ਐਡੀਸ਼ਨਲ ਜ਼ਿਲ੍ਹਾ ਮੈਜਿਸਟਰੇਟ ਵਲੋਂ ਚੋਣਾਂ ਦੀ ਪ੍ਰਕੀਰਿਆ ਦੌਰਾਨ ਜ਼ਿਲ੍ਹੇ ‘ਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਹਦਾਇਤਾਂ ਜਾਰੀ
ਰੂਪਨਗਰ, 15 ਮਈ 2024: ਲੋਕ ਸਭਾ ਚੋਣਾਂ-2024 ਨੂੰ ਸ਼ਾਂਤੀਪੂਰਵਕ ਅਤੇ ਸੁਚੱਜੇ ਢੰਗ ਨਾਲ ਨੇਪੜੇ ਚਾੜਨ ਲਈ ਵਧੀਕ ਜ਼ਿਲ੍ਹਾ ਮੈਜਿਸਟਰੇਟ ਪੂਜਾ ਸਿਆਲ ਗਰੇਵਾਲ ਨੇ ਧਾਰਾ 144 ਅਧੀਨ ਵੱਖ-ਵੱਖ ਹਦਾਇਤਾਂ ਜਾਰੀ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਕੋਈ ਵੀ ਪਾਰਟੀ ਜਾਂ ਉਮੀਦਵਾਰ ਅਜਿਹੀ ਕਿਸੇ ਵੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਵੇਗਾ ਜੋ ਮਤਭੇਦਾਂ ਨੂੰ ਵਧਾਵੇ ਜਾਂ ਆਪਸੀ ਨਫ਼ਰਤ ਪੈਦਾ ਕਰੇ ਜਾਂ ਵੱਖ-ਵੱਖ ਜਾਤਾਂ ਅਤੇ ਭਾਈਚਾਰਿਆਂ, ਧਾਰਮਿਕ ਜਾਂ ਭਾਸ਼ਾਈ ਵਿਚਕਾਰ ਤਣਾਅ ਪੈਦਾ ਕਰੇ।
ਉਨ੍ਹਾਂ ਕਿਹਾ ਕਿ ਪਾਰਟੀਆਂ ਅਤੇ ਉਮੀਦਵਾਰ ਕਿਸੇ ਦੇ ਨਿੱਜੀ ਜੀਵਨ ਦੇ ਪਹਿਲੂਆਂ ਦੀ ਆਲੋਚਨਾ ਤੋਂ ਪਰਹੇਜ਼ ਕਰਨ, ਦੂਜੀਆਂ ਪਾਰਟੀਆਂ ਦੇ ਨੇਤਾਵਾਂ ਜਾਂ ਵਰਕਰਾਂ ਦੀਆਂ ਜਨਤਕ ਗਤੀਵਿਧੀਆਂ ਵਿਚ ਦਖਲਅੰਦਾਜੀ ਨਾ ਕਰਨ। ਉਮੀਦਵਾਰ ਵਲੋਂ ਵੋਟਾਂ ਹਾਸਲ ਕਰਨ ਲਈ ਜਾਤੀ ਜਾਂ ਫਿਰਕੂ ਭਾਵਨਾਵਾਂ ਦੀ ਕੋਈ ਅਪੀਲ ਨਹੀਂ ਕੀਤੀ ਜਾਵੇਗੀ। ਮਸਜਿਦਾਂ, ਚਰਚਾਂ, ਮੰਦਰਾਂ ਜਾਂ ਹੋਰ ਪੂਜਾ ਸਥਾਨਾਂ ਨੂੰ ਚੋਣ ਪ੍ਰਚਾਰ ਲਈ ਮੰਚ ਵਜੋਂ ਨਹੀਂ ਵਰਤਿਆ ਜਾਵੇ।
ਪੂਜਾ ਸਿਆਲ ਗਰੇਵਾਲ ਨੇ ਆਦੇਸ਼ ਦਿੰਦਿਆਂ ਕਿਹਾ ਕਿ ਸਾਰੀਆਂ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜੋ "ਚੋਣ ਕਾਨੂੰਨ ਤਹਿਤ ਭ੍ਰਿਸ਼ਟ ਅਭਿਆਸ ਅਤੇ ਅਪਰਾਧ ਹਨ, ਜਿਵੇਂ ਕਿ ਵੋਟਰਾਂ ਨੂੰ ਰਿਸ਼ਵਤ ਦੇਣਾ, ਵੋਟਰਾਂ ਨੂੰ ਡਰਾਉਣਾ ਆਦਿ ਅਤੇ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਅੰਦਰ ਪ੍ਰਚਾਰ ਕਰਨਾ, ਮਤਦਾਨ ਦੇ ਸਮਾਪਤੀ ਦੇ ਅਖੀਰਲੇ ਨਿਸ਼ਚਿਤ ਕੀਤੇ ਗਏ 48 ਘੰਟਿਆਂ ਦੇ ਸਮੇਂ ਦੌਰਾਨ ਜਨਤਕ ਮੀਟਿੰਗਾਂ ਕਰਨਾ, ਪੋਲਿੰਗ ਸਟੇਸ਼ਨਾਂ ਤੱਕ ਅਤੇ ਵੋਟਰਾਂ ਦੀ ਆਵਾਜਾਈ ਲਈ ਸਾਧਨ ਮੁਹੱਈਆ ਕਰਵਾਉਣਾ।
ਉਨ੍ਹਾਂ ਕਿਹਾ ਕਿ ਕਿਸੇ ਵੀ ਹਲਾਤਾਂ ਵਿਚ ਕਿਸੇ ਦੇ ਵਿਅਕਤੀਗਤ ਵਿਚਾਰਾਂ ਜਾਂ ਗਤੀਵਿਧੀਆਂ ਦਾ ਵਿਰੋਧ ਕਰਨ ਲਈ ਉਸ ਦੇ ਘਰ ਅੱਗੇ ਪ੍ਰਦਰਸ਼ਨ ਜਾਂ ਧਰਨਾ ਨਹੀਂ ਲਗਾਇਆ ਜਾਵੇ। ਕੋਈ ਵੀ ਰਾਜਨੀਤਕ ਪਾਰਟੀ ਜਾਂ ਉਨ੍ਹਾਂ ਦੇ ਉਮੀਦਵਾਰ ਆਪਣੇ ਪੈਰੋਕਾਰਾਂ ਨੂੰ ਕਿਸ ਦੀ ਜ਼ਮੀਨ ਜਾਂ ਇਮਾਰਤ ਜਾਂ ਉਸ ਦੀ ਦੀਵਾਰ ਆਦਿ ਦੀ ਪ੍ਰਵਾਨਗੀ ਤੋਂ ਬਿਨਾਂ ਝੰਡੇ, ਬੈਨਰ, ਨੋਟਿਸ ਜਾਂ ਨਾਅਰੇ ਆਦਿ ਲਿਖ ਕੇ ਨਹੀਂ ਲਗਾਉਣਗੇ।
ਉਨ੍ਹਾਂ ਕਿਹਾ ਕਿ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਉਮੀਦਵਾਰ ਯਕੀਨੀ ਕਰਨਣਗੇ ਕਿ ਉਨ੍ਹਾਂ ਦੇ ਪੈਰੋਕਾਰ, ਦੂਜੀਆਂ ਪਾਰਟੀਆਂ ਦੀਆਂ ਮੀਟਿੰਗਾਂ ਵਿਚ ਕਿਸੇ ਵੀ ਤਰ੍ਹਾਂ ਦਾ ਵਿਘਨ ਨਾ ਪਾਉਣ ਅਤੇ ਨਾ ਹੀ ਪ੍ਰਦਰਸ਼ਨ ਕਰਨ। ਕਿਸੇ ਰਾਜਨੀਤਕ ਪਾਰਟੀ ਦੇ ਸਮਰੱਥਕ ਤੇ ਵਰਕਰ ਦੂਜੀਆਂ ਪਾਰਟੀਆਂ ਵਲੋਂ ਕੀਤੀਆਂ ਜਾਂ ਰਹੀਆਂ ਮੀਟਿੰਗਾਂ ਵਿਚ ਜੁਬਾਨੀ ਸਵਾਲ ਪੁੱਛ ਕੇ ਜਾਂ ਫਿਰ ਲਿਖਤੀ ਜਾਂ ਆਪਣੀ ਪਾਰਟੀ ਨਾਲ ਸਬੰਧਿਤ ਪੈਂਫਲੇਟ ਆਦਿ ਦੁਆਰਾ ਕਿਸੇ ਵੀ ਤਰ੍ਹਾਂ ਨਾਲ ਮਾਹੌਲ ਖਰਾਬ ਨਹੀਂ ਕਰਨਗੇ ਅਤੇ ਕੋਈ ਵੀ ਪਾਰਟੀ ਦੂਜੀਆਂ ਪਾਰਟੀਆਂ ਦੇ ਲਗਾਏ ਗਏ ਪੋਸਟਰ ਨੂੰ ਨਹੀਂ ਹਟਾਉਣਗੇ।
ਉਨ੍ਹਾਂ ਕਿਹਾ ਕਿ ਪਾਰਟੀ ਜਾਂ ਉਮੀਦਵਾਰ ਮੀਟਿੰਗ ਕਰਨ ਤੋਂ ਪਹਿਲਾਂ ਸਬੰਧਿਤ ਅਧਿਕਾਰੀਆਂ ਨੂੰ ਥਾਂ ਅਤੇ ਸਮੇਂ ਦੇ ਵੇਰਵੇ ਦੇ ਕੇ ਪੂਰਵ ਪ੍ਰਵਾਨਗੀ ਲੈਣਗੇ। ਪਾਰਟੀ ਜਾਂ ਉਮੀਦਵਾਰ ਸੰਭਾਵਿਤ ਮੀਟਿੰਗ ਦੇ ਸਮੇਂ ਅਤੇ ਥਾਂ ਦੀ ਜਾਣਕਾਰੀ ਸਥਾਨਕ ਪੁਲਿਸ ਅਧਿਕਾਰੀਆਂ ਨੂੰ ਵੀ ਦੇਣਗੇ ਤਾਂ ਜੋ ਪੁਲਿਸ ਵਲੋਂ ਅਮਨ ਅਤੇ ਸ਼ਾਂਤੀ ਤੇ ਟ੍ਰੈਫਿਕ ਦੇ ਕੰਟਰੋਲ ਸਬੰਧੀ ਲਾਜਮੀ ਪ੍ਰਬੰਧ ਕੀਤੇ ਜਾ ਸਕਣ। ਪਾਰਟੀ ਜਾਂ ਉਮੀਦਵਾਰ ਆਪਣੇ ਨਾਲ ਕਿਸੇ ਵੀ ਤਰ੍ਹਾਂ ਹਥਿਆਰ, ਲਾਠੀ ਅਤੇ ਹੋਰ ਨਸ਼ੀਲੀ ਜਾਂ ਖਤਰਨਾਕ ਵਸਤੂ ਜਲਸੇ/ਹਲਕੇ ਦੇ ਇਲਾਕੇ ਵਿਚ ਨਹੀਂ ਰੱਖਣਗੇ।
ਪੂਜਾ ਸਿਆਲ ਗਰੇਵਲ ਨੇ ਕਿਹਾ ਕਿ ਕਿਸੇ ਵੀ ਸੰਭਾਵੀ ਮੀਟਿੰਗ ਲਈ ਲਾਊਡ ਸਪੀਕਰਾਂ ਦੀ ਵਰਤੋਂ ਕਰਨੀ ਹੈ ਤਾਂ ਪਾਰਟੀ ਜਾਂ ਉਮੀਦਵਾਰ ਅਧਿਕਾਰੀਆਂ ਵਲੋਂ ਇਸ ਦੀ ਪੂਰਵ ਪ੍ਰਵਾਨਗੀ ਲੈਣਗੇ ਅਤੇ ਸਪੀਕਰਾਂ ਦੀ ਵਰਤੋਂ ਰਾਤ 10.00 ਵਜੇ ਤੋਂ ਬਾਅਦ ਅਤੇ ਸਵੇਰੇ 6.00 ਵਜੇ ਤੋਂ ਪਹਿਲਾ ਨਹੀਂ ਕੀਤੀ ਜਾਵੇਗੀ।
ਵਧੀਕ ਜ਼ਿਲ੍ਹਾ ਮੈਜਿਸਟ੍ਰੈਟ ਨੇ ਕਿਹਾ ਕਿ ਸਮਰੱਥ ਅਧਿਕਾਰੀ ਵਲੋਂ ਦਿੱਤੀ ਗਈ ਪ੍ਰਵਾਨਗੀ ਵਿਚ ਕਿਸੇ ਵੀ ਤਰ੍ਹਾਂ ਦਾ ਫੇਰਬਦਲ ਨਹੀਂ ਕੀਤਾ ਜਾਵੇਗੀ। ਆਯੋਜਕਾਂ ਵਲੋਂ ਕਿਸੇ ਵੀ ਤਰ੍ਹਾਂ ਦੀ ਰੈਲੀ ਕਰਨ ਤੋਂ ਪਹਿਲਾਂ ਰਸਤਿਆਂ ਵਿਚ ਲੋਕਾਂ ਦੀ ਆਵਾਜਾਈ ਲਈ ਪਹਿਲਾਂ ਤੋਂ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਤਰ੍ਹਾਂ ਨਾਲ ਰਸਤੇ ਬੰਦ ਨਾ ਹੋਣ ਅਤੇ ਨਾ ਹੀ ਟ੍ਰੈਫਿਕ ਰੁਕੇ। ਜਿਥੋਂ ਤੱਕ ਹੋ ਸਕੇ ਰੈਲੀ ਜਾਂ ਜਲਸੇ ਸੜਕਾਂ ਦੇ ਇੱਕ ਪਾਸੇ ਤੋਂ ਨਿਕਲਣ ਅਤੇ ਪੁਲਿਸ ਵਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਵਲੋਂ ਕੀਤੇ ਜਾ ਰਹੇ ਰੋਡ ਸ਼ੋਅ ਆਦਿ ਵਿਚ ਜਿੱਥੋ ਤੱਕ ਹੋ ਸਕੇ ਇਹ ਧਿਆਨ ਰੱਖਿਆ ਜਾਵੇ ਕਿ ਉਨ੍ਹਾਂ ਦੇ ਵਰਕਰਾਂ ਵਲੋਂ ਉਤੇਜਨਾਂ ਵਿਚ ਆ ਕੇ ਕਿਸੇ ਵੀ ਤਰ੍ਹਾਂ ਦੇ ਸਮਾਨ ਦੀ ਦੁਰਵਰਤੋਂ ਨਾ ਕੀਤੀ ਜਾਵੇ।
ਪੂਜਾ ਸਿਆਲ ਗਰੇਵਾਲ ਨੇ ਕਿਹਾ ਕਿ ਕਿਸੇ ਵੀ ਰਾਜਨੀਤਕ ਪਾਰਟੀ ਜਾਂ ਉਨ੍ਹਾਂ ਦੇ ਨੇਤਾਵਾਂ ਵਲੋਂ ਕਿਸੇ ਹੋਰ ਪਾਰਟੀ ਦੇ ਨੇਤਾਵਾਂ ਦਾ ਕਿਸੇ ਵੀ ਤਰ੍ਹਾਂ ਦੇ ਪੁਤਲੇ ਨਾ ਸਾੜੇ ਜਾਣ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੇ ਪੁਤਲੇ ਦੀ ਵਰਤੋਂ ਪ੍ਰਦਰਸ਼ਨ ਵਿਚ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਾਰੀਆਂ ਰਾਜਨਤੀਕ ਪਾਰਟੀਆਂ ਅਤੇ ਉਮੀਦਵਾਰ ਚੋਣਾਂ ਵਾਲੇ ਦਿਨ ਆਵਾਜਾਈ ਲਈ ਵਰਤੇ ਜਾਣ ਵਾਲੇ ਵਾਹਨਾਂ ਦੇ ਸਬੰਧ ਵਿਚ ਲਗਾਏ ਗਏ ਅਧਿਕਾਰੀਆਂ ਨਾਲ ਪੂਰੀ ਤਰ੍ਹਾਂ ਸਹਿਯੋਗ ਕਰਨਗੇ, ਅਤੇ ਇਸ ਸਬੰਧ ਵਿਚ ਲਗਾਈਆਂ ਗਈਆਂ ਪਾਬੰਦੀਆਂ ਦੀ ਪਾਲਣਾ ਕਰਨਗੇ ਅਤੇ ਆਪਣੇ ਵਾਹਨਾਂ ਲਈ ਪ੍ਰਮਿਟ ਲੈ ਕੇ ਲਗਾਉਣਗੇ।
ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਰਾਜਨੀਤਕ ਪਾਰਟੀ ਜਾਂ ਉਮੀਦਵਾਰ ਸਮਰੱਥ ਅਧਿਕਾਰੀ ਤੋਂ ਨਿਰਧਾਰਿਤ ਕੀਤੀ ਗਈ ਪ੍ਰਵਾਨਗੀ ਲਏ ਬਿਨਾਂ ਪ੍ਰਚਾਰ ਲਈ ਮੋਟਰਸਾਈਕਲਾਂ ਜਾਂ ਹੋਰ ਵਾਹਨਾਂ ਦੀ ਵਰਤੋਂ ਨਹੀਂ ਕਰਨਗੇ। ਕਿਸੇ ਵੀ ਵਾਹਨ ਦੀ ਵਰਤੋਂ ਮੋਟਰ ਵਹੀਕਲ ਐਕਟ 1988 ਅਤੇ ਇਸ ਦੇ ਰੂਲਾਂ ਤਹਿਤ ਕੋਈ ਉਲਘੰਣਾ ਨਹੀਂ ਕਰੇਗਾ।
ਉਨ੍ਹਾਂ ਕਿਹਾ ਕਿ ਰਾਜਨੀਤਕ ਪਾਰਟੀਆਂ ਅਤੇ ਉਮੀਦਵਾਰ ਆਪਣੇ ਪ੍ਰਚਾਰ ਵਿਚ ਭਾਰਤ ਚੋਣ ਕਮਿਸ਼ਨ ਵਲੋਂ 2 ਜਨਵਰੀ 2024 ਨੂੰ ਜਾਰੀ ਹਦਾਇਤਾਂ ਦੀ ਪਾਲਣਾ ਕਰਨਗੇ।