ਸੇਵਾ ਭਾਰਤੀ ਵੱਲੋਂ ਕੰਪਿਊਟਰ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ
ਰੋਹਿਤ ਗੁਪਤਾ
ਗੁਰਦਾਸਪੁਰ 22 ਮਈ ਸੇਵਾ ਭਾਰਤੀ ਗੁਰਦਾਸਪੁਰ ਵੱਲੋਂ ਚਲਾਏ ਜਾ ਰਹੇ ਕੇਸ਼ਵ ਕੰਪਿਊਟਰ ਸੈਂਟਰ ਦੇ 20 ਸਿਖਿਆਰਥੀਆਂ ਨੂੰ ਕੋਰਸ ਪੂਰਾ ਹੋਣ 'ਤੇ ਇਕ ਵਿਸ਼ੇਸ਼ ਸਮਾਰੋਹ ਦੌਰਾਨ ਸਰਟੀਫਿਕੇਟ ਵੰਡੇ ਗਏ। ਪ੍ਰੋਗਰਾਮ ਵਿੱਚ ਗੁਰਦਾਸਪੁਰ ਦੇ ਸੀਨੀਅਰ ਐਡਵੋਕੇਟ ਅਸ਼ਵਨੀ ਦੱਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਨੀਲ ਕਮਲ ਮੀਤ ਪ੍ਰਧਾਨ ਪੰਜਾਬ ਸੇਵਾ ਭਾਰਤੀ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਗੁਰਦਿਆਲ ਸਿੰਘ ਸਾਬਕਾ ਨਗਰ ਕੌਂਸਲਰ, ਸ੍ਰੀਮਤੀ ਸੀਮਾ ਲੈਕਚਰਾਰ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਭਾਰਤ ਮਾਤਾ ਦੀ ਤਸਵੀਰ ਅੱਗੇ ਦੀਪ ਜਗਾ ਕੇ ਕੀਤੀ ਗਈ। ਸੁਭਾਸ਼ ਮਹਾਜਨ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਸੇਵਾ ਭਾਰਤੀ ਗੁਰਦਾਸਪੁਰ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਵੀ ਦਿੱਤੀ।
ਸ਼੍ਰੀ ਅਸ਼ਵਨੀ ਦੱਤਾ ਨੇ ਇਸ ਮੌਕੇ ਕੋਰਸ ਪੂਰਾ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਆਪਣੇ ਜੀਵਨ ਅਤੇ ਕਰੀਅਰ ਵਿੱਚ ਅੱਗੇ ਵਧਣ ਲਈ ਸਖ਼ਤ ਮਿਹਨਤ ਕਰਨ ਅਤੇ ਗਿਆਨ ਪ੍ਰਾਪਤ ਕਰਨ 'ਤੇ ਜ਼ੋਰ ਦਿੱਤਾ। ਉਹਨਾਂ ਸੇਵਾ ਭਾਰਤੀ ਨੂੰ ਸੇਵਾ ਕਾਰਜਾਂ ਵਿੱਚ ਹਮੇਸ਼ਾ ਆਪਣਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਿੱਖਿਆ ਲੈ ਰਹੇ ਅਤੇ ਪਾਸ ਆਊਟ ਹੋਣ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਸੈਂਟਰ ਦੇ ਅਧਿਆਪਕ ਪ੍ਰਿਆ ਦੀਦੀ, ਸੁਖਵਿੰਦਰ, ਸੈਂਟਰ ਇੰਚਾਰਜ ਅਸ਼ੋਕ ਸ਼ਰਮਾ, ਸਤੀਸ਼, ਸ੍ਰੀ ਕੰਵਲ ਜੀਤ ਸ਼ਰਮਾ ਵੀ ਹਾਜ਼ਰ ਸਨ। ਸ਼੍ਰੀ ਨੀਲ ਕਮਲ ਨੇ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।