ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ
ਦਲਜੀਤ ਕੌਰ
ਸੰਗਰੂਰ, 21 ਮਈ, 2024: ਸਾਉਣੀ ਦੀਆਂ ਫਸਲਾਂ, ਫਸਲੀ ਵਿਭਿੰਨਤਾ,ਮਿਲਟਸ ਦੀਆਂ ਫਸਲਾਂ ਅਤੇ ਫਸਲਾਂ ਦੀ ਰਹਿੰਦ ਖੂੰਹਦ ਦੇ ਯੋਗ ਨਿਪਟਾਰੇ ਬਾਰੇ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਜਿ਼ਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਕੈਂਪ ਦੇ ਮੁੱਖ ਮਹਿਮਾਨ ਸ਼੍ਰੀ ਵਰਜੀਤ ਵਾਲੀਆ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਨ ਅਤੇ ਕੈਂਪ ਦੀ ਪ੍ਰਧਾਨਗੀ ਡਾ: ਅਰੁਣ ਕੁਮਾਰ ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਨੇ ਕੀਤੀ।
ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਖੇਤੀ ਮਾਹਿਰਾਂ ਦੁਆਰਾ ਦੱਸੀਆਂ ਸਿਫਾਰਸ਼ਾਂ ਉਤੇ ਅਮਲ ਕਰਨ ਲਈ ਪ੍ਰੇਰਤ ਕੀਤਾ ਅਤੇ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਜਿਵੇਂ ਮਧੂ ਮੱਖੀ ਪਾਲਣ, ਪਸ਼ੂ ਪਾਲਣ, ਮੱਛੀ ਪਾਲਣ, ਮੁਰਗੀ ਪਾਲਣ, ਡੇਅਰੀ, ਬਾਗਬਾਨੀ, ਫੁੱਲਾਂ ਦੀ ਕਾਸ਼ਤ ਆਦਿ ਅਪਣਾਉਣ ਦੀ ਲੋੜ ਤੇ ਜ਼ੋਰ ਦਿੱਤਾ ਤਾਂ ਜ਼ੋ ਵਿੱਤੀ ਮਜ਼ਬੂਤੀ ਵਿੱਚ ਵਾਧਾ ਹੋ ਸਕੇ।
ਇਸ ਕੈਂਪ ਵਿੱਚ ਡਾ: ਅਰੁਣ ਕੁਮਾਰ ਸੰਯੁਕਤ ਡਾਇਰੈਕਟਰ ਖੇਤੀਬਾੜੀ ਨੇ ਕਿਹਾ ਕਿ ਅੱਜ ਦੀ ਖੇਤੀ ਬਹੁਤ ਹੀ ਸੂਝਬੂਝ ਦੀ ਖੇਤੀ ਹੈ। ਲਾਹੇਵੰਦ ਅਤੇ ਮਿਆਰੀ ਉਪਜ ਪ੍ਰਾਪਤ ਕਰਨ ਲਈ ਤਕਨੀਕੀ ਗਿਆਨ ਅਤੇ ਨਵੀਆਂ ਤਕਨੀਕਾਂ ਨਾਲ ਹਾਈਟੈਕ ਖੇਤੀ ਕਰਨੀ ਪੈਣੀ ਹੈ ਜਿਸ ਲਈ ਵਿਭਾਗ ਵੱਲੋਂ ਸਮੇਂ ਸਮੇਂ ਸਿਰ ਲਗਾਏ ਜਾਂਦੇ ਕਿਸਾਨ ਸਿਖਲਾਈ ਕੈਂਪਾਂ ਵਿੱਚ ਭਾਗ ਲੈਣਾ ਚਾਹੀਦਾ ਹੈ।
ਮੁੱਖ ਖੇਤੀਬਾੜੀ ਅਫਸਰ ਡਾ: ਹਰਬੰਸ ਸਿੰਘ ਚਹਿਲ ਨੇ ਵਿਭਾਗੀ ਕਾਰਗੁਜ਼ਾਰੀ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾਉਣ ਕਿਉਂਕਿ ਇਸ ਨਾਲ ਜਿਥੇ ਧਰਤੀ ਦੀ ਉਪਜਾਊ ਸ਼ਕਤੀ ਵਧੇਗੀ ਉਥੇ ਪ੍ਰਦੂਸ਼ਣ ਘਟਾਉਣ ਚ ਵੀ ਸਹਾਇਤਾ ਮਿਲੇਗੀ ਅਤੇ ਜ਼ਮੀਨ ਦੀ ਸਿਹਤ ਸੁਧਾਰ ਵਿੱਚ ਵਾਧਾ ਹੋਵੇਗਾ।
ਡਾ: ਅਮਰਜੀਤ ਸਿੰਘ ਖੇਤੀਬਾੜੀ ਅਫਸਰ ਸੰਗਰੂਰ ਨੇ ਮੰਚ ਦਾ ਸਫਲ ਸੰਚਾਲਨ ਕੀਤਾ ਅਤੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਪੁਰਜੋ਼ਰ ਅਪੀਲ ਕੀਤੀ ਕਿ ਕਿਸੇ ਵੀ ਖੇਤੀ ਇਨਪੁਟਸ ਜਿਵੇਂ ਬੀਜ, ਖਾਦ, ਕੀੜੇਮਾਰ ਦਵਾਈਆਂ ਦੀ ਖਰੀਦ ਸਮੇਂ ਵਿਕਰੇਤਾ ਕੋਲੋਂ ਪੱਕਾ ਬਿਲ ਜ਼ਰੂਰ ਲਿਆ ਜਾਵੇ ਤਾਂ ਕਿ ਬਾਦ ਵਿੱਚ ਕੋਈ ਮੁਸ਼ਕਲ ਨਾ ਆਏ।