ਜਨਰਲ ਅਬਜ਼ਰਵਰ ਸ੍ਰੀ ਕੇ. ਮਹੇਸ਼ ਨੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ
- ਫਲਾਇੰਗ ਸੂਕੈਅਡ, ਵੀਡੀਓ ਸਰਵੀਲੈਂਸ, ਸਟੈਟਿਕ ਸਰਵੀਲੈਂਸ ਅਤੇ ਲੀਕਰ ਮੋਨੀਟਰਿੰਗ ਟੀਮਾਂ ਨੂੰ ਪੂਰੀ ਮੁਸਤੈਦੀ ਨਾਲ ਕੰਮ ਕਰਨ ਦੀਆਂ ਹਦਾਇਤਾਂ ਦਿੱਤੀਆਂ
ਰੋਹਿਤ ਗੁਪਤਾ
ਗੁਰਦਾਸਪੁਰ, 21 ਮਈ 2024 - ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ 01-ਗੁਰਦਾਸਪੁਰ ਲਈ ਤਾਇਨਾਤ ਕੀਤੇ ਗਏ ਜਨਰਲ ਅਬਜ਼ਰਵਰ ਸ੍ਰੀ ਕੇ. ਮਹੇਸ਼ ਵੱਲੋਂ ਅੱਜ ਗੁਰਦਾਸਪੁਰ ਵਿਖੇ ਰਿਟਰਨਿੰਗ ਅਫ਼ਸਰ, ਜ਼ਿਲ੍ਹਾ ਚੋਣ ਅਫ਼ਸਰ, ਐੱਸ.ਐੱਸ.ਪੀਜ਼, ਸਮੂਹ ਏ.ਆਰ.ਓਜ਼ ਅਤੇ ਵੱਖ-ਵੱਖ ਟੀਮਾਂ ਦੇ ਨੋਡਲ ਅਫ਼ਸਰਾਂ ਨਾਲ ਮੀਟਿੰਗ ਕਰਕੇ ਚੋਣਾਂ ਦੀਆਂ ਤਿਆਰੀਆਂ ਦਾ ਜਾਇਜਾ ਲਿਆ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜਨਰਲ ਅਬਜ਼ਰਵਰ ਸ੍ਰੀ ਕੇ. ਮਹੇਸ਼ ਆਈ.ਏ.ਐੱਸ. ਨੇ ਅਧਿਕਾਰੀਆਂ ਨੂੰ ਕਿਹਾ ਕਿ ਪੂਰੇ ਲੋਕ ਸਭਾ ਹਲਕੇ ਵਿੱਚ ਆਦਰਸ਼ ਚੋਣ ਜ਼ਾਬਤੇ ਨੂੰ ਪੂਰੀ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਰੀਆਂ ਫਲਾਇੰਗ ਸੂਕੈਅਡ, ਫਲਾਇੰਗ ਸੂਕੈਅਡ (ਸੀ-ਵਿਜ਼ਲ), ਵੀਡੀਓ ਸਰਵੀਲੈਂਸ ਟੀਮਾਂ, ਸਟੈਟਿਕ ਸਰਵੀਲੈਂਸ ਟੀਮਾਂ ਅਤੇ ਲੀਕਰ ਮੋਨੀਟਰਿੰਗ ਟੀਮਾਂ ਪੂਰੀ ਮੁਸਤੈਦੀ ਨਾਲ ਕੰਮ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਚੋਣਾਂ ਦੌਰਾਨ ਨਸ਼ੇ ਅਤੇ ਨਕਦੀ ਦੀ ਵੰਡ ਨੂੰ ਰੋਕਿਆ ਜਾ ਸਕੇ। ਉਨ੍ਹਾਂ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਰਾਬ ਫ਼ੈਕਟਰੀ ਵਿੱਚ ਸ਼ਰਾਬ ਦੇ ਉਤਪਾਦਨ ਉੱਪਰ ਨਜ਼ਰ ਰੱਖਣ ਦੇ ਨਾਲ ਰੋਜ਼ਾਨਾ ਦੇ ਸਟਾਕ ਦੀ ਜਾਣਕਾਰੀ ਵੀ ਲਈ ਜਾਵੇ।
ਮੀਟਿੰਗ ਦੌਰਾਨ ਉਨ੍ਹਾਂ ਪੋਲਿੰਗ ਸਟੇਸ਼ਨਾਂ ਉੱਤੇ ਕੀਤੇ ਜਾਣ ਵਾਲੇ ਪ੍ਰਬੰਧਾਂ, ਹੀਟ ਵੇਵ ਤੋਂ ਬਚਾਅ ਦੇ ਉਪਰਾਲਿਆਂ, ਪੋਲਿੰਗ ਸਟਾਫ਼ ਦੀ ਤਾਇਨਾਤੀ, ਸੰਵੇਦਨਸ਼ੀਲ ਬੂਥਾਂ ਦੀ ਮੈਪਿੰਗ, ਸਵੀਪ (ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਅਤੇ ਇਲੈਕਟੋਰਲ ਪਾਰਟੀਸੀਪੇਸ਼ਨ) ਗਤੀਵਿਧੀਆਂ, ਵੈੱਬ ਕਾਸਟਿੰਗ, ਸੀਆਰਪੀਐਫ ਦੀ ਤਾਇਨਾਤੀ, ਸੰਚਾਰ ਯੋਜਨਾ, ਅੰਤਰਰਾਜੀ ਸਰਹੱਦਾਂ ਉੱਤੇ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਕਾਨੂੰਨ-ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਵੀ ਲਿਆ ਗਿਆ।
ਜਨਰਲ ਅਬਜ਼ਰਵਰ ਸ੍ਰੀ ਕੇ. ਮਹੇਸ਼ ਨੇ ਕਿਹਾ ਕਿ ਸਾਰੇ ਸੈਕਟਰ ਅਫ਼ਸਰਾਂ ਅਤੇ ਬੀ.ਐੱਲ.ਓਜ ਨੂੰ ਵੋਟਰ ਗਾਈਡ ਬੁੱਕਲੈੱਟ ਅਤੇ ਵੋਟਰ ਇਨਫਰਮੇਸ਼ਨ ਸਲਿਪ ਦਿੱਤੀਆਂ ਜਾਣ। ਉਨ੍ਹਾਂ ਲੋਕ ਸਭਾ ਹਲਕਾ 01-ਗੁਰਦਾਸਪੁਰ ਦੇ ਸਮੂਹ ਏ.ਆਰ.ਓਜ ਨੂੰ ਕਿਹਾ ਕਿ ਉਹ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੋਟਰਾਂ ਅਤੇ ਦਿਵਿਆਂਗ ਵੋਟਰਾਂ ਦੀ ਡੋਰ ਟੂ ਡੋਰ ਜਾ ਕੇ ਵੋਟ ਪਵਾਉਣ ਦੇ ਕੰਮ ਨੂੰ ਨਿਯਮਾਂ ਅਨੁਸਾਰ ਤੇ ਸਮੇਂ ਸਿਰ ਕਰਵਾਉਣ।
ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਜ਼ਿਲ੍ਹਾ ਗੁਰਦਾਸਪੁਰ ਦੀ ਪੂਰੀ ਤਿਆਰੀ ਹੈ। ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਓਥੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣਗੇ ਤਾਂ ਜੋ ਬਿਨਾਂ ਕਿਸੇ ਮੁਸ਼ਕਲ ਦੇ ਓਥੇ ਪੁਰ-ਅਮਨ ਤਰੀਕੇ ਨਾਲ ਵੋਟਾਂ ਪੈ ਸਕਣ। ਉਨ੍ਹਾਂ ਦੱਸਿਆ ਕਿ 4 ਜੂਨ ਨੂੰ ਵੋਟਾਂ ਦੀ ਗਿਣਤੀ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟ ਵਿਖੇ ਹੋਵੇਗੀ ਅਤੇ ਕਾਊਟਿੰਗ ਸੈਂਟਰਾਂ ਦੀ ਤਿਆਰੀ ਵੀ ਕਰ ਲਈ ਗਈ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਅਦਿੱਤਿਆ ਉੱਪਲ ਨੇ ਵੀ ਜ਼ਿਲ੍ਹਾ ਪਠਾਨਕੋਟ ਵਿੱਚ ਚੋਣ ਤਿਆਰੀਆਂ ਬਾਰੇ ਮਾਣਯੋਗ ਜਨਰਲ ਅਬਜ਼ਰਵਰ ਨੂੰ ਜਾਣੂ ਕਰਵਾਇਆ। ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ, ਐੱਸ.ਐੱਸ.ਪੀ. ਬਟਾਲਾ ਮੈਡਮ ਅਸ਼ਵਨੀ ਗੋਟਿਆਲ ਅਤੇ ਐੱਸ.ਐੱਸ.ਪੀ. ਪਠਾਨਕੋਟ ਸ੍ਰੀ ਸੁਹੇਲ ਮੀਰ ਨੇ ਲੋਕ ਸਭਾ ਚੋਣਾਂ ਦੌਰਾਨ ਕੀਤੇ ਜਾਣ ਵਾਲੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਸ. ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਸ੍ਰੀ ਸੁਭਾਸ਼ ਚੰਦਰ, ਐੱਸ.ਡੀ.ਐੱਮ.-ਕਮ-ਏ.ਆਰ.ਓ. ਗੁਰਦਾਸਪੁਰ ਡਾ. ਕਰਮਜੀਤ ਸਿੰਘ, ਐੱਸ.ਡੀ.ਐੱਮ.-ਕਮ-ਏ.ਆਰ.ਓ. ਬਟਾਲਾ ਸ੍ਰੀਮਤੀ ਸ਼ਾਇਰੀ ਮਲਹੋਤਰਾ, ਐੱਸ.ਡੀ.ਐੱਮ-ਕਮ-ਏ.ਆਰ.ਓ. ਦੀਨਾਨਗਰ ਸ੍ਰੀ ਗੁਰਦੇਵ ਸਿੰਘ ਧਾਮ, ਸਹਾਇਕ ਕਮਿਸ਼ਨਰ-ਕਮ-ਏ.ਆਰ.ਓ. ਕਾਦੀਆਂ ਸ੍ਰੀ ਅਸ਼ਵਨੀ ਅਰੋੜਾ, ਐੱਸ.ਡੀ.ਐੱਮ.-ਕਮ-ਏ.ਆਰ.ਓ. ਫ਼ਤਹਿਗੜ੍ਹ ਚੂੜੀਆਂ ਸ੍ਰੀ ਸੁਖਰਾਜ ਸਿੰਘ ਢਿਲੋਂ, ਐੱਸ.ਡੀ.ਐੱਮ.-ਕਮ-ਏ.ਆਰ.ਓ. ਡੇਰਾ ਬਾਬਾ ਨਾਨਕ ਸ. ਹਰਦੀਪ ਸਿੰਘ, ਚੋਣ ਤਹਿਸੀਲਦਾਰ ਸ. ਮਨਜਿੰਦਰ ਸਿੰਘ ਬਾਜਵਾ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।