ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਦੀ ਜ਼ੋਰਦਾਰ ਨਿਖੇਧੀ
- ਕਿਸਾਨਾਂ ਉੱਤੇ ਚਲਾਏ ਦਮਨ ਚੱਕਰ ਭਾਜਪਾ ਦੀ ਨੈਤਿਕ ਹਾਰ
- ਜਬਰ ਦਾ ਸਿਆਸੀ ਖਮਿਆਜ਼ਾ ਭੁਗਤਣ ਲਈ ਤਿਆਰ ਰਹੇ ਭਾਜਪਾ
- ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਬਿਆਨ ਸਾਜ਼ਿਸ਼ੀ ਝੂਠ ਦਾ ਪੁਲੰਦਾ
- ਆਪ ਸਰਕਾਰ ਨੇ ਕਿਸਾਨਾਂ ਦੇ ਵਿਰੋਧ ਕਰਨ ਦੇ ਜਮਹੂਰੀ ਹੱਕ ਤੇ ਮੜੀਆਂ ਪਾਬੰਦੀਆਂ
ਦਲਜੀਤ ਕੌਰ
ਚੰਡੀਗੜ੍ਹ, 24 ਮਈ, 2024: ਕਿਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਨੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਜਪਾ ਦੀ ਜਲੰਧਰ ਅਤੇ ਗੁਰਦਾਸਪੁਰ ਰੈਲੀ ਦੌਰਾਨ ਕਾਲੇ ਝੰਡੇ ਦਿਖਾਉਣ ਲਈ ਜਾ ਰਹੇ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਥਾਣਿਆਂ ਅਤੇ ਘਰਾਂ ਵਿੱਚ ਬੰਦ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਕਿਸਾਨਾਂ ਉੱਤੇ ਚਲਾਏ ਗਏ ਦਮਨ ਚੱਕਰ ਨੂੰ ਭਾਜਪਾ ਦੀ ਨੈਤਿਕ ਹਾਰ ਕਰਾਰ ਦਿੰਦਿਆਂ ਜੱਥੇਬੰਦੀ ਨੇ ਕਿਹਾ ਹੈ ਕਿ ਇਸ ਜਬਰ ਦਾ ਸਿਆਸੀ ਖਮਿਆਜ਼ਾ ਭੁਗਤਣ ਲਈ ਭਾਜਪਾ ਤਿਆਰ ਰਹੇ।
ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਨੂੰ ਲਾਗੂ ਕਰਨ ਲਈ ਕਾਲੇ ਝੰਡੇ ਲੈਕੇ ਕੂਚ ਕਰਨ ਵਾਲੇ ਕਿਰਤੀ ਕਿਸਾਨ ਯੂਨੀਅਨ ਦੇ ਕਾਫ਼ਲਿਆਂ ਨੂੰ ਕਈ ਥਾਵਾਂ ਤੇ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਬਹੁਤ ਸਾਰੇ ਜ਼ਿਲ੍ਹਾ ਅਤੇ ਬਲਾਕ ਪੱਧਰੀ ਆਗੂਆਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕੀਤਾ ਗਿਆ। ਯੂਨੀਅਨ ਦੇ ਜਲੰਧਰ ਸਥਿਤ ਸੂਬਾ ਦਫਤਰ ਨੂੰ ਪੁਲਿਸ ਨੇ ਸੀਲ ਕੀਤਾ।ਇਥੋਂ ਤੱਕ ਕਿ ਕਪੂਰਥਲਾ ਜ਼ਿਲ੍ਹੇ ਦੇ ਸੂਬਾ ਆਗੂ ਤਰਸੇਮ ਸਿੰਘ ਬੰਨਾਮੱਲ ਦੀ ਪਤਨੀ ਦੀ ਮੌਤ ਹੋਣ ਦੇ ਬਾਵਜੂਦ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਗਈ। ਵੱਖ ਵੱਖ ਸਥਾਨਾਂ ਤੇ ਗ੍ਰਿਫਤਾਰ ਕੀਤੇ ਆਗੂਆਂ ਵਿੱਚ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ, ਸੂਬਾਈ ਆਗੂ ਸਤਬੀਰ ਸਿੰਘ ਸੁਲਤਾਨੀ, ਬਲਵਿੰਦਰ ਸਿੰਘ ਭੁੱਲਰ, ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਸੁਖਦੇਵ ਸਿੰਘ ਸਹਿੰਸਰਾ ਅਤੇ ਜਗਤਾਰ ਸਿੰਘ ਭਿੰਡਰ ਸ਼ਾਮਲ ਹਨ।
ਯੂਨੀਅਨ ਦੀ ਸੂਬਾ ਕਮੇਟੀ ਨੇ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਵਲੋਂ ਬੀਤੇ ਦਿਨੀਂ ਪਟਿਆਲਾ ਵਿਖੇ ਕਿਸਾਨਾਂ ਮਜ਼ਦੂਰਾਂ ਦੇ ਪ੍ਰਦਰਸ਼ਨ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਨ ਦੇ ਦਿੱਤੇ ਬਿਆਨ ਨੂੰ ਸਾਜ਼ਿਸ਼ ਭਰਪੂਰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਕਿਹਾ ਹੈ ਕਿ ਹੰਸ ਰਾਜ ਹੰਸ ਗਿਣੀ ਮਿਥੀ ਸਾਜ਼ਿਸ਼ ਤਹਿਤ ਕੱਲ੍ਹ ਦੇ ਪ੍ਰਦਰਸ਼ਨ ਵਿੱਚ ਆਪਣਾ ਕਾਫਲਾ ਲੈਕੇ ਵੜਿਆ ਜਿੱਥੇ ਉਸ ਦੀ ਗੱਡੀ ਦੀ ਫੇਟ ਕਾਰਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਦਲਿਤ ਆਗੂ ਬਿੱਕਰ ਸਿੰਘ ਹਥੋਆ ਜ਼ਖਮੀ ਹੋ ਗਏ ਸਨ। ਪੰਜਾਬ ਦੇ ਪੇਂਡੂ ਮਜ਼ਦੂਰਾਂ ਵੱਲੋਂ ਕਿਸਾਨਾਂ ਦੀ ਡੱਟਵੀਂ ਹਮਾਇਤ ਦੇ ਚੱਲਦਿਆਂ ਹੰਸ ਰਾਜ ਹੰਸ ਦੀ ਦਲਿਤਾਂ ਨੂੰ ਕਿਸਾਨਾਂ ਵਿਰੁੱਧ ਉਕਸਾਉਣ ਦੀ ਖੇਡ ਖਰਾਬ ਹੋਣ ਮਗਰੋਂ ਹੁਣ ਝੂਠਾ ਬਿਆਨ ਦੇਕੇ ਹਮਦਰਦੀ ਬਟੋਰਨ ਦੇ ਮਨਸੂਬੇ ਸਫਲ ਨਹੀਂ ਹੋਣ ਦਿੱਤੇ ਜਾਣਗੇ।
ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਸੂਬਾ ਪ੍ਰੈਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਅੱਜ ਪੰਜਾਬ ਦੀ ਆਪ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਦੇ ਵਿਰੋਧ ਕਰਨ ਦੇ ਜਮਹੂਰੀ ਹੱਕ ਤੇ ਪਾਬੰਦੀਆਂ ਮੜ ਕੇ ਦਰਸਾ ਦਿੱਤਾ ਹੈ ਕਿ ਉਹ ਵੀ ਕੇਂਦਰ ਦੀ ਭਾਜਪਾ ਸਰਕਾਰ ਦੇ ਨਕਸ਼ੇ ਕਦਮਾਂ ਤੇ ਤੁਰਨ ਦੇ ਰਾਹ ਪੈ ਗਈ ਹੈ।