ਬੀਕੇਯੂ ਡਕੌਂਦਾ ਦੀ ਚੋਣ 'ਚ ਬਲਵੰਤ ਸਿੰਘ ਬਲਾਕ ਪ੍ਰਧਾਨ ਤੇ ਸੁਰਜੀਤ ਸਿੰਘ ਸਕੱਤਰ ਚੁਣੇ ਗਏ
ਦਲਜੀਤ ਕੌਰ
ਜਗਰਾਉਂ, 29 ਮਈ, 2024: ਬੀਤੇ ਦਿਨੀ ਪਿੰਡ ਸ਼ੇਰਪੁਰ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੱਦੇ ਤੇ ਪਿੰਡ ਦੇ ਆਮ ਕਿਸਾਨਾਂ ਦੀ ਇਕੱਤਰਤਾ ਹੋਈ। ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਵਿਸ਼ੇਸ਼ ਤੋਰ ਤੇ ਪੰਹੁਚੇ ਜਿਲਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੇਸ਼ ਅਤੇ ਪੰਜਾਬ ਚ ਛੋਟੀ ਤੇ ਦਰਮਿਆਨੀ ਕਿਸਾਨੀ ਦੀ ਦਿਨੋ-ਦਿਨ ਨਿੱਘਰ ਰਹੀ ਆਰਥਿਕ ਹਾਲਤ ਲਈ ਕੇਂਦਰੀ ਹਕੂਮਤ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ।
ਉੱਨਾਂ ਕਿਹਾ ਕਿ ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਫੰਡ ਤੋਂ ਬਾਅਦ ਸੰਸਾਰ ਵਪਾਰ ਸੰਸਥਾਂ ਰਾਹੀ ਪਛੜੇ ਤੇ ਵਿਕਾਸਸ਼ੀਲ ਮੁਲਕਾਂ ਨੂੰ ਅਪਣੇ ਜਕੜਪੰਜੇ ਚ ਜਕੜ ਰਹੇ ਕਾਰਪੋਰੇਟ ਨੇ ਅਪਣੇ ਮੁਨਾਫ਼ਿਆਂ ਲਈ ਅੱਧੀ ਦੂਨੀਆਂ ਨੂੰ ਭੁੱਖਮਰੀ ਦੀ ਖੱਡ ਚ ਸੁੱਟ ਰੱਖਿਆ ਹੈ। ਇਸੇ ਲਈ ਖੇਤੀ ਦੇ ਕਾਲੇ ਕਨੂੰਨ ਲਿਆ ਕੇ ਕਿਸਾਨੀ ਨੂੰ ਮੰਗਤੇ ਬਣਾਉਣ ਦਾ ਰਾਹ ਹਕੂਮਤਾਂ ਨੇ ਤਿਆਰ ਕੀਤਾ ਸੀ। ਐਮ ਐਸ ਪੀ ਦੇਣ, ਸਵਾਮੀਨਾਥਨ ਲਾਗੂ ਕਰਨ ਤੋਂ ਭੱਜ ਰਹੀ , ਸਰਕਾਰੀਖਰੀਦ ਬੰਦ ਕਰਨ, ਨਵੀਂ ਖੇਤੀ ਨੀਤੀ ਨਾ ਲਿਆਉਣ, ਕਰਜ਼ੇ ਰੱਦ ਨਾ ਕਰਨ , ਫਸਲੀ ਬੀਮਾ ਸਕੀਮ ਲਾਗੂ ਨਾ ਕਰਨ ਪਿੱਛੇ ਕਾਰਨ ਸਿਰਫ ਤੇ ਸਿਰਫ ਦੇਸੀ ਵਿਦੇਸ਼ੀ ਲੁੱਟ ਨੂੰ ਕਾਇਮ ਰੱਖਣਾ ਹੈ। ਉਨਾਂ ਕਿਹਾ ਕਿ ਕਿਸਾਨੀ ਦਾ ਬਚਾਅ ਸਿਰਫ ਤੇ ਸਿਰਫ ਜਥੇਬੰਦੀ ਤੇ ਸੰਘਰਸ਼ ਹੈ।
ਜਨਤਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਵੋਟਾਂ ਰਾਹੀ ਬੰਦੇ ਤਾਂ ਬਦਲੇ ਜਾ ਸਕਦੇ ਹਨ ਪਰ ਸਿਸਟਮ ਨਹੀ ਬਦਲਿਆ ਜਾ ਸਕਦਾ। ਦਲਬਦਲੀਆਂ ਇਸ ਵੋਟ ਪ੍ਰਬੰਧ ਦਾ ਕੋਹੜ ਹੋਰ ਨੰਗਾ ਕਰ ਰਹੀਆਂ ਹਨ। ਲੋਕਾਂ ਦਾ ਇਸ ਰਾਜਭਾਗ ਤੋ ਵਿਸਵਾਸ਼ ਉਠ ਚੁੱਕਾ ਹੈ। ਬੁਨਿਆਦੀ ਮੁੱਦੇ ਗਾਇਬ ਹਨ। ਲਾਰਿਆਂ ਨੇ ਗਰੰਟੀਆਂ ਦਾ ਰੂਪ ਅਖਤਿਆਰ ਕਰ ਲਿਆ ਹੈ। ਮਾਲ ਵੇਚਣ ਦਾ ਇਹ ਹੁਣ ਆਖ਼ਰੀ ਦਾਅ ਹੈ। ਉੱਨਾਂ ਵੋਟਾਂ ਦੀ ਥਾਂ ਸੰਘਰਸ਼ਾਂ ਤੇ ਟੇਕ ਰੱਖਣ ਦਾ ਸੱਦਾ ਦਿੱਤਾ।
ਇਸ ਸਮੇਂ ਸਰਵਸੰਮਤੀ ਨਾਲ ਬਲਵੰਤ ਸਿੰਘ ਨੂੰ ਪ੍ਰਧਾਨ, ਗੁਰਸੇਵਕ ਸਿੰਘ ਮੀਤ ਪ੍ਰਧਾਨ, ਸੁਰਜੀਤ ਸਿੰਘ ਸੱਕਤਰ, ਭੁਪਿੰਦਰ ਪਾਲ ਗਰੇਵਾਲ ਖਜ਼ਾਨਚੀ, ਕਿਰਨਦੀਪ ਸਿੰਘ ਮੀਤ ਸੱਕਤਰ ਅਤੇ 31 ਮੈਂਬਰੀ ਕਾਰਜਕਾਰਨੀ ਚੁਣੀ ਗਈ।