ਜਦੋਂ ਮਜ਼ਦੂਰਾਂ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਪੁਲਿਸ ਨੇ ਆ ਕੇ ਪਾ ਦਿੱਤਾ ਵਿਘਨ
- ਬਿਨਾਂ ਪ੍ਰਸ਼ਾਸਨਕ ਮਨਜ਼ੂਰੀ ਦੇ ਚੱਲ ਰਹੀ ਸੀ ਮੀਟਿੰਗ , ਕਰਾਂਗੇ ਕਾਨੂੰਨੀ ਕਾਰਵਾਈ_ਐਸ ਐਚ ਓ
ਪੱਤਰਕਾਰ ..... ਰੋਹਿਤ ਗੁਪਤਾ
ਬਟਾਲਾ (ਗੁਰਦਾਸਪੁਰ), 14 ਅਗਸਤ 2024 - ਬਟਾਲਾ ਦੀ ਦਾਣਾ ਮੰਡੀ ਵਿੱਚ ਲੇਬਰ ਯੂਨੀਅਨ ਦੇ ਵੱਡੀ ਮੀਟਿੰਗ ਜਿਸ ਵਿੱਚ ਸੂਬੇ ਭਰ ਤੋਂ ਲੀਡਰਸ਼ਿਪ ਦੇ ਨਾਲ ਨਾਲ ਕਈ ਜਿਲਿਆਂ ਦੀ ਲੇਬਰ ਵੀ ਪਹੁੰਚੀ ਸੀ ਵਿੱਚ ਪੁਲਿਸ ਨੇ ਆ ਕੇ ਖਲਲ ਪਾ ਦਿੱਤਾ ਕਿਉਂਕਿ ਲੇਬਰ ਯੂਨੀਅਨ ਕੋਲ ਦਾਣਾ ਮੰਡੀ ਵਿੱਚ ਮੀਟਿੰਗ ਕਰਨ ਦੀ ਪ੍ਰਸ਼ਾਸਨਕ ਮਨਜ਼ੂਰੀ ਨਹੀਂ ਸੀ। ਪੁਲਿਸ ਨੇ ਮੀਟਿੰਗ ਰੋਕਣ ਦੀ ਕੋਸ਼ਿਸ਼ ਕੀਤੀ ਪਰ ਲੇਬਰ ਯੂਨੀਅਨ ਨੇ ਆਪਣੀ ਮੀਟਿੰਗ ਨਹੀਂ ਰੋਕੀ।
ਲੇਬਰ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਹੋਰ ਸਾਥੀਆਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਪੈਡੀ ਸੀਜਨ ਤੋਂ ਪਹਿਲਾਂ ਲੇਬਰ ਦੀਆਂ ਮੁਸ਼ਕਿਲਾਂ ਸੁਣਨ ਅਤੇ ਉਹਨਾਂ ਨੂੰ ਹੱਲ ਕਰਵਾਉਣ ਲਈ ਇਹ ਮੀਟਿੰਗ ਰੱਖੀ ਹੈ। ਅਸੀਂ ਪੰਜਾਬ ਚ ਕਿਤੇ ਵੀ ਮੀਟਿੰਗਾਂ ਕਰਦੇ ਹਾਂ ਤਾਂ ਸਾਨੂੰ ਪਰਮਿਸ਼ਨ ਦੀ ਜਰੂਰਤ ਨਹੀਂ ਹੁੰਦੀ। ਪੁਲਿਸ ਸਾਨੂੰ ਨਜਾਇਜ਼ ਤੌਰ ਤੇ ਤੰਗ ਕਰ ਰਹੀ ਹੈ। ਨਾਲ ਹੀ ਮਜ਼ਦੂਰ ਆਗੂਆਂ ਨੇ ਕਿਹਾ ਕਿ ਬਹੁਤ ਸਾਲ ਪਹਿਲਾਂ ਸਾਡੀ 25 ਫੀਸਦੀ ਲੇਬਰ ਵਧਾਈ ਗਈ ਸੀ ਪਰ ਹੁਣ ਲੰਬੇ ਸਮੇਂ ਤੋਂ ਸਾਡੀ ਲੇਬਰ ਨਹੀਂ ਵਧੀ। ਅਸੀਂ ਹੁਣ ਪੂਰੇ ਪੰਜਾਬ ਚ ਲੇਬਰ ਨੂੰ ਲਾਮਬੰਦ ਕਰ ਰਹੇ ਹਾਂ ਤੇ ਪੰਜਾਬ ਦੀ ਸਰਕਾਰ ਦੇ ਨਾਲ ਮੀਟਿੰਗ ਕਰਾਂਗੇ। ਜੇਕਰ ਸਾਡੀ 25 ਫੀਸਦੀ ਲੇਬਰ ਨਾ ਵਧੀ ਤਾਂ ਮਜਬੂਰਨ ਸਾਨੂੰ ਸੰਘਰਸ਼ ਵੀ ਕਰਨਾ ਪਵੇਗਾ ।
ਦੂਸਰੇ ਪਾਸੇ ਥਾਣਾ ਸਿਵਿਲ ਲਾਈਨ ਬਟਾਲਾ ਦੇ ਐਸ ਐਚ ਓ ਪ੍ਰਭਜੋਤ ਸਿੰਘ ਨੇ ਕਿਹਾ ਕਿ ਮਜ਼ਦੂਰ ਯੂਨੀਅਨ ਕੋਲ ਮੀਟਿੰਗ ਕਰਨ ਲਈ ਕੋਈ ਪ੍ਰਸ਼ਾਸਨਿਕ ਮਨਜ਼ੂਰੀ ਨਹੀਂ ਹੈ। ਅਸੀਂ ਇਹਨਾਂ ਨੂੰ ਕਿਹਾ ਸੀ ਕਿ ਬੇਸ਼ੱਕ ਸਾਡੀ ਐਸ ਡੀ ਐਮ ਬਟਾਲਾ ਨਾਲ ਫੋਨ ਤੇ ਗੱਲ ਕਰਵਾ ਦੋ ਪਰ ਇਹ ਗੱਲ ਕਰਵਾਉਣ ਚ ਅਸਮਰਥ ਰਹੇ। ਅਸੀਂ ਇਹਨਾਂ ਦੇ ਨਾਂ ਨੋਟ ਕਰਕੇ ਮੀਟਿੰਗ ਦੀ ਵੀਡੀਓ ਵੀ ਬਣਾ ਲਈ ਹੈ। ਐਸਡੀਐਮ ਸਾਹਿਬ ਨੂੰ ਇਹ ਵੀਡੀਓ ਭੇਜ ਕੇ ਉਹਨਾਂ ਵੱਲੋਂ ਹੁਕਮ ਲੈ ਕੇ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।