ਮੁਸਲਿਮ ਬਲੱਡ ਬੈਂਕ ਦੀ ਟੀਮ ਵੱਲੋਂ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਸ਼ਾਸਨ ਨੂੰ ਸਫਾਈ ਆਦਿ ਕੰਮਾਂ ਵਿੱਚ ਸਹਿਯੋਗ ਦੇਣ ਲਈ ਦਿੱਤੇ ਗਏ ਮੰਗ ਪੱਤਰ
ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣਾ ਵੀ ਮੁਸਲਿਮ ਬਲੱਡ ਬੈਂਕ ਦੇ ਉਪਰਾਲੇ ਸਬ ਕੀ ਈਦ ਸਬ ਕੇ ਸਾਥ ਦਾ ਅਹਿਮ ਹਿੱਸਾ- ਡਾਕਟਰ ਰਮਜ਼ਾਨ ਚੌਧਰੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 11 ਜੂਨ 2024, ਮੁਸਲਿਮ ਬਲੱਡ ਬੈਂਕ & ਵੈਲਫੇਅਰ ਸੋਸਾਇਟੀ (ਰਜਿ) ਮਾਲੇਰਕੋਟਲਾ ਜਿੱਥੇ ਸਮਾਜਿਕ ਭਲਾਈ ਦੇ ਕੰਮਾਂ ਲਈ ਤਤਪਰ ਰਹਿੰਦੀ ਹੈ ਉੱਥੇ ਲੋਕਾਂ ਨੂੰ ਸਫਾਈ ਅਤੇ ਸਿਹਤ ਸਬੰਧੀ ਜਾਗਰੂਕ ਕਰਨ ਲਈ ਵੀ ਹਮੇਸ਼ਾ ਕੋਸ਼ਿਸ਼ ਕਰਦੀ ਰਹਿੰਦੀ ਹੈ। ਇਸੇ ਕੋਸ਼ਿਸ਼ ਤਹਿਤ ਈਦ-ਉਲ-ਅਜ਼ਹਾ ਮੌਕੇ ਕੀਤੇ ਜਾ ਰਹੇ 'ਸਬ ਕੀ ਈਦ ਸਬ ਕੇ ਸਾਥ' ਵਾਲੇ ਉਪਰਾਲੇ ਤੇ ਗੋਸ਼ਤ ਵੰਡਣ ਦੇ ਨਾਲ ਨਾਲ ਸਫਾਈ ਨੂੰ ਵੀ ਮਹੱਤਵ ਦਿੱਤਾ ਜਾ ਰਿਹਾ ਹੈ। ਇਸ ਲਈ ਕੁਰਬਾਨੀ ਤੋਂ ਬਾਅਦ ਵਾਲੀ ਗੰਦਗੀ ਨੂੰ ਰੋਕਣ ਲਈ ਮਸਜਿਦਾਂ ਵਿੱਚ ਵੱਡੇ ਲਿਫਾਫੇ ਪਹੁੰਚਾਏ ਜਾ ਰਹੇ ਹਨ ਤਾਂ ਜੋ ਗੰਦਗੀ ਨੂੰ ਉਨ੍ਹਾਂ ਵਿੱਚ ਪਾਕੇ ਸਹੀ ਥਾਂ ਪਹੁੰਚਾਇਆ ਜਾ ਸਕੇ। ਇਸੇ ਤਰ੍ਹਾਂ ਲੋਕਾਂ ਨੂੰ ਹੋਰ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਮੁਸਲਿਮ ਬਲੱਡ ਬੈਂਕ ਦੀ ਟੀਮ ਵੱਲੋਂ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਸ਼ਾਸਨ ਨੂੰ ਇਨ੍ਹਾਂ ਕੰਮਾਂ ਵਿੱਚ ਸਹਿਯੋਗ ਦੇਣ ਲਈ ਮੰਗ ਪੱਤਰ ਦਿੱਤੇ ਗਏ। ਇਸ ਦੇ ਤਹਿਤ ਮਾਨਯੋਗ ਡੀਸੀ, ਏਡੀਸੀ, ਏਡੀਸੀ ਜਨਰਲ, ਪ੍ਧਾਨ ਅਤੇ ਈਓ ਮਿਊਂਸਿਪਲ ਕੌਂਸਲ ਮਾਲੇਰਕੋਟਲਾ ਦੇ ਨਾਲ ਨਾਲ ਸਿਵਲ ਸਰਜਨ ਮਾਲੇਰਕੋਟਲਾ, ਐਸ ਐਮ ਓ ਮਾਲੇਰਕੋਟਲਾ ਨੂੰ ਵੱਖੋ ਵੱਖਰੇ ਮੰਗ ਪੱਤਰ ਦਿੱਤੇ ਗਏ। ਇਨ੍ਹਾਂ ਗੱਲਾਂ ਦੀ ਜਾਣਕਾਰੀ ਦਿੰਦਿਆਂ ਡਾਕਟਰ ਰਮਜ਼ਾਨ ਚੌਧਰੀ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਇਸ ਪਵਿੱਤਰ ਤਿਓਹਾਰ ਨੂੰ ਸਾਫ਼-ਸੁਥਰੇ ਢੰਗ ਨਾਲ ਮਨਾਉਣ। ਜਨਰਲ ਸਕੱਤਰ ਮੁਹੰਮਦ ਨਸੀਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਸਾਲ ਸਾਨੂੰ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਮਿਲਿਆ ਸੀ ਅਤੇ ਇਸ ਵਾਰ ਵੀ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਇਸ ਉਪਰਾਲੇ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ ਹੈ। ਕਨਵੀਨਰ ਮੁਹੰਮਦ ਸਦੀਕ ਵੱਲੋਂ ਦੱਸਿਆ ਗਿਆ ਕਿ ਕੁਰਬਾਨੀ 2024 (ਸਬ ਕੀ ਈਦ ਸਬ ਕੇ ਸਾਥ) ਲਈ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸ ਵਾਰ ਪਹਿਲਾਂ ਨਾਲੋਂ ਵੀ ਜ਼ਿਆਦਾ ਲੋਕਾਂ ਨੂੰ ਇਸ ਉਪਰਾਲੇ ਦਾ ਲਾਭ ਮਿਲੇਗਾ। ਇਸ ਮੌਕੇ ਸਰਪ੍ਰਸਤ ਜ਼ਹੂਰ ਅਹਿਮਦ ਜ਼ਹੂਰ,ਮਾਸਟਰ ਅਬਦੁਲ ਹਮੀਦ, ਕਲੀਮ ਅਹਿਮਦ, ਮੁਹੰਮਦ ਅਖ਼ਤਰ, ਹੈੱਡਮਾਸਟਰ ਜਾਵੇਦ ਨਜ਼ੀਰ ਮੁਹੰਮਦ ਆਸਿਮ ਅਤੇ ਹੋਰ ਸਾਥੀ ਮੌਜੂਦ ਸਨ।