‘ਆਪ’ ਦੇ ਟਕਸਾਲੀ ਵਰਕਰ ਨੇ ਲਾਈਵ ਹੋ ਕੇ ਕੱਢੀ ਭੜਾਸ
ਕੁਲਵੰਤ ਸਿੰਘ ਬੱਬੂ
ਰਾਜਪੁਰਾ 10 ਜੂਨ 2024 - ਆਮ ਆਦਮੀ ਪਾਰਟੀ ਦੇ ਟਕਸਾਲੀ ਵਲੰਟੀਅਰ ਸੁਖਦੇਵ ਸਿੰਘ ਘੱਗਰਸਰਾਏ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਲੋਕ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਦੀ ਹੋਈ ਹਾਰ ਦਾ ਠੀਕਰਾ ਹਲਕਾ ਰਾਜਪੁਰਾ ਅਤੇ ਘਨੌਰ ਦੇ ਵਿਧਾਇਕਾਂ ਦੇ ਸਿਰ ਭੰਨਿਆ। ਜਿਸ ਕਾਰਨ ਪਾਰਟੀ ਨੂੰ ਬਣੀ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ 2013 'ਚ ਰਾਜਪੁਰਾ ਵਿਖੇ ਪੁਰਾਣੇ ਲਗਭਗ 20 ਵਲੰਟੀਅਰਾਂ ਨੇ ਪਾਰਟੀ ਨੂੰ ਸਟੈਂਡ ਕਰਨ ਦੇ ਲਈ ਇੱਕਜੁੱਟ ਹੋ ਕੇ ਕੰਮ ਕੀਤਾ। ਇਸ ਤੋਂ ਇਲਾਵਾ ਸਾਰੇ ਵਲੰਟੀਅਰਾਂ ਨੇ 20-20 ਪਿੰਡ ਵੰਡ ਕੇ ਸਰਵੇ ਕਰਕੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਦਾ ਕੰਮ ਵੀ ਕੀਤਾ। ਇਸ ਦੌਰਾਨ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਬਾਰੇ ਜਾਗਰੂਕ ਕੀਤਾ ਅਤੇ ਕੀਤੇ ਗਏ ਸਰਵੇ ਦੀਆਂ ਰਿਪੋਰਟਾਂ ਅਜੇ ਤੱਕ ਉਨ੍ਹਾਂ ਦੇ ਕੋਲ ਹਨ। ਇਸ ਤੋਂ ਬਾਅਦ ਪਾਰਟੀ ਦੀ ਲਹਿਰ ਬਣਦੀ ਚਲੀ ਗਈ।
ਇਸ ਮਗਰੋਂ ਪਾਰਟੀ ਹਾਈਕਮਾਂਡ ਵੱਲੋਂ ਹਲਕਾ ਰਾਜਪੁਰਾ ਤੋਂ ਨੀਨਾ ਮਿੱਤਲ ਅਤੇ ਹਲਕਾ ਘਨੌਰ ਤੋਂ ਗੁਰਲਾਲ ਸਿੰਘ ਘਨੋਰ ਨੂੰ ਬਤੌਰ ਵਿਧਾਇਕ ਦੀ ਟਿਕਟ ਦਿੱਤੀ ਗਈ। ਜਿਸ
ਤਹਿਤ ਵਲੰਟੀਅਰਾਂ ਵੱਲੋਂ ਕੀਤੀ ਗਈ ਮਿਹਨਤ ਸਦਕਾ ਲੋਕਾਂ ਨੇ ਪਾਰਟੀ ਦੇ ਹੱਕ 'ਚ ਫਤਵਾ ਦੇ ਕੇ ਜਿਤਾਇਆ। ਜਿਸ ਤੋਂ ਬਾਅਦ ਜਿੱਤੇ ਹੋਏ ਵਿਧਾਇਕਾਂ ਵੱਲੋਂ ਆਪਣੇ ਹਲਕਿਆਂ 'ਚ ਲੋਕ ਸਭਾ ਉਮੀਦਵਾਰ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਚੁੱਕਣੀ ਬਣਦੀ ਸੀ ਪਰ ਆਪ ਦੇ ਦੋਵੇਂ ਹਲਕਿਆਂ ਰਾਜਪੁਰਾ ਅਤੇ ਘਨੌਰ ਦੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਪਾਰਟੀ ਖੜ੍ਹੀ ਕਰਨ ਵਾਲੇ ਪੁਰਾਣੇ 70 ਫੀਸਦੀ ਵਲੰਟੀਅਰਾਂ ਦੇ ਫੋਨ ਚੁੱਕਣੇ ਬੰਦ ਕਰ ਦਿੱਤੇ ਅਤੇ ਦਰ ਕਿਨਾਰ ਕਰ ਦਿੱਤਾ।
ਜਦੋਂ ਉਕਤ ਵਲੰਟੀਅਰ ਵਿਧਾਇਕਾਂ ਦੀਆਂ ਕੋਠੀਆਂ ਵਿੱਚ ਜਾਂਦੇ ਸਨ। ਤਾਂ ਲੋਕਾਂ ਦੇ ਦਫਤਰੀ ਕੰਮ ਕਰਵਾਉਣ ਦੇ ਲਈ ਹਾੜੇ ਕੱਢਦੇ ਸਨ। ਜਿਸ ਤੋਂ ਬਾਅਦ ਲੋਕਾਂ ਦਾ ਕਹਿਣਾ ਸੀ ਉਹ ਹੁਣ ਤਾਂ ਵੋਟਾਂ ਦੇ ਨਾਲ ਹੀ ਉਨ੍ਹਾਂ ਦੀ ਕੀਤੀ ਗਈ ਅਣਦੇਖੀ ਦਾ ਜਵਾਬ ਦੇਣਗੇ। ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਵੀ ਹਲਕਿਆਂ ਵਿੱਚ ਪਾਰਟੀ ਦੀ ਹਾਰ ਹੋਈ ਹੈ, ਉੱਥੋਂ ਦੇ ਵਿਧਾਇਕਾਂ 'ਤੇ ਨਕੇਲ ਕਸਦਿਆਂ 5 ਮੈਂਬਰੀ ਕਮੇਟੀਆਂ ਬਣਾਈਆਂ ਜਾਣ ਜਿਹੜੀਆਂ ਕਿ ਸਿੱਧੇ ਤੌਰ 'ਤੇ ਸੀਐੱਮ ਹਾਊਸ ਅਤੇ ਹਲਕਿਆਂ ਦੇ ਲੋਕਾਂ ਦੇ ਨਾਲ ਅਟੈਚ ਹੋਣ। ਜੇ ਅਜਿਹਾ ਨਹੀ ਕੀਤਾ ਗਿਆ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ 'ਆਪ' ਦੀ ਜੜ੍ਹ ਖਤਮ ਹੋ ਜਾਵੇਗੀ।