ਐਸਜੀਪੀਸੀ ਦੀਆਂ ਵੋਟਾਂ ਬਣਾਉਣ ਦੀ ਤਾਰੀਕ ਵੱਧ ਕੇ 16 ਸਤੰਬਰ ਹੋਈ
- ਹਰ ਗੁਰਸਿੱਖ ਵਿਅਕਤੀ ਆਪਣੀ ਵੋਟ ਜਰੂਰ ਬਣਵਾਵੇ – ਨਿਰਮੈਲ ਸਿੰਘ ਜੌਲਾ
ਮਲਕੀਤ ਸਿੰਘ ਮਲਕਪੁਰ
ਲਾਲੜੂ 1 ਅਗਸਤ 2024: ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈੰਬਰ ਨਿਰਮੈਲ ਸਿੰਘ ਜੌਲਾ ਨੇ ਕਿਹਾ ਕਿ ਐਸਜੀਪੀਸੀ ਦੀਆਂ ਵੋਟਾਂ ਬਣਾਉਣ ਦੀ ਤਾਰੀਕ ਵੱਧ ਕੇ ਹੁਣ 31 ਜੁਲਾਈ ਤੋਂ 16 ਸਤੰਬਰ ਕਰ ਦਿੱਤੀ ਗਈ ਹੈ, ਉਨ੍ਹਾਂ ਗੁਰਸਿੱਖ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਜਿੰਮੇਵਾਰੀ ਸਮਝਦਿਆਂ ਆਪਣੀ ਵੋਟ ਜਰੂਰ ਬਣਵਾਉਣ ਤਾਂ ਜੋ ਸਿੱਖ ਵੋਟ ਬੈਂਕ ਵਿੱਚ ਵਾਧਾ ਹੋ ਸਕੇ। ਉਨ੍ਹਾਂ ਕਿਹਾ ਕਿ ਹਰ ਗੁਰਸਿੱਖ ਵਿਅਕਤੀ ਜਿਹੜਾ ਕੇਸਧਾਰੀ ਹੋਵੇ ,ਆਪਣੇ ਵਾਲ ਨਹੀਂ ਕੱਟਦਾ ਹੈ, ਨਸ਼ਾ ਨਾ ਕਰਦਾ ਹੋਵੇ, ਮਾਸ ਨਾ ਖਾਂਦਾ ਹੋਵੇ ਅਤੇ ਉਹ ਪੂਰਾ ਗੁਰਸਿੱਖ ਹੋਵੇ ਨੂੰ ਆਪਣੀ ਵੋਟ ਬਣਾਉਣ ਦੀ ਪੂਰਨ ਹੱਕ ਹੈ, ਜਿਸ ਦੀ ਉਸ ਨੂੰ ਵਰਤੋ ਕਰਨੀ ਚਾਹੀਦੀ ਹੈ। ਜਥੇਦਾਰ ਜੌਲਾ ਨੇ ਕਿਹਾ ਕਿ ਸੰਭਾਵੀ ਚੋਣਾਂ ਦੇ ਮੱਦੇਨਜ਼ਰ ਸਿੱਖ ਭਾਈਚਾਰੇ ਦੇ ਨੌਜਵਾਨਾਂ ਤੇ ਬੀਬੀਆਂ ਨੂੰ ਇਸ ਸੰਸਥਾ ਦੀ ਚੋਣ ਲਈ ਵੱਧ ਤੋਂ ਵੱਧ ਵੋਟਾਂ ਬਣਵਾਉਣੀਆਂ ਚਾਹੀਦੀਆਂ ਹਨ ।
ਉਨ੍ਹਾਂ ਦੱਸਿਆ ਕਿ ਸਿੱਖ ਭਾਈਚਾਰੇ ਦੀਆਂ ਐਸਜੀਪੀਸੀ ਸੰਸਥਾ ਲਈ ਹੁਣ 16 ਸਤੰਬਰ ਤੱਕ ਵੋਟਾਂ ਬਣਨੀਆਂ ਹਨ। ਅਤੇ ਹਰ ਗੁਰਸਿੱਖ ਵਿਅਕਤੀ ਸਮੇਂ ਨੂੰ ਸਮਝਦਿਆਂ ਆਪਣੀ ਵੋਟ ਜਰੂਰ ਬਣਵਾਉਣ। ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਜੋ ਕਿ ਉਹ ਉਨ੍ਹਾਂ ਕੋਲੋਂ ਫਾਰਮ ਲੈ ਕੇ ਆਪਣੀ ਵੋਟ ਬਣਵਾ਼ ਸਕਦਾ ਹੈ।ਉਨ੍ਹਾਂ ਕਿਹਾ ਕਿ ਉਹ ਕੰਮਾਂ ਕਾਰਾਂ ਵਾਲੇ ਵਿਅਕਤੀਆਂ ਤੱਕ ਫਾਰਮ ਪੁੱਜਦੇ ਵੀ ਕਰ ਰਹੇ ਹਨ।ਜਥੇਦਾਰ ਜੌਲਾ ਨੇ ਕਿਹਾ ਕਿ ਵੋਟ ਲਈ ਸਿਰਫ ਇੱਕ ਫਾਰਮ ਭਰ ਕੇ ਉਸ ਉਪਰ ਆਪਣੀ ਸਵੈ ਤਸਦੀਕ ਸ਼ੁਦਾ ਫੋਟੋ ਲਗਾਉਣੀ ਹੈ।ਇਸ ਤੋਂ ਇਲਾਵਾ ਫਾਰਮ ਨਾਲ ਸਵੈ ਤਸਦੀਕ ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ ਵੀ ਲਗਾਉਣੀ ਹੈ।ਉਨ੍ਹਾਂ ਦੱਸਿਆ ਕਿ ਫਾਰਮ ਭਰਨ ਉਪਰੰਤ ਨਗਰ ਕੌਂਸਲ ਵਿੱਚ ਰਹਿੰਦੇ ਵਿਅਕਤੀ ਨੂੰ ਇਹ ਫਾਰਮ ਸਬੰਧਤ ਨਗਰ ਕੌਂਸਲ ਦੇ ਦਫਤਰ ਵਿੱਚ ਜਮ੍ਹਾਂ ਕਰਵਾਉਣਾ ਹੈ, ਜਦਕਿ ਪੇਂਡੂ ਖੇਤਰਾਂ ਵਾਲੇ ਸੰਭਾਵੀ ਵੋਟਰਾਂ ਨੇ ਇਹ ਫਾਰਮ ਪਟਵਾਰੀ ਕੋਲ ਜਮ੍ਹਾਂ ਕਰਵਾਉਣਾ ਹੈ।ਉਨ੍ਹਾਂ ਕਿਹਾ ਕਿ ਇਸ ਸੰਸਥਾ ਦੀ ਹੋਣ ਵਾਲੀ ਸੰਭਾਵੀ ਚੋਣ ਲਈ ਵੋਟਾਂ ਬਣਵਾਉਣ ਤੋਂ ਇਲਾਵਾ ਨੌਜਵਾਨਾਂ ਨੂੰ ਸਿੱਖ ਇਤਿਹਾਸ ਬਾਰੇ ਜਾਨਣ ਵਿੱਚ ਵਿਸ਼ੇਸ਼ ਦਿਲਚਸਪੀ ਲੈਣੀ ਚਾਹੀਦੀ ਹੈ।ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਨੌਜਵਾਨ ਸਿੱਖ ਧਰ਼ਮ ਅਪਣਾਉਣ ਤੇ ਉਹ ਇਸ ਵਿੱਚ ਪਰਪੱਕ ਰਹਿ ਕੇ ਸਮਾਜ ਅਤੇ ਪੰਜਾਬ ਦੀ ਸੇਵਾ ਕਰਨ।