ਧਰਮਿੰਦਰ ਸ਼ਰਮਾ ਨੇ ਆਪਣੇ ਭਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ
ਮਲਕੀਤ ਸਿੰਘ ਮਲਕਪੁਰ
ਲਾਲੜੂ 21 ਮਈ 2024: ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਦੇ ਭਰਾ ਧਰਮਿੰਦਰ ਸ਼ਰਮਾ ਨੇ ਕਾਂਗਰਸੀ ਉਮੀਦਵਾਰ ਧਰਮਵੀਰ ਗਾਂਧੀ ਲਈ ਵੋਟਾਂ ਮੰਗ ਰਹੇ ਦੀਪਇੰਦਰ ਸਿੰਘ ਢਿੱਲੋਂ ਨੂੰ ਘੇਰਦਿਆਂ ਕਿਹਾ ਕਿ ਹੁਣ ਤੱਕ ਪ੍ਰਨੀਤ ਕੌਰ ਦੀ ਆਕਸੀਜਨ ਨਾਲ ਸਾਹ ਲੈਣ ਵਾਲੇ ਦੀਪਇੰਦਰ ਸਿੰਘ ਢਿੱਲੋਂ ਕਿਹੜੇ ਮੂੰਹ ਨਾਲ ਪ੍ਰਨੀਤ ਕੌਰ ਦਾ ਵਿਰੋਧ ਕਰ ਰਹੇ ਹਨ। ਧਰਮਿੰਦਰ ਸ਼ਰਮਾ ਅੱਜ ਆਪਣੇ ਭਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਪਿੰਡ ਸੰਗੌਥਾ, ਮੀਰਪੁਰਾ, ਧੀਰੇਮਾਜਰਾ, ਧਰਮਗੜ੍ਹ, ਰਾਮਗੜ੍ਹ ਰੁੜਕੀ, ਜਾਸਤਨਾ ਕਲਾਂ, ਜਾਸਤਨਾ ਖੁਰਦ ਤੇ ਬੱਲੋਪੁਰ ਆਦਿ ਵਿੱਚ ਚੋਣਾਵੀਂ ਜਨਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਅਤੇ ਭਾਜਪਾ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੇ ਮੈਂਬਰ ਪਾਰਲੀਮੈਂਟ ਹੁੰਦਿਆਂ ਕਦੇ ਵੀ ਹਲਕਾ ਡੇਰਾਬੱਸੀ ਦੀ ਸਾਰ ਨਹੀਂ ਲਈ ਅਤੇ ਨਾ ਹੀ ਇਸ ਹਲਕੇ ਦੇ ਵਿਕਾਸ ਲਈ ਕੋਈ ਫੁੱਟੀ ਕੌਡੀ ਨਹੀਂ ਦਿੱਤੀ, ਜਦਕਿ ਐਨ. ਕੇ. ਸ਼ਰਮਾ ਨੇ ਵਿਧਾਇਕ ਅਤੇ ਸਿਆਸੀ ਸਕੱਤਰ ਹੁੰਦਿਆਂ ਹਲਕੇ ਵਿੱਚ ਰਿਕਾਰਡਤੋੜ ਵਿਕਾਸ ਕਰਵਾਇਆ ਹੈ। ਉਨ੍ਹਾਂ ਮੌਜੂਦਾ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਆਪ ਸਰਕਾਰ ਹਰ ਫਰੰਟ ਉੱਤੇ ਫੇਲ੍ਹ ਸਾਬਿਤ ਹੋਈ ਹੈ। ਇਸ ਦੇ ਰਾਜ ਵਿੱਚ ਹਲਕੇ ਅੰਦਰ ਭ੍ਰਿਸ਼ਟਾਚਾਰ, ਚੋਰੀ, ਲੁੱਟ-ਖੋਹਾਂ ਆਦਿ ਵਿੱਚ ਵਾਧਾ ਹੋਇਆ ਹੈ। ਇਸ ਮੌਕੇ ਯੂਥ ਅਕਾਲੀ ਆਗੂ ਟਿੰਮੀ ਪੂਨੀਆ, ਹਰਮਦ ਜਾਸਤਨਾ, ਮਨਪ੍ਰੀਤ ਵਿਰਕ, ਸ਼ਿਵਦੇਵ ਕੁਰਲੀ, ਬਹਾਦਰ ਸਿੰਘ ਝਾਰਮੜੀ, ਸ਼ੀਸ਼ਪਾਲ ਬਟੌਲੀ, ਬਲਵਿੰਦਰ ਸਿੰਘ ਸੰਗੌਥਾ, ਪਰਮ ਢੀਂਡਸਾ, ਕਮਲ ਸ਼ਰਮਾ ਤੇ ਬਿੰਦਰ ਬਟੌਲੀ ਸਮੇਤ ਕਈ ਪਤਵੰਤੇ ਹਾਜ਼ਰ ਸਨ।