ਟਰੈਕਟਰ-ਕਾਰ ਦੀ ਟੱਕਰ 'ਚ ਚਾਰ ਜ਼ਖ਼ਮੀ
- ਟਰੈਕਟਰ ਦੇ ਦੋ ਟੁਕੜੇ ਹੋਏ
ਮਲਕੀਤ ਸਿੰਘ ਮਲਕਪੁਰ
ਲਾਲੜੂ 21 ਮਈ 2024: ਅੰਬਾਲਾ-ਚੰਡੀਗੜ੍ਹ ਕੌਮੀਮਾਰਗ ’ਤੇ ਸਰਸੀਣੀ ਬਸ ਅੱਡੇ ਨੇੜੇ ਟਰੈਕਟਰ ਅਤੇ ਕਾਰ ਦੀ ਟੱਕਰ ’ਚ ਕਾਰ ’ਚ ਸਵਾਰ ਚਾਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਟਰੈਕਟਰ ਦੇ ਦੋ ਟੁਕੜੇ ਹੋ ਗਏ ਤੇ ਕਾਰ ਵੀ ਨੁਕਸਾਨੀ ਗਈ, ਫਿਲਹਾਲ ਚਾਰੇ ਨੌਜਵਾਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਥਾਣਾ ਲਾਲੜੂ ਦੇ ਏਐਸਆਈ ਚਮਕੌਰ ਸਿੰਘ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਚਾਰੇ ਨੌਜਵਾਨ ਆਪਣੇ ਭਰਾ ਨੂੰ ਮਿਲਣ ਹਿਸਾਰ ਜ਼ਿਲ੍ਹੇ ਦੇ ਪਿੰਡ ਮਦਨਹੇੜੀ ਤੋਂ ਚੰਡੀਗੜ੍ਹ ਜਾ ਰਹੇ ਸਨ, ਜਿਵੇਂ ਹੀ ਉਹ ਲਾਲੜੂ ਸਥਿਤ ਸਰਸੀਣੀ ਨੇੜੇ ਪੁੱਜੇ ਤਾਂ ਪਿੰਡ ਸਰਸੀਣੀ ਵੱਲੋਂ ਕੌਮੀਮਾਰਗ ਤੇ ਚੜਨ ਲਈ ਆ ਰਹੇ ਇੱਕ ਟਰੈਕਟਰ ਦੀ ਅੰਬਾਲਾ ਵੱਲੋਂ ਆ ਰਹੀ ਕਾਰ ਨਾਲ ਟੱਕਰ ਹੋ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਲੱਗਣ ਨਾਲ ਟਰੈਕਟਰ ਦੇ ਦੋ ਟੁਕੜੇ ਹੋ ਗਏ, ਜਦਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਵਿੱਚ ਸਵਾਰ ਚਾਰੇ ਨੌਜਵਾਨ ਬਿੰਟੂ, ਹੰਸ , ਕ੍ਰਿਸ਼ਨਾ ਅਤੇ ਪ੍ਰਵੀਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪਹਿਲਾਂ ਸਰਕਾਰੀ ਹਸਪਤਾਲ ਡੇਰਾਬੱਸੀ ਲਿਜਾਇਆ ਗਿਆ , ਜਿਥੋ ਡਾਕਟਰਾਂ ਨੇ ਉਨ੍ਹਾਂ ਜੀਐਮਸੀਐਚ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ, ਜਿੱਥੇ ਹੰਸ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ, ਜਦਕਿ ਬਾਕੀਆਂ ਨੂੰ ਹਿਸਾਰ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਹੰਸ ਦੇ ਬਿਆਨਾਂ ਦੇ ਆਧਾਰ 'ਤੇ ਫਰਾਰ ਟਰੈਕਟਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।