ਪਟਵਾਰ ਟ੍ਰੇਨਿੰਗ ਸਕੂਲ ਹੁਸ਼ਿਆਰਪੁਰ ਵਿਖੇ ਧੂਮ-ਧਾਮ ਨਾਲ ਮਨਾਇਆ ਅਧਿਆਪਕ ਦਿਵਸ
ਹੁਸ਼ਿਆਰਪੁਰ, 5 ਸਤੰਬਰ 2024 - ਪਟਵਾਰ ਟ੍ਰੇਨਿੰਗ ਸਕੂਲ ਹੁਸ਼ਿਆਰਪੁਰ ਵਿਖੇ ਅੱਜ ਅਧਿਆਪਕ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਵੱਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਨੂੰ ਜੀ ਆਇਆਂ ਆਖਦੇ ਹੋਏ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਪਾਲ ਮਿਨਹਾਸ ਨੇ ਦੱਸਿਆ ਕਿ ਇਸ ਸਮੇਂ ਪਟਵਾਰ ਟ੍ਰੇਨਿੰਗ ਸਕੂਲ ਹੁਸ਼ਿਆਰਪੁਰ ਵਿਖੇ 49 ਪਟਵਾਰੀ ਉਮੀਦਵਾਰ ਟਰੇਨਿੰਗ ਪ੍ਰਾਪਤ ਕਰ ਰਹੇ ਹਨ। ਇਨ੍ਹਾਂ ਪਟਵਾਰੀਆਂ ਨੂੰ ਡਾਇਰੈਕਟਰ ਲੈਂਡ ਰਿਕਾਰਡ ਜਲੰਧਰ ਪੰਜਾਬ ਵੱਲੋਂ ਜਾਰੀ ਕੀਤੇ ਗਏ ਸਿਲੇਬਸ ਅਨੁਸਾਰ ਵੱਖ-ਵੱਖ ਵਿਸ਼ਿਆਂ ਦੀ ਟ੍ਰੇਨਿੰਗ ਕਾਨੂੰਗੋਂ ਟੀਚਰ ਸਰਵ ਗਣੇਸ਼ ਕੁਮਾਰ, ਪਰਮਜੀਤ ਸਿੰਘ ਅਤੇ ਵਰਿੰਦਰ ਕੁਮਾਰ ਦੁਆਰਾ ਕਰਵਾਈ ਜਾ ਰਹੀ ਹੈ। ਰੰਗ-ਬਿਰੰਗੇ ਫੁੱਲਾਂ, ਹਾਰਾਂ, ਗੁਬਾਰਿਆਂ ਅਤੇ ਰੰਗੋਲੀ ਨਾਲ ਸਜਾਏ ਗਏ ਕਲਾਸ ਰੂਮ ਨੂੰ ਹੋਰ ਚਾਰ ਚੰਦ ਲਗਾਉਂਦੇ ਹੋਏ ਸਾਬਕਾ ਫੌਜੀ ਸੰਦੀਪ ਠਾਕੁਰ ਵੱਲੋਂ ਇਕ ਗੀਤ ਪੇਸ਼ ਕਰਕੇ ਸਾਰਾ ਮਾਹੌਲ ਹੀ ਰੰਗਾਰੰਗ ਬਣਾ ਦਿੱਤਾ।
ਮਿਸ ਦੀਕਸ਼ਾ ਕੌਸਲ ਨੈਸ਼ਨਲ ਖਿਡਾਰੀ ਤਾਈਕਵਾਂਡੋ ਵੱਲੋਂ ਖੇਡਾਂ ਅਤੇ ਸਿਹਤ ਬਾਰੇ ਵਿਸਥਾਰ ਵਿਚ ਦੱਸਿਆ ਗਿਆ। ਮਿਸ ਮਨੀਸ਼ਾ ਗਿੱਲ ਵੱਲੋਂ ਇਕ ਸੁੰਦਰ ਕਵਿਤਾ ਪੇਸ਼ ਕੀਤੀ ਗਈ, ਜਿਸ ਦੀ ਸਮੂਹ ਮੈਂਬਰਾਂ ਨੇ ਬੜੀ ਸ਼ਲਾਘਾ ਕੀਤੀ। ਰਮਨ ਬਾਤਿਸ਼ ਵੱਲੋਂ ਅਧਿਆਪਕ ਦਿਵਸ ਦੀ ਮਹੱਤਤਾ ‘ਤੇ ਵਿਸਥਾਰ ਸਹਿਤ ਰੋਸ਼ਨੀ ਪਾਈ ਗਈ ਅਤੇ ਕਵਲਪ੍ਰੀਤ ਸਿੰਘ ਵੱਲੋਂ ਸਕੂਲ ਵਿਖੇ ਚੱਲ ਰਹੀ ਪਟਵਾਰ ਟ੍ਰੇਨਿੰਗ ਸਬੰਧੀ ਵਿਸਥਾਰ ਵਿਚ ਆਪਣੇ ਵਿਚਾਰ ਪੇਸ਼ ਕੀਤੇ ਗਏ।
ਸਮਾਗਮ ਦੇ ਮੁੱਖ ਮਹਿਮਾਨ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਪੀ.ਸੀ.ਐਸ ਨੇ ਸਮੂਹ ਵਿਦਿਆਰਥੀਆਂ ਅਤੇ ਟੀਚਰਜ਼ ਸਟਾਫ ਨੂੰ ਅਧਿਆਪਕ ਦਿਵਸ ਦੀਆਂ ਸ਼ੁੱਭ-ਕਾਮਨਾਵਾਂ ਦਿੱਤੀਆਂ ਅਤੇ ਪਟਵਾਰੀ ਉਮੀਦਵਾਰਾਂ ਨੂੰ ਆਪਣੀ ਟ੍ਰੇਨਿੰਗ ਪੂਰੀ ਮਿਹਨਤ ਅਤੇ ਲਗਨ ਨਾਲ ਮੁਕੰਮਲ ਕਰਨ ਹਿੱਤ ਕਿਹਾ ਗਿਆ। ਉਨ੍ਹਾਂ ਪਟਵਾਰੀ ਉਮੀਦਵਾਰਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਆਪਣੀ ਟ੍ਰੇਨਿੰਗ ਉਪਰੰਤ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਸਰਕਾਰ ਦੀਆਂ ਨੀਤੀਆਂ ਦੀ ਪਾਲਣਾ ਕਰਦੇ ਹੋਏ ਆਮ ਲੋਕਾਂ ਦੀ ਸੇਵਾ ਕੀਤੀ ਜਾਵੇ।