ਸਨਾਤਨੀ ਵਿਚਾਰਧਾਰਾ ਦੀ ਕਦਰ ਕਰਨ ਵਾਲਿਆਂ ਨੂੰ ਦਿਓ ਵੋਟ ਸਨਾਤਨ ਜਾਗਰਨ ਮੰਚ ਨੇ ਕੀਤੀ ਅਪੀਲ
ਰੋਹਿਤ ਗੁਪਤਾ
ਗੁਰਦਾਸਪੁਰ 24 ਮਈ ਸਨਾਤਨ ਜਾਗਰਨ ਮੰਚ ਦੀ ਇੱਕ ਵਿਸ਼ੇਸ਼ ਬੈਠਕ ਇੱਕ ਸਥਾਨਕ ਮੰਦਰ ਵਿਖੇ ਹੋਈ ਜਿਸ ਵਿੱਚ ਵੋਟਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਪਵਨ ਸ਼ਰਮਾ ਅਤੇ ਚੇਅਰਮੈਨ ਰਵੀ ਮਹਾਜਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੋਟ ਸਾਨੂੰ ਸਾਡਾ ਪ੍ਰਤੀਨਿਧੀ ਚੁਣਨ ਦਾ ਹੱਕ ਦਿੰਦੀ ਹੈ । ਅਜਿਹਾ ਪ੍ਰਤੀਨਿਧੀ ਜੋ ਸੰਸਦ ਵਿੱਚ ਜਾ ਕੇ ਸਾਡੇ ਮਸਲੇ ਚੁੱਕਦਾ ਹੈ ਤੇ ਸਰਕਾਰ ਅੱਗੇ ਰੱਖ ਕੇ ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਵਿਅਕਤੀ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜਰੂਰ ਕਰਨਾ ਚਾਹੀਦਾ ਹੈ।
ਇਸ ਦੇ ਨਾਲ ਹੀ ਜਾਗਰਨ ਮੰਚ ਦੇ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਨਾਤਨੀ ਪਰੰਪਰਾ ਤੇ ਵਿਚਾਰਧਾਰਾ ਆਪਣੇ ਧਰਮ ਪ੍ਰਤੀ ਅਡਿਗ ਅਤੇ ਕੱਟੜ ਹੋਣ ਦੇ ਨਾਲ ਨਾਲ ਹਰ ਧਰਮ ਦਾ ਮਾਨ ਸਤਿਕਾਰ ਕਰਣ ਦੀ ਸਿੱਖਿਆ ਵੀ ਦਿੰਦੀ ਹੈ। ਪ੍ਰਾਚੀਨ ਸਨਾਤਨੀ ਪਰੰਪਰਾ ਹੀ ਹੈ ਜਿਸ ਨਾਲ ਹਰ ਧਰਮ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਿਆ ਹੋਇਆ ਹੈ। ਇਸੇ ਲਈ'ਸਰਵ ਧਰਮ ਹਿਤਾਏ' ਯਾਨੀ ਕਿ ਹਰ ਧਰਮ ਨਾਲ ਜੁੜੇ ਵਿਅਕਤੀ ਦੇ ਹਿੱਤ ਲਈ ਕੰਮ ਕਰਨਾ ਅਤੇ ਸੇਵਾ ਸਨਾਤਨ ਧਰਮ ਦਾ ਮੁੱਖ ਉਦੇਸ਼ ਹੈ। ਸਨਾਤਨ ਸਾਨੂੰ ਪਰਮਾਤਮਾ ਨਾਲ ਜੋੜਦਾ ਹੈ ਅਤੇ ਇਹ ਦੱਸਦਾ ਹੈ ਕਿ ਵੱਖ-ਵੱਖ ਰਸਤੇ ਹੋਣ ਦੇ ਬਾਵਜੂਦ ਸਾਰਿਆਂ ਦੀ ਮੰਜ਼ਿਲ ਇੱਕੋ ਹੈ। ਇਸ ਲਈ ਜੋ ਵਿਅਕਤੀ ਸਨਾਤਨੀ ਵਿਚਾਰਧਾਰਾ ਦੀ ਕਦਰ ਕਰਦਾ ਹੋਵੇ ਅਤੇ ਸਾਰੇ ਧਰਮਾਂ ਦਾ ਸਨਮਾਨ ਕਰਦਾ ਹੋਵੇ ਅਜਿਹੇ ਉਮੀਦਵਾਰ ਜਾਂ ਪਾਰਟੀ ਨੂੰ ਹੀ ਆਪਣਾ ਵੋਟ ਦੇਵੋ।
ਇਸ ਮੌਕੇ ਦਲਜੀਤ ਕੁਮਾਰ ,ਮਨਦੀਪ ਸ਼ਰਮਾ ਰਿੰਕੂ, ਸੁਨੀਲ ਮਹਾਜਨ ਲਾਲ, ਮਨੋਜ ਰੈਣਾ ,ਦੀਕਸ਼ਾ ਮਹਿਰਾ ਅਤੇ ਕਿਰਨ ਸ਼ਰਮਾ ਆਦਿ ਵੀ ਹਾਜ਼ਰ ਸਨ।