ਦੋ ਵੱਖ ਵੱਖ ਥਾਵਾਂ ਤੇ ਮਿਲੀਆਂ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ
ਰੋਹਿਤ ਗੁਪਤਾ
ਗੁਰਦਾਸਪੁਰ 14 ਜੂਨ 2024 - ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਨਜ਼ਦੀਕ ਦੋ ਵੱਖ-ਵੱਖ ਥਾਵਾਂ ਤੋਂ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਮਿਲਣ ਨਾਲ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਸਨਸਨੀ ਫੈਲ ਗਈ ਹੈ। ਫਿਲਹਾਲ ਮ੍ਰਿਤ ਨੌਜਵਾਨਾਂ ਦੀ ਪਹਿਚਾਨ ਨਹੀ ਹੋ ਪਾਈ ਹੈ।ਮੋਕੇ ਤੇ ਪਹੁੰਚੀ ਪੁਲਿਸ ਨੇ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮੁਰਦਾ ਘਰ ਵਿੱਚ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਿੰਨੇ ਨੌਜਵਾਨ 30 ਸਾਲ ਤੋਂ ਘੱਟ ਉਮਰ ਦੇ ਦੱਸੇ ਜਾ ਰਹੇ ਹਨ।
ਡੀ ਐਸ ਪੀ ਦੀਨਾ ਨਗਰ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਦੋ ਨੌਜਵਾਨ ਦੀਨਾ ਨਗਰ ਦੇ ਨਜ਼ਦੀਕੀ ਪਿੰਡ ਡੀਡਾ ਸਾਂਸੀਆ ਵਿਖੇ ਮ੍ਰਿਤ ਹਾਲਤ ਵਿੱਚ ਮਿਲੇ ਹਨ ਜਦਕਿ ਇੱਕ ਹੋਰ ਨੌਜਵਾਨ ਦੀ ਲਾਸ਼ ਡੀਡਾ ਸਾਸੀਆਂ ਦੇ ਇਸ ਘਟਨਾ ਸਥਲ ਤੋਂ ਲਗਭਗ ਦੋ ਕਿਲੋਮੀਟਰ ਦੂਰ ਦੀਨਾ ਨਗਰ ਪਠਾਨਕੋਟ ਰੋਡ ਤੇ ਭੱਠੇ ਨੇੜੇ ਸੜਕ ਕਿਨਾਰੇ ਇੱਕ ਸੁੰਨਸਾਨ ਖਾਲੀ ਜਗ੍ਹਾ ਤੋਂ ਮਿਲੀ ਹੈ। ਉਹਨਾਂ ਦੱਸਿਆ ਕਿ ਪਹਿਲੀ ਨਜ਼ਰ ਵਿੱਚ ਮ੍ਰਿਤ ਨੌਜਵਾਨਾਂ ਦੇ ਸਰੀਰ ਤੇ ਚੋਟ ਦਾ ਕੋਈ ਨਿਸ਼ਾਨ ਨਜ਼ਰ ਨਹੀਂ ਆ ਰਿਹਾ ਹੈ ਇਸ ਲਈ ਇਹਨਾਂ ਦੀ ਮੌਤ ਦੇ ਕਾਰਨ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਇਸ ਦਾ ਖੁਲਾਸਾ ਹੋ ਜਾਵੇਗਾ। ਫਿਲਹਾਲ ਮ੍ਰਿਤ ਨੌਜਵਾਨਾਂ ਦੀ ਪਹਿਚਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।