ਮਾਮਲਾ ਖੇਤਾਂ 'ਚ ਅੱਗ ਲੱਗਣ ਕਾਰਨ ਹੋਈਆਂ ਮੌਤਾਂ ਦਾ, ਸ਼ਿਵ ਸੈਨਾ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਵਾਈ 'ਤੇ ਚੁੱਕੇ ਸਵਾਲ
- ਜਿੰਮੇਵਾਰੀ ਤੈਅ ਕਰਕੇ ਦੋਸ਼ੀਆਂ ਖਿਲਾਫ 302 ਦਾ ਮਾਮਲਾ ਦਰਜ ਕੀਤਾ ਜਾਵੇ:- ਹਰਵਿੰਦਰ ਸੋਨੀ
ਰੋਹਿਤ ਗੁਪਤਾ
ਗੁਰਦਾਸਪੁਰ 21 ਮਈ 2024 - ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੀ ਇੱਕ ਵਿਸ਼ੇਸ਼ ਮੀਟਿੰਗ ਪਾਰਟੀ ਦਫ਼ਤਰ ਵਿੱਚ ਹੋਈ ਜਿਸ ਵਿੱਚ ਸੂਬਾ ਉਪ ਪ੍ਰਧਾਨ ਹਰਵਿੰਦਰ ਸੋਨੀ, ਜ਼ਿਲ੍ਹਾ ਮੀਤ ਪ੍ਰਧਾਨ ਰਮਨ ਸ਼ਰਮਾ, ਰਵਨੀਸ਼ ਮਹਿਰਾ ਅਤੇ ਜ਼ਿਲ੍ਹਾ ਸਕੱਤਰ ਜਗਜੀਵਨ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਇਸ ਮੌਕੇ ਹਰਵਿੰਦਰ ਸੋਨੀ ਨੇ ਕਿਹਾ ਕਿ ਕਿਸਾਨਾਂ ਵੱਲੋਂ ਉਨ੍ਹਾਂ ਦੇ ਖੇਤਾਂ ਵਿੱਚ ਲਾਈ ਅੱਗ ਨੇ ਪਹਿਲਾਂ ਹੀ ਕਈ ਜਾਨਾਂ ਲੈ ਲਈਆਂ ਹਨ ਅਤੇ ਕਈ ਦਰੱਖਤ, ਪੌਦੇ, ਪਸ਼ੂ, ਇੱਥੋਂ ਤੱਕ ਕਿ ਮਾਸੂਮ ਗਾਵਾਂ ਵੀ ਇਸ ਅਨੈਤਿਕ ਕਾਰਜ ਦਾ ਸ਼ਿਕਾਰ ਹੋ ਚੁੱਕੀਆਂ ਹਨ ਅਤੇ ਸਭ ਤੋਂ ਵੱਡੀ ਵਿਡੰਬਨਾ ਇਹ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਸਮੇਤ ਸਮੁੱਚਾ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਇਸ ਤੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਸਮਾਜ ਸੇਵਾ ਦੀਆਂ ਵੱਡੀਆਂ-ਵੱਡੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਵੀ ਇਸ ਸਬੰਧੀ ਚੁੱਪ ਹਨ।
ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਸਾਬਕਾ ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਅਗਰਵਾਲ ਵੱਲੋਂ ਇਸ ਸਬੰਧੀ ਪੂਰੀ ਸਖ਼ਤੀ ਵਰਤੀ ਜਾ ਰਹੀ ਸੀ ਪਰ ਵਰਤਮਾਨ ਡਿਪਟੀ ਕਮਿਸ਼ਨਰ ਵੱਲੋਂ ਅੱਗ ਲਗਾਉਣ ਵਾਲਿਆਂ ਖਿਲਾਫ਼ ਸਖਤੀ ਨਾ ਵਰਤਣਾ ਹੈਰਾਨੀਜਨਕ ਦੇ ਨਾਲ-ਨਾਲ ਅਫ਼ਸੋਸਨਾਕ ਵੀ ਹੈ ਕਿਉਂਕਿ ਇਸ ਅੱਗ ਕਾਰਨ ਕਈ ਕੀਮਤੀ ਇਨਸਾਨੀ ਜਾਨਾਂ ਜਾ ਚੁੱਕੀਆਂ ਹਨ। ਜੀਵ ਜੰਤੂ ਅਤੇ ਪੇੜ ਪੌਦੇ ਵੀ ਸੜ ਕੇ ਸੁਆਹ ਹੋ ਗਏ ਅਤੇ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਗੁਰਦਾਸਪੁਰ 'ਚ ਪਠਾਨਕੋਟ ਤੇ ਬਟਾਲਾ ਅੰਮ੍ਰਿਤਸਰ ਰੋਡ 'ਤੇ ਕਈ ਵਾਹਨਾਂ ਦਾ ਨੁਕਸਾਨ ਵੀ ਹੋਇਆ ਹੈ।
ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਅੱਗ ਲਾਉਣ ਵਾਲੇ ਕਿਸਾਨ ਆਪਣੇ ਸੁਆਰਥ ਵਿੱਚ ਇੱਕ ਵਾਰ ਵੀ ਨਹੀਂ ਸੋਚਦੇ ਕਿ ਜਿਹੜੀ ਜਾਨ ਅੱਗ ਕਾਰਨ ਵਾਪਰੀ ਦੁਰਘਟਨਾ ਕਾਰਨ ਚਲੀ ਗਈ ਉਸਦੇ ਪਰਿਵਾਰ ਦਾ ਕੀ ਹਾਲ ਹੋਇਆ ਹੋਵੇਗਾ, ਜਿਹੜੇ ਰੁੱਖ ਸਰਕੇ ਸਵਾਹ ਹੋ ਗਏ ਇਨ੍ਹਾਂ ਰੁੱਖਾਂ ਦੀ ਸੰਭਾਲ ਵਿੱਚ ਕਈ-ਕਈ ਸਾਲ ਲੱਗ ਜਾਂਦੇ ਹਨ। ਅੱਜ ਜਿਲਾ ਗੁਰਦਾਸਪੁਰ ਦੇ ਹਾਲਾਤ ਇਹ ਹੈ ਕਿ ਜਿੱਥੋਂ ਤੱਕ ਦੇਖੀਏ ਧਰਤੀ ਕਾਲੀ ਨਜ਼ਰ ਆਉਂਦੀ ਹੈ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਸਾਨ ਜਾਣਦੇ ਹਨ ਕਿ ਚੋਣਾਂ ਵਿੱਚ ਵੋਟ ਬੈਂਕ ਦੀ ਖ਼ਾਤਰ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਅਸਲ ਵਿੱਚ ਅਜਿਹਾ ਹੀ ਹੋ ਰਿਹਾ ਹੈ ਭਾਵੇਂ ਇਸ ਅੱਗ ਕਾਰਨ ਕਈ ਪਰਿਵਾਰਾਂ ਦੇ ਜੀਅ ਬਿਨਾਂ ਕਿਸੇ ਕਸੂਰ ਦੇ ਮਾਰੇ ਗਏ ਹਨ। ਕਿਸਾਨ ਧਰਤੀ ਮਾਤਾ ਦੀ ਕੁੱਖ ਵਿੱਚੋਂ ਫਸਲਾਂ ਦੀ ਕਟਾਈ ਕਰਕੇ ਵੇਚ ਕੇ ਮੋਟਾ ਮੁਨਾਫਾ ਕਮਾਉਂਦੇ ਹਨ ਅਤੇ ਫਿਰ ਇਸ ਧਰਤੀ ਨੂੰ ਅੱਗ ਲਗਾ ਦਿੰਦੇ ਹਨ, ਜੋ ਕਿ ਨੈਤਿਕ ਨਜ਼ਰੀਏ ਤੋਂ ਵੀ ਇੱਕ ਗਲਤ ਕੰਮ ਹੈ।
ਸੋਨੀ ਨੇ ਕਿਹਾ ਕਿ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਨੇ ਹਮੇਸ਼ਾ ਹੀ ਕਿਸਾਨਾਂ ਦੇ ਹਿੱਤਾਂ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਇੱਥੋਂ ਤੱਕ ਕਿ ਉਨ੍ਹਾਂ ਦੀ ਪਾਰਟੀ ਦੇ ਵੱਡੇ ਆਗੂ ਸੰਜੇ ਰਾਉਤ, ਅਨਿਲ ਦੇਸਾਈ ਅਤੇ ਅਨਿਲ ਪਰਾਬ ਨੇ ਉਨ੍ਹਾਂ ਦੇ ਧਰਨੇ ਵਾਲੀ ਥਾਂ 'ਤੇ ਜਾ ਕੇ ਉਨ੍ਹਾਂ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਸੀ, ਪਰ ਜੇਕਰ ਕਿਸਾਨ ਆਪਣੀ ਨੈਤਿਕ ਜਿੰਮੇਵਾਰੀ ਨੂੰ ਸਮਝਦੇ ਹੋਏ ਕਿ ਜੇਕਰ ਉਹ ਖੇਤਾਂ ਨੂੰ ਅੱਗ ਲਗਾਉਣਾ ਬੰਦ ਨਹੀਂ ਕਰਦੇ ਤਾਂ ਸ਼ਿਵ ਸੈਨਾ ਉਹਨਾਂ ਦਾ ਵਿਰੋਧ ਕਰੇਗੀ ਅਤੇ ਜੇਕਰ ਕੋਈ ਸਮਾਜ ਸੇਵਕ ਜਾਂ ਸਮਾਜ ਸੇਵੀ ਸੰਗਠਨ ਇਸ ਸਬੰਧੀ ਕੋਈ ਹੱਲ ਕੱਢਣ ਲਈ ਪ੍ਰਸ਼ਾਸਨ ਨੂੰ ਘੇਰਨਾ ਚਾਹੁੰਦੇ ਹਨ ਤਾਂ ਸ਼ਿਵ ਸੈਨਾ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵੇਗੀ ਕਿਉਂਕਿ ਇਸ ਅੱਗ ਕਾਰਨ ਬਿਮਾਰ, ਬਜ਼ੁਰਗ, ਬੱਚੇ, ਪਸ਼ੂ, ਪੌਦੇ, ਦਰੱਖਤ ਅਤੇ ਜਾਇਦਾਦ ਸੜ ਕੇ ਸੁਆਹ ਹੋ ਜਾਂਦੀ ਹੈ।
ਮੀਟਿੰਗ ਦੇ ਅੰਤ ਵਿੱਚ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਇਸ ਅੱਗਜ਼ਨੀ ਕਾਰਨ ਗਊ ਹੱਤਿਆ, ਮਨੁੱਖੀ ਮੌਤਾਂ ਅਤੇ ਵਾਤਾਵਰਣ ਨੂੰ ਹੋਏ ਨੁਕਸਾਨ ਦੀ ਜ਼ਿੰਮੇਵਾਰੀ ਨੂੰ ਯਕੀਨੀ ਬਣਾਇਆ ਜਾਵੇ ਅਤੇ ਖੇਤਾਂ ਵਿੱਚ ਅੱਗ ਲਾਣ ਦੇ ਦੋਸ਼ੀ ਕਿਸਾਨਾਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਅਤੇ ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਨੁਕਸਾਨ ਨਾ ਹੋ ਸਕੇ। ਉਨਾ ਚੇਤਾਵਨੀ ਦੇ ਲਹਿਜੇ ਵਿੱਚ ਕਿਹਾ ਕਿ ਜੇਕਰ ਇਸ ਦਾ ਕੋਈ ਹੱਲ ਨਾ ਕੱਢਿਆ ਗਿਆ ਤਾਂ ਸ਼ਿਵਸੇਨਾ ਮਾਮਲੇ ਵਿੱਚ ਅਦਾਲਤ ਦਾ ਸਹਾਰਾ ਲੈਣ ਤੋਂ ਗੁਰੇਜ ਨਹੀਂ ਕਰੇਗੀ ਅਤੇ ਜਿਲਾ ਪ੍ਰਸ਼ਾਸਨ ਨੂੰ ਵੀ ਪਾਰਟੀ ਬਣਾਏਗੀ।