ਹਾਈ ਰਿਸਕ ਗਰਭਵਤੀ ਔਰਤਾਂ ਦੇ ਨਿਰੀਖਣ ਸਬੰਧੀ ਟ੍ਰੇਨਿੰਗ
- ਹਾਈ ਰਿਸਕ ਗਰਭਵਤੀ ਔਰਤਾਂ ਲਈ ਦਿੱਤਾ ਜਾਵੇ ਵਿਸ਼ੇਸ ਧਿਆਨ: ਸਿਵਲ ਸਰਜਨ ਕਿਰਪਾਲ ਸਿੰਘ
ਦਲਜੀਤ ਕੌਰ
ਸੰਗਰੂਰ, 15 ਮਈ, 2024: ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲੇ ਅਧੀਨ ਪੀ ਐੱਚ ਸੀ ਤੇ ਤਾਇਨਾਤ ਫੀਮੇਲ ਮੈਡੀਕਲ ਅਫ਼ਸਰ,ਆਮ ਆਦਮੀ ਕਲਿਨਿਕ ਵਿੱਚ ਕੰਮ ਕਰਦੇ ਮੈਡੀਕਲ ਅਫ਼ਸਰਾਂ ਅਤੇ ਰੂਰਲ ਮੈਡੀਕਲ ਅਫਸਰਾਂ, ਨੂੰ ਮਾਤਰੀ ਮੌਤ ਦਰ ਘਟਾਉਣ ਲਈ ਐਮ.ਡੀ.ਐਸ.ਐਂਡ ਆਰ (ਮਟਰਨਲ ਡੈਥ ਸਰਵੇਲੈਂਸ ਐਂਡ ਰੀਵਿਊ )ਸਬੰਧੀ ਸਿਖਲਾਈ ਦਿੱਤੀ ਗਈ।
ਮਾਤਰੀ ਮੌਤ ਦਰ ਨੂੰ ਘੱਟ ਕਰਨ ਲਈ ਵਿਭਾਗੀ ਤੌਰ ਤੇ ਕੀਤੇ ਜਾਣ ਵਾਲੇ ਉਪਰਾਲਿਆਂ ਅਤੇ ਰਿਵਿਊ ਕਰਨ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਕਿਰਪਾਲ ਸਿੰਘ ਨੇ ਪ੍ਰਤੀਭਾਗੀਆ ਨੂੰ ਕਿਹਾ ਕਿ ਹਰ ਗਰਭਵਤੀ ਔਰਤ ਦੀ ਰਜਿਸਟਰੇਸ਼ਨ 100% ਕਰਨੀ ਯਕੀਨੀ ਬਣਾਈ ਜਾਵੇ, ਔਰਤਾਂ ਦੇ ਨਿਰਧਾਰਤ ਐਂਟੀਨੇਟਲ ਚੈੱਕ ਅਪ ਸਮੇਂ ਸਿਰ ਕੀਤੇ ਜਾਣ, ਇਹਨਾਂ ਦਾ ਰਿਕਾਰਡ ਮੇਨਟੇਨ ਕੀਤਾ ਜਾਵੇ, ਹਾਈ ਰਿਸਕ ਗਰਭਵਤੀ ਔਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਹਨਾਂ ਕਿਹਾ ਕਿ ਹਰ 15 ਦਿਨ ਬਾਅਦ ਉਹਨਾਂ ਦੇ ਫੋਲੋ-ਅਪ ਦੇ ਰਿਕਾਰਡ ਦੀ ਜਾਂਚ ਕਰਕੇ ਉਹਨਾਂ ਤੇ ਰੀਮਾਰਕਸ ਪਾਏ ਜਾਣ। ਉਹਨਾਂ ਕਿਹਾ ਕਿ ਹਾਈ ਹਾਈਪਰਟੈਂਸ਼ਨ ਵਾਲੀ ਗਰਭਵਤੀ ਔਰਤ ਦੀ ਔਰਤਾਂ ਦੇ ਮਾਹਰ ਡਾਕਟਰ ਤੋਂ ਰੈਗੂਲਰ ਜਾਂਚ ਕਰਵਾਉਣ ਦੇ ਨਾਲ ਨਾਲ ਉਸਦੀ ਮੈਡੀਕਲ ਸਪੈਸ਼ਲਿਸਟ ਕੋਲੋਂ ਵੀ ਜਾਂਚ ਕਰਵਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮਾਤਰੀ ਮੌਤਾਂ ਦੇ ਰੋਕਣ ਯੋਗ ਕਾਰਨ ਜਿਵੇਂ ਅਨੀਮੀਆਂ, ਬੀਪੀ, ਸੈਪਸਿਸ ਅਤੇ ਅਕਲੈਂਪਸੀਆ ਨੂੰ ਟਰੈਕ ਕੀਤਾ ਜਾਵੇ ਅਤੇ ਔਰਤ ਦੇ ਥਾਇਰਾਇਡ ਸਮੇਤ ਬਾਕੀ ਸਾਰੇ ਲੁੜੀਂਦੇ ਟੈਸਟ ਵੀ ਸਮੇਂ ਅਨੁਸਾਰ ਕਰਵਾਏ ਜਾਣ। ਉਹਨਾਂ ਇਹ ਵੀ ਕਿਹਾ ਕਿ ਗਰਭਵਤੀ ਔਰਤ ਨੂੰ ਖੁਰਾਕ ਸਬੰਧੀ ਵੀ ਜਾਗਰੂਕ ਕੀਤਾ ਜਾਵੇ ਅਤੇ ਜਨੇਪੇ ਤੋਂ ਪਹਿਲਾਂ ਹਰ ਗਰਭਵਤੀ ਔਰਤ ਦਾ ਐਚ.ਬੀ ਦੀ ਲੋੜੀਦੀ ਮਾਤਰਾ ਵਿੱਚ ਪੂਰਾ ਕਰਨ ਲਈ ਸਾਰੇ ਉਪਰਾਲੇ ਕੀਤੇ ਜਾਣ ।ਉਹਨਾਂ ਕਿਹਾ ਕਿ ਜਨੇਪਾ ਕਰਾਉਣ ਵਾਲੇ ਹਸਪਤਾਲ ਦੀ ਪਹਿਲਾਂ ਤੋਂ ਹੀ ਪਲਾਨਿੰਗ ਕੀਤੀ ਜਾਵੇ ਅਤੇ ਜਣੇਪਾ ਸਰਕਾਰੀ ਹਸਤਾਲਾਂ ਵਿੱਚ ਕਰਵਾਇਆ ਜਾਵੇ।ਉਹਨਾਂ ਕਿਹਾ ਕਿ ਜ਼ਿਲ੍ਹੇ ਅੰਦਰ ਮਾਤਰੀ ਮੌਤ ਦਰ ਨੂੰ ਰੋਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ਼. ਵਿਕਾਸ ਧੀਰ, ਜਿਲਾ ਪਰਿਵਾਰ ਭਲਾਈ ਅਫਸਰ ਡਾ਼. ਇੰਦਰਜੀਤ ਸਿੰਗਲਾ, ਜਿਲਾ ਟੀਕਾਕਰਨ ਅਫਸਰ ਡਾ. ਅੰਜੂ ਸਿੰਗਲਾ, ਔਰਤ ਰੋਗਾਂ ਦੇ ਮਾਹਿਰ ਡਾ.ਹਰਪ੍ਰੀਤ ਕੌਰ ਰੇਖੀ, ਐੱਮ ਡੀ ਮੈਡੀਸਿਨ ਡਾ.ਹਿਮਾਂਸ਼ੂ ਗਰਗ, ਡਾ. ਬਿਦਿਸ਼ਾ, ਸੀਨੀਅਰ ਫਾਰਮੇਸੀ ਅਫਸਰ ਅਨਿਲ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਸਰੋਜ ਰਾਣੀ, ਜ਼ਿਲਾ ਪ੍ਰੋਗਰਾਮ ਮੈਨੇਜਰ ਵੈਸ਼ਾਲੀ ਬਾਂਸਲ ਆਦਿ ਹਾਜਰ ਸਨ।