਜਾਰੀ ਕੀਤਾ ਗਿਆ ਹੈਲਥ ਇੰਸੋਰੈਂਸ਼ ਸਮਾਰਟ ਕਾਰਡ, ਪੈਨਸ਼ਨ ਕਾਗਜਾਤ ਸਮੇਤ ਫੋਟੋਗ੍ਰਾਫ, ਐਮਪੀਜ਼/ਐਮਐਲਏ/ਐਮਐਲਸੀਜ਼ ਨੂੰ ਜਾਰੀ ਅਫਸਰ ਕਾਰਡ ਅਤੇ ਅਧਾਰ ਕਾਰਡ ਹੈ।
ਨੰਬਰ ਪਲੇਟ ਬਣਾਉਣ ਵਾਲੇ ਤੇ ਨੰਬਰ ਲਿਖਦੇ ਸਮੇਂ ਰਜਿਸਟਰ ਮੇਨਟੇਨ ਕਰਨ ਦੀ ਹਦਾਇਤ
ਜ਼ਿਲ੍ਹੇ ਵਿਚ ਮਾੜੇ ਅਨਸਰ ਗੈਂਗਸਟਰ ਮੋਟਰ ਸਾਈਕਲਾਂ/ਸਕੂਟਰਾਂ/ਕਾਰਾਂ/ਵਹੀਕਲਾਂ ਤੇ ਜਾਲੀ ਨੰਬਰ ਲਗਾ ਕੇ ਲੁੱਟ-ਖੋਹ ਅਤੇ ਹੋਰ ਜੁਰਮ ਕਰਦੇ ਹਨ ਜਿਨ੍ਹਾਂ ਨੂੰ ਗ੍ਰਿਫਤਰ ਵਿਚ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਇਸ ਮੁਸ਼ਕਿਲ ਨੂੰ ਮੁੱਖ ਰਖਦੇ ਹੋਏ ਜ਼ਿਲ੍ਹਾ ਮੈਜਿਸਟਰੇਟ, ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਰਜਿਸਟਰ ਮੈਨਟੇਨ ਕਰਨ ਤੋਂ ਬਿਨ੍ਹਾ ਨੰਬਰ ਪਲੇਟ ਅਤੇ ਨੰਬਰ ਲਿਖਣ ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਗਏ ਹਨ। ਇਸ ਸਬੰਧੀ ਜ਼ਿਲ੍ਹੇ ਵਿਚ ਨੰਬਰ ਪਲੇਟ ਬਣਾਉਣ ਵਾਲੇ ਅਤੇ ਨੰਬਰ ਲਿਖਦੇ ਸਮੇਂ ਰਜਿਸਟਰ ਮੇਨਟੇਨ ਕਰਨ ਦੀ ਹਦਾਇਤ ਕੀਤੀ ਹੈ।
ਜਨਤਕ ਸਥਾਨਾਂ ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ *ਤੇ ਪਾਬੰਦੀ
ਜ਼ਿਲ੍ਹਾ ਮੈਜਿਸਟਰੇਟ, ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿਚ ਜਨਤਕ ਸਥਾਨਾਂ ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ, ਰੈਲੀਆਂ ਕੱਢਣ, ਧਰਨਾ ਲਗਾਉਣ ਆਦਿ *ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਇਹ ਹੁਕਮ ਪੈਰਾ ਮਿਲਟਰੀ ਫੋਰਸ, ਮਿਲਟਰੀ ਫੋਰਸ ਅਤੇ ਸਰਕਾਰੀ ਡਿਊਟੀ ਤੇ ਤਾਇਨਾਤ ਅਧਿਕਾਰੀ/ਕਰਮਚਾਰੀ, ਧਾਰਮਿਕ ਰਸਮਾਂ, ਸ਼ਾਦੀਆਂ ਜਾਂ ਨਿੱਜੀ ਸਮਾਗਮਾਂ ਅਤੇ ਮ੍ਰਿਤਕਾਂ ਦੇ ਸਸਕਾਰ ਕਰਨ ਸਬੰਧੀ ਹੋਣ ਵਾਲੇ ਇੱਕਠ *ਤੇ, ਉਨ੍ਹਾਂ ਜਲੂਸਾਂ/ਮੀਟਿੰਗਾਂ/ ਧਰਨਿਆਂ ਤੇ ਜਿਨ੍ਹਾਂ ਸਬੰਧੀ ਪ੍ਰਬੰਧਕਾਂ ਵਲੋਂ ਲਿਖਤੀ ਬੇਨਤੀ ਕਰਕੇ ਸਬੰਧਤ ਉਪ ਮੰਡਲ ਮੈਜਿਸਟਰੇਟ/ਯੋਗ ਪੁਲਿਸ ਅਧਿਕਾਰੀ ਪਾਸੋਂ ਲਿਖਤੀ ਪ੍ਰਵਾਨਗੀ ਲਈ ਗਈ ਹੋਵੇ ਉਨ੍ਹਾ ਤੇ ਨਹੀਂ ਲਾਗੂ ਹੋਣਗੇ।
ਪਲਾਸਟਿਕ ਲਿਫਾਫਿਆਂ ਦੀ ਵਰਤੋਂ ਉਤੇ ਮੁਕੰਮਲ ਪਾਬੰਦੀ
ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਨੇ ਹੁਕਮ ਜਾਰੀ ਕਰਦਿਆਂ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਉਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਜ਼ਿਲ੍ਹਾ ਮੈਜਿਸਟਰੇਟ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਪਲਾਸਟਿਕ ਅਤੇ ਕੈਰੀ ਬੈਗਜ਼ (ਮੈਨੂਫੈਕਚਰਜ਼ ਯੂਜਿਸ ਅਤੇ ਡਿਸਪੋਜਲ) ਕੰਟਰੋਲ ਐਕਟ-2005 ਤਹਿਤ ਪਲਾਸਟਿਕ ਲਿਫਾਫਿਆਂ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਦੁਕਾਨਦਾਰਾਂ ਅਤੇ ਢਾਬਿਆਂ, ਹੋਟਲਾਂ ਆਦਿ ਦੇ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵਿਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ।
ਸ਼ਾਮ 7 ਤੋਂ ਸਵੇਰੇ 6 ਵਜੇ ਤੱਕ ਗਊ ਵੰਸ਼ ਦੀ ਢੋਆ-ਢੁਆਈ ਤੇ ਪੂਰਨ ਪਾਬੰਦੀ
ਜ਼ਿਲ੍ਹਾ ਮੈਜਿਸਟਰੇਟ, ਰੂਪਨਗਰ ਡਾ. ਪ੍ਰੀਤੀ ਯਾਦਵ ਦੱਸਿਆ ਕਿ ਜ਼ਿਲ੍ਹੇ ਵਿਚ ਸ਼ਾਮ 7 ਤੋਂ ਸਵੇਰੇ 6 ਵਜੇ ਤੱਕ ਗਊ ਵੰਸ਼ ਦੀ ਢੋਆ-ਢੁਆਈ ਤੇ ਪੂਰਨ ਪਾਬੰਦੀ ਲਗਾਉਂਣ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਜਿਨਾਂ ਲੋਕਾਂ ਨੇ ਗਊ ਵੰਸ਼ ਰੱਖੇ ਹੋਏ ਹਨ, ਉਨਾਂ ਨੂੰ ਪਸ਼ੂ ਪਾਲਣ ਵਿਭਾਗ ਪਾਸੋ ਰਜਿਸਟਰਡ ਕਰਵਾਉਣ ਦੇ ਆਦੇਸ਼ ਦਿਤੇ ਹਨ। ਇਨ੍ਹਾਂ ਹੁਕਮਾਂ ਅਨੁਸਾਰ ਡਿਪਟੀ ਡਾਇਰੈਕਟਰ, ਪਸ਼ੂ ਪਾਲਣ, ਰੂਪਨਗਰ ਇਹ ਯਕੀਨੀ ਬਣਾਉਣਗੇ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਜਿਨਾਂ ਲੋਕਾਂ ਪਾਸੋ ਗਊ ਵੰਸ਼ ਨੂੰ ਰੱਖਿਆ ਹੋਇਆ ਹੈ, ਉਹ ਉਨਾਂ ਨੂੰ ਰਜਿਸਟਰਡ ਜਰੂਰ ਕਰਾਉਣ।
ਰਹਿਣਗੇ।
ਮਿਲਟਰੀ ਰੰਗ ਦੀਆਂ ਜੀਪਾਂ/ਮੋਟਰ ਸਾਈਕਲਾਂ/ਮੋਟਰ ਗੱਡੀਆਂ ਦੀ ਵਰਤੋਂ ਅਤੇ ਕਰਨ ਉਤੇ ਪਾਬੰਦੀ
ਜ਼ਿਲ੍ਹਾ ਮੈਜਿਸਟਰੇਟ, ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਜ਼ਿਲਾ ਰੂਪਨਗਰ ਦੇ ਅੰਦਰ ਉਲਾਈਵ ਹਰੇ ਰੰਗ (ਮਿਲਟਰੀ ਰੰਗ) ਦੀਆਂ ਜੀਪਾਂ/ ਮੋਟਰ ਸਾਈਕਲਾਂ/ਮੋਟਰ ਗੱਡੀਆਂ ਦੀ ਵਰਤੋਂ ਨਹੀਂ ਕਰੇਗਾ।
ਉਨ੍ਹਾਂ ਦੱਸਿਆ ਕਿ ਕਿਸੇ ਵੀ ਸਮਾਗਮੀ ਤੱਤਾਂ ਵਲੋਂ ਮਿਲਟਰੀ ਵਰਦੀ ਅਤੇ ਉਲਾਈਵ ਹਰੇ ਰੰਗ (ਮਿਲਟਰੀ ਰੰਗ) ਅਜਿਹੇ ਰੰਗ ਦੀ ਵਰਤੋਂ ਕਰਕੇ ਹਿੰਸਕ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਜਿਸ ਕਰਕੇ ਆਮ ਜਨਤਾ ਨੂੰ ਇਨ੍ਹਾਂ ਰੰਗ ਦੀ ਵਰਤੋਂ ਨਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਹੁਕਮ ਮਿਲਟਰੀ ਅਧਿਕਾਰੀਆਂ ਤੇ ਲਾਗੂ ਨਹੀਂ ਹੋਵੇਗਾ।
ਆਰਮਡ ਫੋਰਸਿਸ, ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਦੀ ਵਰਦੀ ਅਣ-ਅਧਿਕਾਰਤ ਵਿਅਕਤੀ ਨੂੰ ਵੇਚਣ ਅਤੇ ਖਰੀਦ ਕਰਨ ਤੇ ਪਾਬੰਦੀ
ਜ਼ਿਲ੍ਹਾ ਮੈਜਿਸਟਰੇਟ, ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਜ਼ਿਲ੍ਹਾ ਰੂਪਨਗਰ ਦੀ ਹਦੂਦ ਦੇ ਅੰਦਰ ਆਰਮਡ ਫੋਰਸਿਸ, ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਦੀ ਵਰਦੀ ਦੀ ਵਰਤੋਂ ਅਣ-ਅਧਿਕਾਰਤ (ਬਾਲਗ ਵਿਅਕਤੀ) ਵਲੋਂ ਨਹੀਂ ਕਰੇਗਾ ਅਤੇ ਇਨ੍ਹਾਂ ਵਰਦੀਆਂ ਨੂੰ ਅਣ-ਅਧਿਕਾਰਤ ਵਿਅਕਤੀ ਨੂੰ ਵੇਚਣ ਅਤੇ ਖਰੀਦ ਕਰਨ ਤੇ ਵੀ ਪਾਬੰਦੀ ਲਗਾਉਂਣ ਦੇ ਹੁਕਮ ਜਾਰੀ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਰਦੀਆਂ ਦੀ ਵਰਤੋਂ ਕਰਕੇ ਕੋਈ ਵੀ ਸਮਾਜ ਵਿਰੋਧਿਤ ਤੱਤ ਹਿੰਸਕ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਜਿਸ ਕਰਕੇ ਆਮ ਜਨਤਾ ਨੂੰ ਇਨ੍ਹਾਂ ਰੰਗ ਦੀ ਵਰਤੋਂ ਨਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਆਰਮਡ ਫੋਰਸਿਸ, ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਅਧਿਕਾਰੀਆਂ ਤੇ ਲਾਗੂ ਨਹੀਂ ਹੋਵੇਗਾ।
ਮੈਰਿਜ ਪੈਲਸਾਂ ਵਿਚ ਹਥਿਆਰ ਆਦਿ ਲੈ ਕੇ ਆਉਣ ਦੀ ਪਾਬੰਦੀ
ਜ਼ਿਲ੍ਹਾ ਮੈਜਿਸਟਰੇਟ, ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਚੱਲ ਰਹੇ ਮੈਰਿਜ ਪੈਲਸਾਂ ਵਿਚ ਹਥਿਆਰ ਆਦਿ ਲੈ ਕੇ ਆਉਣ ਅਤੇ ਫਾਇਰ ਕਰਨ ਤੇ ਪੂਰਨ ਪਾਬੰਦੀ ਲਗਾਉਂਣ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਅਕਸਰ ਇਹ ਦੇਖਣ ਵਿਚ ਆਇਆ ਹੈ ਕਿ ਪੈਲਸਾਂ ਵਿਚ ਹੁੰਦੇ ਸਮਾਰੋਹ ਦੌਰਾਨ ਲੋਕ ਆਪਣੇ ਨਾਲ ਹਥਿਆਰ ਲੈ ਕੇ ਆਉਂਦੇ ਹਨ ਅਤੇ ਹਵਾਈ ਫਾਇਰ ਕਰਨਾ ਇਕ ਫੈਸ਼ਨ ਬਣ ਗਿਆ ਹੈ, ਜਿਸ ਨਾਲ ਕਈ ਵਾਰ ਅਣਸੁਖਾਵੀਂ ਘਟਨਾ ਵਾਪਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਨ੍ਹਾ ਕਿਹਾ ਕਿ ਇਨ੍ਹਾਂ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਪੇਲੈਸਾਂ ਵਿਚ ਹਥਿਆਰ ਲੈ ਕੇ ਆਉਣ ਤੇ ਪਾਬੰਦੀ ਲਗਾਈ ਗਈ ਹੈ।
ਮਕਾਨ ਮਾਲਕਾਂ, ਕਾਰਖਾਨੇਦਾਰਾਂ, ਹੋਟਲਾਂ, ਖੇਤੀਬਾੜੀ ਫਾਰਮਾਂ ਆਦਿ ਦੇ ਮਾਲਕਾਂ ਨੂੰ ਹੁਕਮ ਜਾਰੀ
ਜ਼ਿਲ੍ਹਾ ਮੈਜਿਸਟਰੇਟ, ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮਕਾਨਾਂ ਦੇ ਮਾਲਕਾਂ, ਕਾਰਖਾਨੇਦਾਰਾਂ, ਹੋਟਲਾਂ, ਖੇਤੀਬਾੜੀ ਫਾਰਮਾਂ ਆਦਿ ਦੇ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਕੋਈ ਮਕਾਨ ਮਾਲਕ ਵੱਲੋਂ ਕੋਈ ਵੀ ਨਵਾਂ ਕਿਰਾਏਦਾਰ ਜਾਂ ਕਿਸੇ ਉਦਯੋਗਿਕ, ਸਨਅਤੀ ਅਦਾਰੇ ਜਾਂ ਖੇਤੀਬਾੜੀ ਨਾਲ ਸਬੰਧਤ ਕੰਮ ਲਈ ਕੋਈ ਅਜਨਬੀ ਵਿਅਕਤੀ ਨੂੰ ਪੱਕੇ ਜਾਂ ਕੱਚੇ ਤੌਰ ਤੇ ਰੱਖਿਆ ਜਾਂਦਾ ਹੈ ਤਾਂ ਉਸਦੀ ਪੂਰੀ ਅਤੇ ਸਹੀ ਸੂਚਨਾ ਜਿਸ ਵਿੱਚ ਉਸ ਵਿਅਕਤੀ ਦਾ ਨਾਮ, ਪਤਾ, ਫੋਟੋ ਆਦਿ ਹੋਵੇ ਆਪਣੇ ਨਜ਼ਦੀਕੀ ਥਾਣੇ/ਚੌਂਕੀ ਵਿੱਚ ਤੁਰੰਤ ਦਰਜ ਕਰਵਾਈ ਜਾਵੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਿਚ ਬਾਹਰਲੇ ਰਾਜਾਂ ਤੋਂ ਇਥੇ ਆ ਕੇ ਬਹੁਤ ਪ੍ਰਵਾਸੀ ਮਜ਼ਦੂਰ ਕੰਮ ਕਰ ਰਹੇ ਹਨ ਅਤੇ ਆਪਣੇ ਪਰਿਵਾਰਾਂ ਸਮੇਤ ਰਹਿ ਰਹੇ ਹਨ। ਇਸੇ ਤਰ੍ਹਾਂ ਮਜ਼ਦੂਰ ਪਿੰਡਾਂ ਵਿਚ ਕਿਸਾਨਾਂ ਕੋਲ ਰਹਿੰਦੇ ਹਨ ਅਤੇ ਸ਼ਹਿਰਾਂ ਵਿਚ ਕਈ ਤਰ੍ਹਾਂ ਦੇ ਕੰਮ ਕਰਦੇ ਹਨ, ਜਿਥੇ ਉਹ ਕਿਰਾਏ ਤੇ ਜਾਂ ਆਪਣੀਆਂ ਝੁੱਗੀਆਂ ਬਣਾ ਕੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਵਾਸੀ ਮਜਦੂਰਾਂ ਦੇ ਨਾਲ ਨਾਲ ਕਰਾਇਮ ਪੇਸ਼ਾ ਲੋਕ ਵੀ ਮਜ਼ਦੂਰਾਂ ਦੇ ਰੂਪ ਵਿਚ ਆ ਜਾਂਦੇ ਹਨ ਜੋ ਕਰਾਇਮ ਕਰਕੇ ਆਪਣੇ ਰਾਜਾਂ ਨੂੰ ਚਲੇ ਜਾਂਦੇ ਹਨ, ਜਿਸਨੂੰ ਰੋਕਣਾ ਅਤਿ ਜਰੂਰੀ ਹੈ। ਉਨ੍ਹਾਂ ਕਿਹਾ ਹੈ ਕਿ ਇਸ ਸਬੰਧੀ ਮਕਾਨ ਮਾਲਕਾਂ, ਕਾਰਖਾਨੇਦਾਰਾਂ ਆਦਿ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਕੋਈ ਵੀ ਨਵਾਂ ਕਿਰਾਏਦਾਰ ਜਾਂ ਉਦਯੋਗਪਤੀ ਜਾਂ ਕਿਸਾਨ ਕਿਸੇ ਵਿਅਕਤੀ ਨੂੰ ਪੱਕੇ ਜਾਂ ਕੱਚੇ ਤੌਰ ਤੇ ਰੱਖਦਾ ਹੈ ਤਾਂ ਉਸ ਦੀ ਸਹੀ ਸੂਚਨਾ ਜਿਸ ਵਿਚ ਨਾਮ, ਪਤਾ, ਫੋਟੋ ਆਦਿ ਹੋਵੇ ਆਪਣੇ ਨਜ਼ਦੀਕੀ ਥਾਣੇ/ਚੌਂਕੀ ਵਿੱਚ ਤੁਰੰਤ ਦਰਜ ਕਰਵਾਈ ਜਾਵੇ।
ਨੂਰਪੁਰਬੇਦੀ ਤੋਂ ਬੂੰਗਾ ਸਾਹਿਬ ਰੋਡ ਵਿਖੇ ਆਉਣ-ਜਾਣ ਵਾਲੇ ਭਾਰੀ ਵਾਹਨਾਂ ਦੀ ਆਵਾਜਾਈ ਉਤੇ ਪਾਬੰਦੀ
ਜ਼ਿਲ੍ਹਾ ਮੈਜਿਸਟਰੇਟ ਵਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਨੂਰਪੁਰਬੇਦੀ ਤੋਂ ਬੂੰਗਾ ਸਾਹਿਬ ਰੋਡ ਵਿਖੇ ਆਉਣ-ਜਾਣ ਵਾਲੇ ਭਾਰੀ ਵਾਹਨਾਂ ਦੀ ਆਵਾਜਾਈ ਉਤੇ ਪਾਬੰਦੀ ਲਗਾਈ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾਂ ਮੈਜਿਸਟਰੇਟ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਨੂਰਪੁਰਬੇਦੀ ਤੋਂ ਬੂੰਗਾ ਸਾਹਿਬ ਰੋਡ *ਤੇ ਆਉਣ-ਜਾਣ ਵਾਲੇ ਓਵਰਲੋਡ ਟਿੱਪਰਾਂ ਤੇ ਭਾਰੀ ਵਾਹਨਾਂ ਦੀ ਪਾਬੰਦੀ ਲਗਾਉਣ ਤੋਂ ਬਾਅਦ ਇਸ ਰੋਡ ਤੇ ਕੋਈ ਐਕਸੀਡੈਂਟ ਨਹੀਂ ਹੋਇਆ। ਜਿਸ ਲਈ ਇਸ ਪਾਬੰਦੀ ਨੂੰ ਬਰਕਰਾਰ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਸੜਕ ਉੱਤੇ ਬਹੁਤ ਜਿਆਦਾ ਹੈਵੀ ਟਰੈਫਿਕ ਚੱਲਣ ਕਾਰਨ ਇਹ ਸੜਕ ਟੁਟਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਇਥੇ ਦੁਰਘਟਨਾਵਾਂ ਵੀ ਵਾਪਰਦੀਆਂ ਰਹਿੰਦੀਆਂ ਸਨ, ਜਿਸ ਕਾਰਨ ਇਸ ਇਲਾਕੇ ਦੇ ਲੋਕਾਂ ਵੱਲੋਂ ਇਸ ਸੜਕ ਉਤੇ ਹੈਵੀ ਟਰੈਫਿਕ ਨੂੰ ਚਲਾਉਣ ਤੋਂ ਰੋਕਣ ਲਈ ਵਾਰ ਵਾਰ ਮੰਗ ਗਈ ਸੀ।
ੳਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਇਹ ਸੜਕ ਇਤਿਹਾਸਕ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਨੂੰ ਜੁੜਦੀ ਹੋਣ ਕਾਰਨ ਇਸ ਤੇ ਭਾਰੀ ਆਵਾਜਾਈ ਰਹਿੰਦੀ ਹੈ। ਇਨ੍ਹਾਂ ਸਾਰੇ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਨੂਰਪੁਰਬਦੀ ਤੋਂ ਬੁੰਗਾ ਸਾਹਿਬ ਆਉਣ ਜਾਣ ਵਾਲੇ ਹੈਵੀ ਓਵਰਲੋਡ ਟਿੱਪਰਾਂ/ਭਾਰੀ ਵਾਹਨਾਂ ਦੇ ਚਲਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਹੁੱਕਾਂ ਬਾਰਾ ਦੇ ਸੰਚਾਲਨ ਤੇ ਪੂਰਨ ਪਾਬੰਦੀ
ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਤਹਿਤ ਸੂਬੇ ਵਿਚ ਕਿਸੇ ਵੀ ਕਿਸਮ ਦੇ ਹੁਕਾਂ ਬਾਰਾ ਤੇ ਪਾਬੰਦੀ ਲਗਾਈ ਹੈ।
ਇਸ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਡਾ. ਪ੍ਰੀਤੀ ਯਾਦਵ ਰੂਪਨਗਰ ਨੇ ਜ਼ਿਲ੍ਹਾ ਰੂਪਨਗਰ ਵਿਚ ਹੁੱਕਾਂ ਬਾਰਾਂ ਦੇ ਸੰਚਾਲਨ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਤੰਬਾਕੂ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਹੁੰਦੀ ਹੈ ਅਤੇ ਇਸ ਗੱਲ ਦਾ ਅਕਸਰ ਖਤਰਾ ਹੁੰਦਾ ਹੈ ਕਿ ਬਾਲਕ ਜਾਂ ਫਿਰ ਛੋਟੀ ਉਮਰ ਦੇ ਬੱਚਿਆਂ ਨੂੰ ਇਨ੍ਹਾਂ ਹੁੱਕਾਂ ਬਾਰਾਂ ਵਿਚ ਤੰਬਾਕੂ ਦੇ ਨਾਲ ਨਸ਼ਿਆਂ ਵਾਲੇ ਹਾਨੀਕਾਰਕ ਰਸਾਇਣ ਦਿੱਤੇ ਜਾ ਸਕਦੇ ਹਨ। ਜਿਸ ਲਈ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕੋਟਪਾ ਐਕਟ ਤਹਿਤ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਸਿਵਲ ਸਰਜਨ ਰੂਪਨਗਰ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਜੇਕਰ ਕੋਈ ਰੈਸਟੋਰੈਂਟ, ਹੋਟਲ ਅਤੇ ਪੇਲੈਸ ਆਦਿ ਵਿਖੇ ਹੁੱਕੇ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹੁੱਕੇ ਦੀ ਵਰਤੋਂ ਨੂੰ ਰੋਕਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੀ ਬਣਾਈ ਗਈਆਂ ਹਨ ਜਿਹੜੀਆਂ ਇਨ੍ਹਾਂ ਹੋਟਲਾਂ, ਪੇਲੈਸਾਂ ਆਦਿ ਦੀ ਅਚਨਚੇਤ ਚੈਕਿੰਗ ਕਰੇਗੀ।
ਨਕਲੀ ਅਤੇ ਅਣ-ਅਧਿਕਾਰਤ ਸੀਮਨ ਦੀ ਵਿਕਰੀ ਤੇ ਪਾਬੰਦੀ
ਪੰਜਾਬ ਸਰਕਾਰ ਵੱਲੋਂ ਰਾਜ ਵਿਚ ਵੱਖ-ਵੱਖ ਥਾਵਾਂ ਤੇ ਨਕਲੀ ਅਤੇ ਅਣ-ਅਧਿਕਾਰਤ ਸੀਮਨ ਦੀ ਵਿਕਰੀ ਬਾਰੇ ਅਤੇ ਵਿਭਾਗ ਦੀ ਬਰੀਡਿੰਗ ਪਾਲਿਸੀ ਤਹਿਤ ਅਣ-ਅਧਿਕਾਰਤ ਸੀਮਨ ਵਿਕਣ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਰਹਿੰਦਾ ਹੈ ਪ੍ਰੰਤੂ ਇਸ ਦੇ ਬਾਵਜੂਦ ਵਿਭਾਗ ਨੂੰ ਵੇਖਣ ਵਿੱਚ ਆਇਆ ਹੈ ਕਿ ਅਣ-ਅਧਿਕਾਰਤ ਸੀਮਨ ਨੂੰ ਰੱਖਿਆ/ਵੇਚਿਆ ਜਾ ਰਿਹਾ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਮੈਜੀਸਟ੍ਰੇਟ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਰੂਪਨਗਰ ਅੰਦਰ ਅਣ-ਅਧਿਕਾਰਿਤ ਤੌਰ ਉੱਤੇ ਸੀਮਨ ਦਾ ਭੰਡਾਰ ਕਰਨ/ਟ੍ਰਾਂਸਪੋਰਟੇਸ਼ਨ ਕਰਨ, ਵਰਤਣ ਜਾਂ ਵੇਚਣ ਤੇ ਪੂਰਨ ਪਾਬੰਦੀ ਲਗਾਈ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰਕਾਰ ਅਣ-ਅਧਿਕਾਰਤ ਤੌਰ ਤੇ ਵੇਚੇ/ਖਰੀਦੇ ਜਾ ਰਹੇ ਸੀਮਨ ਦੀ ਵਰਤੋਂ ਕਰਨਾ ਰਾਜ ਦੀ ਬਰੀਡਿੰਗ ਪਾਲਿਸੀ ਅਨੁਸਾਰ ਉਚਿੱਤ ਨਹੀਂ ਹੈ ਕਿਉਂਕਿ ਅਜਿਹਾ ਕਰਨ ਨਾਲ ਰਾਜ ਦੇ ਪਸ਼ੂ ਧਨ ਦੀ ਨਸਲ ਖਰਾਬ ਹੋਣ ਦਾ ਖਦਸ਼ਾ ਹੈ, ਕਿਉਂਕਿ ਅਜਿਹੇ ਸੀਮਨ ਦੀ ਪੈਡਿਗਰੀ ਬਾਰੇ ਕੁਝ ਪਤਾ ਨਹੀਂ ਹੁੰਦਾ। ਇਸ ਤੋਂ ਇਲਾਵਾ ਪਸ਼ੂ ਧਨ ਦੀ ਪ੍ਰੋਡਕਟੀਵਿਟੀ ਤੇ ਵੀ ਮਾੜਾ ਅਸਰ ਪੈ ਸਕਦਾ ਹੈ ਅਤੇ ਇਸ ਅਸਰ ਦਾ ਤੁਰੰਤ ਪਤਾ ਨਹੀਂ ਲੱਗ ਸਕਦਾ ਬਲਕਿ ਆਉਣ ਵਾਲੇ ਸਮੇਂ ਵਿਚ ਇਸਦਾ ਅਸਰ ਦਿਖੇਗਾ, ਅਜਿਹਾ ਹੋਣ ਦੀ ਸੂਰਤ ਵਿਚ ਵਿਭਾਗ ਦੁਆਰਾ ਪਿਛਲੇ ਲੰਬੇ ਸਮੇਂ ਤੋਂ ਪਸ਼ੂਆਂ ਦੀ ਨਸਲ ਸੁਧਾਰ (ਬਰੀਡਿੰਗ ਇੰਮਪਰੂਵਮੈਂਟ) ਲਈ ਕੀਤੇ ਜਾਣ ਵਾਲੇ ਸਮੁੱਚੇ ਉਪਰਾਲੇ ਬੇਕਾਰ ਹੋ ਜਾਣਗੇ ਕਿਉਂਕਿ ਵਿਭਾਗ ਦੁਆਰਾ ਭਾਰਤ ਸਰਕਾਰ ਦੇ ਮਾਪਦੰਡਾਂ ਅਤੇ ਰਾਜ ਵਿਚ ਬਰੀਡਿੰਗ ਪਾਲਿਸੀ ਅਨੁਸਾਰ ਹੀ ਆਪਣੇ ਲਾਈਵਸਟਾਕ ਫਾਰਮਜ਼ ਤੇ ਉੱਤਮ ਨਸਲ ਦੇ ਬੁੱਲਜ ਤੋਂ ਤਿਆਰ ਕੀਤਾ ਗਿਆ ਸੀਮਨ ਸਮਨੂਈ ਗਰਭਦਾਨ (ਆਰਟੀਫਿਸ਼ਲ ਇੰਨੀਸਿਮੀਨੇਸ਼ਨ) ਲਈ ਵਰਤਿਆ ਜਾਂਦਾ ਹੈ ਅਤੇ ਇਸੇ ਅਨੁਸਾਰ ਹੀ ਸੀਮਨ ਇੰਪੋਰਟ ਕੀਤਾ ਜਾਂਦਾ ਹੈ। ਇਸ ਤਰ੍ਹਾ ਅਣ-ਅਧਿਕਾਰਤ ਸੀਮਨ ਵੇਚਣਾ ਇਕ ਅਤਿ ਗੰਭੀਰ ਮਾਮਲਾ ਹੈ, ਜਿਸ ਦਾ ਫੌਰੀ ਹੱਲ ਕਰਨਾ ਬਹੁਤ ਲਾਜ਼ਮੀ ਹੈ। ਜਿਸ ਕਰਕੇ ਇਹ ਪਾਬੰਦੀ ਲਗਾਈ ਗਈ ਹੈ।
ਡਰੌਨਜ਼, ਪੈਰਾ ਗਲਾਈਡਰਜ਼, ਪੈਰਾਮੀਟਰਜ਼, ਪਾਵਰਡ-ਹੈਂਗ ਗਲਾਈਡਰਜ਼, ਮਾਈਕਰੋ ਲਾਈਟ ਏਅਰ ਕਰਾਫਟ ਅਤੇ ਏਅਰ ਬੈਲੂਨਜ਼ ਤੇ ਪਾਬੰਦੀ
ਸੀਨੀਅਰ ਪੁਲਿਸ ਕਪਤਾਨ,ਰੂਪਨਗਰ/ਉਪ ਮੰਡਲ ਮੈਜਿਸਟਰੇਟ, ਨੰਗਲ ਤੋਂ ਪ੍ਰਾਪਤ ਕੀਤੀ ਗਈ ਰਿਪੋਰਟ ਅਨੁਸਾਰ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ, ਨਿਆਂ ਨੰਗਲ ਦੀ ਸੁਰੱਖਿਆ ਦੇ ਮੱਦੇਨਜ਼ਰ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ, ਨਿਆਂ ਨੰਗਲ ਦੇ ਏਰੀਏ ਨੂੰ ‘ਨੌ ਡਰੌਨ ਜ਼ੋਨ’ ਘੋਸਿ਼ਤ ਕੀਤਾ ਗਿਆ ਹੈ।
ਇਸ ਇਲਾਕੇ ਵਿੱਚ ਡਰੌਨਜ਼, ਪੈਰਾ ਗਲਾਈਡਰਜ਼, ਪੈਰਾਮੀਟਰਜ਼, ਪਾਵਰਡ-ਹੈਂਗ ਗਲਾਈਡਰਜ਼, ਮਾਈਕਰੋ ਲਾਈਟ ਏਅਰ ਕਰਾਫਟ ਅਤੇ ਏਅਰ ਬੈਲੂਨਜ਼ ਆਦਿ ਸਮੇਤ ਡਰੌਨਜ਼ ਕੈਮਰਾ ਚਲਾਉਣ/ਉਡਾਉਣ ਉੱਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।
ਜ਼ਿਲ੍ਹਾ ਜੇਲ੍ਹ ਰੂਪਨਗਰ ਦੀ ਹਦੂਦ ਤੋਂ 500 ਮੀਟਰ ਤੱਕ ਦੇ ਏਰੀਏ ਵਿੱਚ ਡਰੋਨ ਦੀ ਵਰਤੋਂ ਉਤੇ ਪਾਬੰਦੀ
ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਪੰਜਾਬ ਰਾਜ ਵਿੱਚ ਆਮ ਵੇਖਣ ਵਿੱਚ ਆਇਆ ਹੈ ਕਿ ਡਰੋਨਾਂ ਦੀ ਵਧਦੀ ਪ੍ਰਸਿੱਧਤਾ ਅਤੇ ਅਸਾਨੀ ਨਾਲ ਮਿਲਣ ਕਾਰਣ ਜੇਲ੍ਹ ਵਿੱਚ ਸੁਰੱਖਿਆ ਪ੍ਰਬੰਧਾਂ ਦੀਆਂ ਉਲੰਘਣਾ ਦੀ ਸੰਭਾਵਨਾਂ ਵੱਧ ਜਾਣ ਦਾ ਖਦਸ਼ਾ ਹੈ। ਇਸ ਲਈ ਜਿਲ੍ਹਾ ਮੈਜਿਸਟਰੇਟ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜੇਲ੍ਹ ਰੂਪਨਗਰ ਦੀ ਹਦੂਦ ਤੋਂ 500 ਮੀਟਰ ਤੱਕ ਦੇ ਏਰੀਏ ਵਿੱਚ ਡਰੋਨ ਦੀ ਵਰਤੋਂ ਉਤੇ ਪਾਬੰਦੀ ਲਗਾਈ ਹੈ।
ਉਨ੍ਹਾਂ ਕਿਹਾ ਕਿ ਜੇਲ੍ਹ ਦੇ ਨੇੜੇ ਡਰੋਨ ਦੀ ਸੰਭਾਵੀ ਦੁਰਵਰਤੋਂ ਜਿਵੇਂ ਕਿ ਨਸ਼ੀਲੇ ਪਦਾਰਥਾਂ, ਮੋਬਾਇਲ, ਹਥਿਆਰ ਆਦਿ ਦੀ ਤਸਕਰੀ ਲਈ ਅਤੇ ਕਿਸੇ ਵੀ ਕੈਦੀ ਨੂੰ ਜੇਲ੍ਹਾਂ ਤੋਂ ਭਜਾਉਣ ਅਤੇ ਅੱਤਵਾਦ ਹਮਲੇ ਦੀ ਸੰਭਾਵਨਾਂ ਦੇ ਤੌਰ ਤੇ ਜੇਲ੍ਹਾਂ ਦੀ ਰੈਕੀ ਕਰਨ ਦੀ ਕੋਸ਼ਿਸ਼ ਨੂੰ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ। ਜਿਸ ਕਾਰਨ ਪੰਜਾਬ ਰਾਜ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਸ ਲਈ ਜਿਲ੍ਹਾ ਰੂਪਨਗਰ ਵਿਖੇ ਜੇਲ੍ਹ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਲ੍ਹਾ ਜੇਲ੍ਹ ਰੂਪਨਗਰ ਦੀ ਹਦੂਦ ਤੋਂ 500 ਮੀਟਰ ਤੱਕ ਦੇ ਏਰੀਏ ਨੂੰ ਨੌ ਡਰੋਨ ਜ਼ੋਨ ਏਰੀਆ ਘੋਸ਼ਿਤ ਕਰਨਾ ਜਰੂਰੀ ਸਮਝਿਆ ਜਾਂਦਾ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਹਥਿਆਰਾਂ ਦੀ ਪ੍ਰਦਰਸ਼ਨੀ, ਹਿੰਸਾ ਦਾ ਪ੍ਰਚਾਰ ਕਰਨ ਵਾਲੇ ਗੀਤਾਂ ਤੇ ਨਫਰਤੀ ਭਾਸ਼ਣਾਂ ‘ਤੇ ਪਾਬੰਦੀ
ਜ਼ਿਲ੍ਹੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਵਾਸਤੇ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਰੂਪਨਗਰ ਅੰਦਰ ਹਥਿਆਰਾਂ ਦੇ ਜਨਤਕ ਪ੍ਰਦਰਸ਼ਨੀ ‘ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ ਅਤੇ ਇਹ ਪਾਬੰਦੀ ਸੋਸ਼ਲ ਮੀਡੀਆ ‘ਤੇ ਵੀ ਲਾਗੂ ਰਹੇਗੀ।
ਇਸ ਤੋਂ ਇਲਾਵਾ ਵਿੱਦਿਅਕ ਸੰਸਥਾਵਾਂ ਵਿਆਹ ਸ਼ਾਦੀਆਂ/ਸਮਾਗਮਾਂ ਹੋਰ ਸਮਾਰੋਹਾਂ ਵਿੱਚ ਹਥਿਆਰਾਂ ਜਾਂ ਹੋਰ ਤੇਜ਼ਧਾਰ ਹਥਿਆਰ ਲੈਕੇ ਜਾਣ ਉਤੇ ਵੀ ਪੂਰਨ ਪਾਬੰਦੀ ਲਗਾਈ ਗਈ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਜੇਕਰ ਜ਼ਿਲ੍ਹੇ ਅੰਦਰ ਕੋਈ ਵੀ ਆਮ ਅਤੇ ਖਾਸ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇਗੀ।
ਇਸੇ ਤਰ੍ਹਾਂ ਹੀ ਡਾ. ਪ੍ਰੀਤੀ ਯਾਦਵ ਨੇ ਜ਼ਿਲਾ ਰੂਪਨਗਰ ਦੀ ਸੀਮਾ ਵਿਚ ਸਮਾਗਮਾਂ/ਪ੍ਰੋਗਰਾਮਾਂ ਵਿਖੇ ਹਥਿਆਰਾਂ, ਨਸ਼ਿਆਂ ਤੇ ਸ਼ਰਾਬ ਆਦਿ ਪ੍ਰਤੀ ਉਤਸ਼ਾਹਿਤ ਕਰਨ ਵਾਲੇ ਗੀਤਾਂ ਨੂੰ ਲਗਾਇਆ ਨਹੀਂ ਜਾਵੇਗਾ ਅਤੇ ਨਾ ਹੀ ਗਾਇਆ ਜਾਵੇਗਾ।
ਉਨਾਂ ਕਿਹਾ ਕਿ ਇਨਾਂ ਗੀਤਾਂ ਨੂੰ ਸੁਣਕੇ ਸਮਾਜ ’ਤੇ ਭੈੜਾ ਅਸਰ ਪੈਂਦਾ ਹੈ, ਜਿਸ ਲਈ ਇਨਾਂ ਗੀਤਾਂ ਦੀ ਰੋਕਥਾਮ ਕਰਨੀ ਅਤਿ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਭੜਕਾਊ ਭਾਸ਼ਣ ਉਤੇ ਵੀ ਪਾਬੰਦੀ ਲਗਾਈ ਗਈ ਹੈ।
ਡਿਪਟੀ ਕਮਿਸ਼ਨਰ ਵਲੋਂ ਚਾਈਨਾ ਡੋਰ ਵੇਚਣ, ਰੱਖਣ ਜਾਂ ਵਰਤੋਂ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਹੁਕਮ
ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਚਾਈਨਾ ਡੋਰ ਦੀ ਖਰੀਦ-ਵੇਚ, ਰੱਖਣ (ਸਟੋਰ ਕਰਨਾ) ਜਾਂ ਪਤੰਗਬਾਜ਼ੀ ਲਈ ਵਰਤੋਂ ‘ਤੇ ਧਾਰਾ 144 ਅਧੀਨ ਪੂਰਨ ਪਾਬੰਦੀ ਲਗਾਈ ਗਈ ਹੈ। ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਨੇ ਸਮੂਹ ਸਬ-ਡਵੀਜ਼ਨਲ ਮੈਜਿਸਟ੍ਰੇਟਾਂ ਨੂੰ ਗੈਰ ਕਾਨੂੰਨੀ ਚਾਈਨਾ ਡੋਰ ਦੀ ਪਕੜ ਲਈ ਛਾਪੇਮਾਰੀ ਕਰਨ ਦੀ ਹਦਾਇਤ ਜਾਰੀ ਕੀਤੀ ਹੈ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ ਪਤੰਗਬਾਜ਼ੀ ਕਾਫੀ ਮਾਤਰਾ ਵਿੱਚ ਕੀਤੀ ਜਾਂਦੀ ਹੈ ਅਤੇ ਇਹ ਸਾਰੀ ਪਤੰਗਬਾਜ਼ੀ ਸੰਥੈਟਿਕ ਅਤੇ ਪਲਾਸਟਿਕ ਤੋਂ ਬਣੀ ਚਾਈਨਾ ਡੋਰ ਦੀ ਵਰਤੋਂ ਨਾਲ ਕੀਤੀ ਜਾਂਦੀ ਹੈ ਜੋ ਕਿ ਕਾਫੀ ਮਜ਼ਬੂਤ ਅਤੇ ਤੇਜ਼ਧਾਰ ਹੁੰਦੀ ਹੈ ਜਿਸ ਨਾਲ ਪਤੰਗ ਉਡਾਉਣ ਵਾਲਿਆਂ ਦੇ ਹੱਥ, ਉਗਲਾਂ ਅਤੇ ਕੰਨ ਕੱਟੇ ਜਾਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਕਿਸੇ ਵੀ ਅਧਿਕਾਰੀ ਦੇ ਅਧਿਕਾਰ ਖੇਤਰ ਵਿੱਚ ਚਾਈਨਾ ਡੋਰ ਦੀ ਵਰਤੋਂ ਖਰੀਦ-ਵੇਚ, ਰੱਖਣ (ਸਟੋਰ ਕਰਨਾ) ਪਾਈ ਜਾਂਦੀ ਹੈ ਤਾਂ ਡਿਊਟੀ ਦੀ ਅਣਗਹਿਲੀ ਕਰਨ ਵਾਲੇ ਅਧਿਕਾਰੀ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਡੋਰ ਦੇ ਨਾਲ ਸੜਕ ਹਾਦਸੇ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ। ਇਹ ਮਨੁੱਖੀ ਜਾਨਾਂ ਅਤੇ ਪੰਛੀਆਂ ਲਈ ਬਹੁਤ ਘਾਤਕ ਸਿੱਧ ਹੋ ਰਹੀਂ ਹੈ। ਇਸ ਡੋਰ ਵਿੱਚ ਫਸੇ ਹੋਏ ਪੰਛੀਆਂ ਦੀਆਂ ਮੌਤਾਂ ਵੀ ਆਮ ਦੇਖਣ ਨੂੰ ਮਿਲ ਜਾਂਦੀਆਂ ਹਨ। ਜੋ ਕਿ ਇੱਕ ਦੁਖਦ ਘਟਨਾ ਹੈ ਅਤੇ ਨਾਲ ਹੀ ਉਨ੍ਹਾਂ ਦੇ ਰੁੱਖਾਂ ਤੇ ਟੰਗੇ ਰਹਿਣ ਕਾਰਨ ਬਦਬੂ ਨਾਲ ਵਾਤਾਵਰਨ ਵੀ ਦੂਸ਼ਿਤ ਹੁੰਦਾ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਮੋਟਸਾਈਕਲਾਂ, ਟਰੈਕਟਰਾਂ ਤੇ ਸਬੰਧਤ ਸੰਦਾਂ ਦੇ ਖਤਰਨਾਕ ਪ੍ਰਦਰਸ਼ਨ/ਸਟੈਂਟ ਆਯੋਜਿਤ ਕਰਨ ‘ਤੇ ਪਾਬੰਦੀ
ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਆਈ.ਏ.ਐੱਸ. ਡਾ. ਪ੍ਰੀਤੀ ਯਾਦਵ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਰਾਜ ਵਿੱਚ ਬੀਤੇ ਦਿਨੀ ਕੁਝ ਘਟਨਾਵਾਂ ਵਾਪਰੀਆਂ ਹਨ ਜਿਹਨਾਂ ਵਿੱਚ, ਟਰੈਕਟਰਾਂ ਅਤੇ ਸਬੰਧਤ ਸੰਦਾਂ ਦੇ ਖਤਰਨਾਕ ਪ੍ਰਦਰਸ਼ਨ/ਸਟੈਂਟ ਦੌਰਾਨ ਨੌਜਵਾਨਾਂ ਨੂੰ ਗੰਭੀਰ ਸੱਟਾਂ ਆਈਆਂ ਹਨ ਅਤੇ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਹੈ।
ਇਸ ਲਈ ਜਿਲ੍ਹਾ ਮੈਜਿਸਟ੍ਰੇਟ, ਰੂਪਨਗਰ ਅਧੀਨ ਧਾਰਾ 144 ਸੀ.ਆਰ.ਪੀ.ਸੀ. ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਤਹਿਤ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਟਰੈਕਟਰਾਂ, ਮੋਟਰਸਾਇਕਲਾਂ ਅਤੇ ਸਬੰਧਤ ਸੰਦਾਂ ਦੇ ਖਤਰਨਾਕ ਪ੍ਰਦਰਸ਼ਨ ਸਟੰਟ ਨੂੰ ਆਯੋਜਿਤ ਕਰਨ ਉਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਜਾਂਦੀ ਹੈ।
ਇਹ ਹੁਕਮ ਉਪ ਮੰਡਲ ਮੈਜਿਟਰੇਟ, ਉਪ ਕਪਤਾਨ ਪੁਲਿਸ, ਵਿਕਾਸ ਤੇ ਪੰਚਾਇਤ ਅਫਸਰ ਅਤੇ ਮੁੱਖ ਖੇਤੀਬਾੜੀ ਅਫਸਰ ਲਾਗੂ ਕਰਵਾਉਣ ਲਈ ਪਾਬੰਦ ਹੋਣਗੇ।
ਇਹ ਸਾਰੇ ਹੁਕਮ 24 ਅਪ੍ਰੈਲ 2024 ਤੋਂ 23 ਜੂਨ 2024 ਤੱਕ ਲਾਗੂ ਰਹਿਣਗੇ।