ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਥੇਬੰਦਕ ਇਜਲਾਸ ਵਿੱਚ ਸ਼ਾਮਲ ਹੋਵੇਗੀ ਗੁਰਦਾਸਪੁਰ ਇਕਾਈ
- 15-16 ਜੂਨ ਨੂੰ ਬਰਨਾਲਾ ਵਿਖੇ ਹੋਵੇਗਾ ਚੋਣ ਇਜਲਾਸ
ਰੋਹਿਤ ਗੁਪਤਾ
ਗੁਰਦਾਸਪੁਰ 10 ਜੂਨ 2024 - ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਗੁਰਦਾਸਪੁਰ ਇਕਾਈ ਬਰਨਾਲਾ ਵਿਖੇ 15-16 ਜੂਨ ਨੂੰ ਹੋ ਰਹੇ ਸੂਬਾ ਜਥੇਬੰਦਕ ਇਜਲਾਸ ਵਿੱਚ ਭਾਗ ਲਵੇਗੀ। ਇਹ ਫੈਸਲਾ ਸਭਾ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਜਗਜੀਵਨ ਲਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤਾ ਗਿਆ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇੰਜੀਨੀਅਰ ਰਣਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਸੂਬਾ ਪੱਧਰੀ ਇਜਲਾਸ ਵਿੱਚ ਗੁਰਦਾਸਪੁਰ ਦੇ 7 ਡੈਲੀਗੇਟ ਅਤੇ ਇਕ ਦਰਸ਼ਕ ਭਾਗ ਲੈਣਗੇ। ਇਸ ਦੋ ਰੋਜ਼ਾ ਇਜਲਾਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮਨੁੱਖੀ ਅਤੇ ਜਮਹੂਰੀ ਅਧਿਕਾਰਾਂ ਦੀ ਸਥਿਤੀ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਪਿਛਲੇ ਦੋ ਸਾਲਾਂ ਦੌਰਾਨ ਸਭਾ ਵੱਲੋਂ ਕੀਤੀਆਂ ਗਤਿਵਿਧਿਆਂ ਤੇ ਆਤਮ ਪੜਚੋਲ ਕੀਤੀ ਜਾਵੇਗੀ। ਸਭਾ ਵੱਲੋਂ ਸੂਬਾ ਪੱਧਰੀ ਜਥੇਬੰਦਕ ਟੀਮ ਦਾ ਗਠਨ ਕੀਤਾ ਜਾਵੇਗਾ। ਮੀਟਿੰਗ ਵਿੱਚ 34 ਸਾਲ ਪਹਿਲਾਂ ਸ਼ਹੀਦ ਹੋਏ ਸਭਾ ਦੇ ਮੈਂਬਰ ਕਾਮਰੇਡ ਅਮਰੀਕ ਸਿੰਘ ਪਨਿਆੜ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਪਨਿਆੜ ਮਿਲ ਦੇ ਆਲੇ ਦੁਆਲੇ ਫੈਲੇ ਪ੍ਰਦੂਸ਼ਣ ਦੀ ਜਾਂਚ ਰਿਪੋਰਟ ਕਰਨ ਲਈ ਕਮੇਟੀ ਗਠਿਤ ਕਰਨ ਦਾ ਐਲਾਨ ਕੀਤਾ ਗਿਆ। ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਮਾਂਗਟ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਅਮਰਜੀਤ ਸ਼ਾਸਤਰੀ, ਸੁਰਿੰਦਰ ਸਿੰਘ ਕੋਠੇ, ਗੁਰਦਿਆਲ ਸਿੰਘ ਬਾਲਾ ਪਿੰਡੀ, ਰੂਪ ਸਿੰਘ ਦੀਨਾਨਗਰ ਹਾਜ਼ਰ ਸਨ।