ਬੀਕੇਯੂ ਏਕਤਾ ਡਕੌਂਦਾ ਸ਼ਹੀਦ ਕਿਰਨਜੀਤ ਦੇ ਕਾਫ਼ਲੇ 12 ਅਗਸਤ ਨੂੰ 27ਵੇਂ ਯਾਦਗਾਰੀ ਸਮਾਗਮ ਵਿੱਚ ਸ਼ਮੂਲੀਅਤ ਕਰਨਗੇ: ਮਨਜੀਤ ਧਨੇਰ
- ਕੁੱਲਰੀਆਂ ਦੇ ਕਿਸਾਨਾਂ ਨੂੰ ਇਨਸਾਫ ਨਾ ਦਿੱਤਾ ਤਾਂ 15 ਅਗਸਤ ਨੂੰ ਮੰਤਰੀਆਂ ਨੂੰ ਦਿਖਾਵਾਂਗੇ ਕਾਲੇ ਝੰਡੇ: ਗੁਰਦੀਪ ਰਾਮਪੁਰਾ
- ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਉ ਕਰਨ ਤੋਂ ਵੀ ਨਹੀਂ ਕਰਾਂਗੇ ਗੁਰੇਜ਼: ਹਰੀਸ਼ ਨੱਢਾ
ਦਲਜੀਤ ਕੌਰ
ਬਰਨਾਲਾ, 1 ਅਗਸਤ, 2024: ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਪ੍ਰਧਾਨਗੀ ਹੇਠ ਬਰਨਾਲਾ ਦੇ ਗੁਰਦੁਆਰਾ ਸਾਹਿਬ ਕਾਲਾ ਮਾਹਿਰ ਵਿਖੇ ਕੀਤੀ ਗਈ। ਇਸ ਵਿੱਚ 14 ਜ਼ਿਲਿਆਂ ਦੇ ਪ੍ਰਧਾਨ, ਜਨਰਲ ਸਕੱਤਰ ਅਤੇ ਖਜਾਨਚੀਆਂ ਨੇ ਭਾਗ ਲਿਆ।
ਮੀਟਿੰਗ ਵਿੱਚ 12 ਅਗਸਤ ਨੂੰ ਸ਼ਹੀਦ ਬੀਬੀ ਕਿਰਨਜੀਤ ਕੌਰ ਮਹਿਲ ਕਲਾਂ ਦੀ 27ਵੇਂ ਯਾਦਗਾਰੀ ਸਮਾਗਮ ਵਿੱਚ ਦਾਣਾ ਮੰਡੀ ਮਹਿਲ ਕਲਾਂ ਵਿਖੇ ਔਰਤਾਂ ਦੇ ਵੱਡੇ ਕਾਫ਼ਲਿਆਂ ਸਮੇਤ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ। ਕਿਰਨਜੀਤ ਕੌਰ ਯਾਦਗਾਰ ਕਮੇਟੀ ਦਾ ਹਰ ਪੱਖੋਂ ਸਾਥ ਦਿੱਤਾ ਜਾਵੇਗਾ।
ਜਥੇਬੰਦੀ ਵੱਲੋਂ ਕੁੱਲਰੀਆਂ ਦੇ ਕਿਸਾਨਾਂ ਨੂੰ ਇਨਸਾਫ਼ ਦਵਾਉਣ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ ਕਰਨ ਦਾ ਫੈਸਲਾ ਕੀਤਾ, ਕਿਉਂਕਿ ਪੰਜਾਬ ਸਰਕਾਰ ਦੇ ਮੰਤਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਘੱਟੋ ਘੱਟ 10 ਵਾਰ ਮਸਲੇ ਨੂੰ ਹੱਲ ਕਰਨ ਦਾ ਵਾਅਦਾ ਕਰਕੇ ਮੁੱਕਰ ਗਏ ਹਨ।
ਇਸ ਲਈ 15 ਅਗਸਤ ਨੂੰ ਹਰ ਜ਼ਿਲੇ ਵਿੱਚ ਅਜ਼ਾਦੀ ਦਿਵਸ ਮੌਕੇ ਝੰਡਾ ਝੁਲਾਉਣ ਪੁੱਜਣ ਵਾਲੇ ਮੰਤਰੀਆਂ ਦਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਵੇਗਾ। ਮੀਟਿੰਗ ਨੇ ਗੰਭੀਰਤਾ ਨਾਲ ਮਹਿਸੂਸ ਕੀਤਾ ਕਿ ਪੰਜਾਬ ਸਰਕਾਰ ਧੱਕੇ ਨਾਲ ਜ਼ਮੀਨਾਂ ਤੋਂ ਕਿਸਾਨਾਂ ਨੂੰ ਬੇਦਖ਼ਲ ਕਰ ਰਹੀ ਹੈ ਅਤੇ ਕਿਸਾਨਾਂ ‘ਤੇ ਹਮਲਾ ਕਰਨ ਵਾਲੇ ਦੋਸ਼ੀਆਂ ਦੀ ਪੂਰੀ ਤਰਾਂ ਪੁਸ਼ਤ ਪਨਾਹੀ ਕਰ ਰਹੀ ਹੈ। ਜੇ 15 ਅਗਸਤ ਤੱਕ ਵੀ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਪੰਜਾਬ ਸਰਕਾਰ ਦਾ ਤਿੱਖਾ ਵਿਰੋਧ ਕਰਦਿਆਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਉ ਕਰਨ ਤੋਂ ਵੀ ਗੁਰੇਜ਼ ਨਹੀ ਕੀਤਾ ਜਾਵੇਗਾ। ਉੱਥੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ, ਲੀਡਰਾਂ ਅਤੇ ਮੰਤਰੀਆਂ ਖ਼ਿਲਾਫ਼ ਜ਼ਿਮਨੀ ਚੋਣਾਂ ਵਾਲੇ ਹਰ ਹਲਕੇ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤੇ ਜਾਣਗੇ । ਮੀਟਿੰਗ ਨੇ ਸਰਬ ਸੰਮਤੀ ਨਾਲ ਐਲਾਨ ਕੀਤਾ ਕਿ ਕਿਸੇ ਵੀ ਹਾਲਤ ਵਿੱਚ ਕਿਸਾਨਾਂ ਦੀ ਜ਼ਮੀਨ ਨਹੀ ਖੋਹਣ ਦਿੱਤੀ ਜਾਵੇਗੀ, ਭਾਵੇਂ ਇਸ ਲਈ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ।
ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਪ੍ਰੋਗਰਾਮ ਇੰਨ ਬਿੰਨ ਲਾਗੂ ਕੀਤੇ ਜਾਣਗੇ ਅਤੇ ਫਿਰੋਜ਼ਪੁਰ ਦੀ ਦੀਪ ਟਾਟਾ ਮੋਟਰਜ਼ ਕੰਪਨੀ ਵੱਲੋਂ ਨੁਕਸ਼ਦਾਰ ਅਤੇ ਪੁਰਾਣੀਆਂ ਗੱਡੀਆਂ ਗਾਹਕਾਂ ਨੂੰ ਵੇਚਣ ਦਾ ਗੰਭੀਰ ਨੋਟਿਸ ਲੈਂਦਿਆਂ 21 ਅਗਸਤ ਨੂੰ ਫਿਰੋਜ਼ਪੁਰ ਸਥਿੱਤ ਸ਼ੋ ਰੂਮ ਦਾ ਘਿਰਾਓ ਕੀਤਾ ਜਾਵੇਗਾ ।
ਇੱਕ ਹੋਰ ਫੈਸਲੇ ਅਨੁਸਾਰ ਕੋ-ਆਪਰੇਟਿਵ ਵਿਭਾਗ ਵੱਲੋਂ ਅਤੇ ਕੋ-ਆਪਰੇਟਿਵ ਸੋਸਾਇਟੀਆਂ ਦੇ ਨਵੇਂ ਭਰਤੀ ਕੀਤੇ ਮੈਂਬਰਾਂ ਲਈ ਕਰਜ਼ੇ ਦੇਣ ਤੋਂ ਜਵਾਬ ਦੇਣ ਲਈ ਪੰਜਾਬ ਸਰਕਾਰ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਫੌਰੀ ਤੌਰ ‘ਤੇ ਕਿਸਾਨਾਂ ਨੂੰ ਕਰਜ਼ਾ ਜਾਰੀ ਕਰਨ ਦੀ ਮੰਗ ਕੀਤੀ ਗਈ। ਪੰਜਾਬ ਸਰਕਾਰ ਅਤੇ ਮਹਿਕਮੇ ਵੱਲੋਂ ਕਿਸਾਨਾਂ ਦੇ ਹੱਦ ਕਰਜ਼ਿਆਂ ਦੀ ਰਕਮ ਪਿਛਲੇ 6 ਸਾਲਾਂ ਤੋਂ ਮਹਿੰਗਾਈ ਅਨੁਸਾਰ ਨਾ ਵਧਾਏ ਜਾਣ ਨੂੰ ਵੀ ਵੱਡੀ ਨਾਲਾਇਕੀ ਦੱਸਿਆ ਗਿਆ। ਇਸ ਤੋਂ ਬਿਨ੍ਹਾਂ ਖਾਦ ਦੇ ਥੋਕ ਡੀਲਰਾਂ ਵੱਲੋਂ ਦੁਕਾਨਦਾਰਾਂ ਨੂੰ ਡੀਏਪੀ ਅਤੇ ਯੂਰੀਆ ਖਾਦ ਨਾਲ ਬੇਲੋੜੀਆਂ ਵਸਤਾਂ ਜਬਰੀ ਮੜ੍ਹਨ ਦੀ ਨਿਖੇਧੀ ਕੀਤੀ ਗਈ।
ਮੀਟਿੰਗ ਨੇ ਪੰਜਾਬ ਸਰਕਾਰ ਵੱਲੋਂ ਸਹਿਕਾਰੀ ਅਦਾਰਿਆਂ ਜਿਵੇਂ ਮਿਲਕ ਫੈਡ, ਮਾਰਕ ਫੈਡ, ਹਾਊਸਫੈਡ ਵਗੈਰਾ ਨੂੰ ਜਾਣ ਬੁੱਝ ਕੇ ਫੇਲ੍ਹ ਕਰਨ ਦੀਆਂ ਸਾਜਿਸ਼ਾਂ ਦਾ ਵੀ ਸਖਤ ਨੋਟਿਸ ਲਿਆ। ਇਸ ਸਮੇਂ 12 ਅਗਸਤ ਨੂੰ ਕਿਰਨਜੀਤ ਕੌਰ ਮਹਿਲ ਕਲਾਂ ਦੇ 27ਵੇਂ ਯਾਦਗਾਰੀ ਸਮਾਗਮ ਦਾ ਵੱਡ ਆਕਾਰੀ ਰੰਗਦਾਰ ਪੋਸਟਰ ਰਿਲੀਜ਼ ਕੀਤਾ ਗਿਆ।
ਅੱਜ ਦੀ ਮੀਟਿੰਗ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਮੀਤ ਪ੍ਰਧਾਨ ਹਰੀਸ਼ ਨੱਢਾ, ਬਲਵੰਤ ਸਿੰਘ ਉੱਪਲੀ, ਮੱਖਣ ਸਿੰਘ ਭੈਣੀ ਬਾਘਾ, ਕੁਲਵੰਤ ਸਿੰਘ ਕਿਸ਼ਨਗੜ੍ਹ ਸਮੇਤ 14 ਜ਼ਿਲਿਆਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਜਿੰਨ੍ਹਾਂ ਵਿੱਚ ਕੁਲਵੰਤ ਸਿੰਘ ਭਦੌੜ, ਸਾਹਿਬ ਸਿੰਘ ਬਡਬਰ, ਗੁਰਦੇਵ ਸਿੰਘ ਮਾਂਗੇਵਾਲ, ਲਖਵੀਰ ਸਿੰਘ ਅਕਲੀਆ, ਤਾਰਾ ਚੰਦ ਬਰੇਟਾ, ਦੇਵੀ ਰਾਮ ਰੰਘੜਿਆਲ, ਰਣਧੀਰ ਸਿੰਘ ਭੱਟੀਵਾਲ, ਜਗਤਾਰ ਸਿੰਘ ਦੁੱਗਾਂ, ਸੁਖਦੇਵ ਸਿੰਘ ਘਰਾਂਚੋ, ਜੰਗੀਰ ਸਿੰਘ ਖਹਿਰਾ, ਗੁਲਜਾਰ ਸਿੰਘ ਕਬਰਵੱਛਾ, ਜਸਕਰਨ ਸਿੰਘ ਮੋਰਾਂਵਾਲੀ, ਰਾਣਾ ਹਰਜਿੰਦਰ ਸਿੰਘ, ਤਾਰਾ ਚੰਦ ਬਰੇਟਾ, ਹਰਜਿੰਦਰ ਸਿੰਘ, ਸੁਰਜੀਤ ਸਿੰਘ, ਜਗਤਾਰ ਸਿੰਘ ਦੇਹੜਕਾ, ਗੁਰਦੇਵ ਸਿੰਘ ਮਾਂਗੇਵਾਲ, ਤਰਸੇਮ ਸਿੰਘ ਬੱਸੂਵਾਲ, ਹਰਵਿੰਦਰ ਸਿੰਘ ਮੁਕਤਸਰ, ਗੁਰਨਾਮ ਸਿੰਘ ਬਠਿੰਡਾ ਆਦਿ ਮੌਜੂਦ ਰਹੇ।