ਰੰਧਾਵਾ ਨੇ ਲਾਲੜੂ- ਹੰਡੇਸਰਾ ਸਰਕਲ ਦੇ ਪਿੰਡਾਂ ਵਿੱਚ ਕੀਤਾ ਚੋਣ ਪ੍ਰਚਾਰ
- ਪਿਛਲੀਆਂ ਸਰਕਾਰਾਂ ਨੇ ਬਿਜਲੀ ਦੇ ਵੱਡੇ ਬਿੱਲ ਲਾ ਕੇ ਲੋਕਾਂ ਦੀ ਕੀਤੀ ਲੁੱਟ
ਮਲਕੀਤ ਸਿੰਘ ਮਲਕਪੁਰ
ਲਾਲੜੂ 21 ਮਈ 2024: ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪਾਰਟੀ ਦੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਡਾ. ਬਲਬੀਰ ਸਿੰਘ ਦੇ ਭਰਾ ਨਾਲ ਲਾਲੜੂ ਸਰਕਲ ਦੇ ਪਿੰਡ ਡੈਹਰ,ਜਲਾਲਪੁਰ ,ਮਗਰਾ ਤੇ ਤੋਗਾਂਪੁਰ ਦੇ ਨਾਲ-ਨਾਲ ਹੰਡੇਸਰਾ ਸਰਕਲ ਦੇ ਪਿੰਡ ਸਾਰੰਗਪੁਰ, ਅੰਟਾਲਾ, ਮਾਲਣ, ਰਜਾਪੁਰ ਅਤੇ ਖੇਲਣ ਵਿੱਚ ਚੋਣ ਪ੍ਰਚਾਰ ਕੀਤਾ।ਸ੍. ਰੰਧਾਵਾ ਮੁਤਾਬਕ ਇਸ ਦੌਰਾਨ ਸਥਾਨਕ ਲੋਕਾਂ ਵਿੱਚ ਭਾਰੀ ਉਤਸ਼ਾਹ ਅਤੇ ਸਮਰਥਨ ਦੇਖਣ ਨੂੰ ਮਿਲਿਆ ਅਤੇ ਕਈ ਅਹਿਮ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।ਇਸ ਮੁਹਿੰਮ ਦੌਰਾਨ ਵਿਧਾਇਕ ਰੰਧਾਵਾ ਨੇ ਦੋ ਸਾਲ ਪਹਿਲਾਂ ਲੋਕਾਂ ਵੱਲੋਂ ਚੁਣੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਗਿਆ।
ਉਨ੍ਹਾਂ ਨੇ ਬਿਜਲੀ ਬਿੱਲ ਜ਼ੀਰੋ ਕਰਨ, ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਅਤੇ ਬਿਹਤਰ ਸਿਹਤ ਸਹੂਲਤਾਂ ਦੇਣ ਵਰਗੇ ਉਪਰਾਲਿਆਂ ਰਾਹੀਂ ਲੋਕਾਂ ਨੂੰ ਰਾਹਤ ਦੇਣ ਦੀ ਗੱਲ ਕੀਤੀ। ਸ੍ਰ.ਰੰਧਾਵਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਬਿਜਲੀ ਦੇ ਵੱਡੇ-ਵੱਡੇ ਬਿੱਲਾਂ ਦੇ ਨਾਂ 'ਤੇ ਲੋਕਾਂ ਦੀ ਲੁੱਟ ਕੀਤੀ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਲੋਕਾਂ ਦੇ ਸਿਰਾਂ ਤੋਂ ਵੱਡਾ ਬੋਝ ਉਤਾਰ ਦਿੱਤਾ ਗਿਆ, ਜਿਸ ਤਹਿਤ 90 ਫੀਸਦੀ ਦੇ ਕਰੀਬ ਲੋਕਾਂ ਨੂੰ 600 ਯੂਨਿਟ ਮੁਫਤ ਦਿੱਤੇ ਗਏ ਹਨ ਅਤੇ ਬਿੱਲ ਜ਼ੀਰੋ 'ਤੇ ਆ ਰਹੇ ਹਨ ਅਤੇ ਆਰਥਿਕ ਮੰਦੀ ਦੇ ਇਸ ਦੌਰ 'ਚ ਉਸ ਪੈਸੇ ਨੂੰ ਪਰਿਵਾਰ ਦੇ ਗੁਜ਼ਾਰੇ ਲਈ ਵਰਤਣ ਦੇ ਯੋਗ ਹਨ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਰਕਾਰ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ। ਸ੍ਰ. ਰੰਧਾਵਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਚੁਣਨ ਤਾਂ ਜੋ ਉਹ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰ ਸਕਣ। ਸ. ਰੰਧਾਵਾ ਨੇ ਦੱਸਿਆ ਕਿ ਪਿੰਡ ਖੇਲਣ ਦੇ ਬਿੱਟੂ, ਸੁਖਵੀਰ ਸਿੰਘ, ਰਾਜਬੀਰ, ਬਿਕਰਮ, ਪਰਵੀਨ, ਪ੍ਰਦੀਪ, ਭੀਮ ਤੇ ਸੁਭਾਸ਼ ਆਦਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ, ਜਿਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।