ਈਟੀਟੀ ਅਧਿਆਪਕਾਂ ਵੱਲੋਂ ਨਿਯੁਕਤੀ ਪੱਤਰ ਨਾ ਦੇਣ ਦੀ ਸੂਰਤ 'ਚ ਸੰਘਰਸ਼ ਦੀ ਚੇਤਾਵਨੀ
ਅਸ਼ੋਕ ਵਰਮਾ
ਬਠਿੰਡਾ, 5 ਸਤੰਬਰ 2024: ਈਟੀਟੀ 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਨੇ ਨਿਯੁਕਤੀ ਪੱਤਰ ਨਾ ਦੇਣ ਦੀ ਸੂਰਤ ਵਿੱਚ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਅਤੇ ਅੱਜ ਏਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਹੈ।ਇਸ ਮੌਕੇ ਬੇਰੁਜਗਾਰ ਈਟੀਟੀ ਅਧਿਆਪਕ ਆਗੂਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਈਟੀਟੀ 5994 ਭਰਤੀ ਦਾ ਨੋਟੀਫਿਕੇਸ਼ਨ 12/10/2022 ਨੂੰ ਜਾਰੀ ਕੀਤਾ ਸੀ,ਫਿਰ 5 ਮਾਰਚ 2023 ਨੂੰ ਟੈਸਟ ਲਿਆ ਗਿਆ।ਇਹ ਟੈਸਟ ਲੈਣ ਤੋਂ ਬਾਅਦ ਇਹਨਾਂ ਵੱਲੋਂ ਰੱਖੇ ਪੰਜਾਬੀ ਪੇਪਰ ਦੇ ਕਾਰਨ ਭਰਤੀ ਅਦਾਲਤ ਵਿੱਚ ਚੱਲੀ ਗਈ।
ਉਨ੍ਹਾਂ ਕਿਹਾ ਕਿ ਭਰਤੀ ਕੋਰਟ ਵਿੱਚ ਹੋਣ ਦੇ ਬਾਵਜੂਦ ਬੇਰੁਜਗਾਰ ਅਧਿਆਪਕਾਂ ਨੇ ਧਰਨੇ ਮੁਜ਼ਾਹਰੇ ਕਰਕੇ ਨਤੀਜਾ ਕਢਵਾਇਆ ਅਤੇ ਡਾਕੂਮੈਂਟ ਵੈਰੀਫਿਕੇਸ਼ਨ ਕਰਵਾਈ ਗਈ ਪਰ ਉਹ ਵੀ ਸਰਕਾਰ ਨੇ ਅਧੂਰੀ ਛੱਡ ਦਿੱਤੀ। ਜਦੋਂ ਅਪ੍ਰੈਲ 2024 ਵਿੱਚ ਹਾਈਕੋਰਟ ਦਾ ਫੈਸਲਾ ਆਇਆ ਤਾਂ ਪੰਜਾਬੀ ਦਾ ਪੇਪਰ ਦੁਬਾਰਾ ਕਰਵਾਉਣ ਦਾ ਫੈਸਲਾ ਸੁਣਾਇਆ।ਮਾਨਯੋਗ ਹਾਈਕੋਰਟ ਦੇ ਫੈਸਲੇ ਅਨੁਸਾਰ ਪੇਪਰ ਦੁਬਾਰਾ 28 ਜੁਲਾਈ 2024 ਨੂੰ ਲਿਆ ਗਿਆ ਇਸ ਦਾ ਨਤੀਜਾ ਲੈਣ ਲਈ ਵੀ ਵਿਭਾਗ ਤੇ ਸਿੱਖਿਆ ਮੰਤਰੀ ਦੇ ਹਾੜੇ ਕੱਢਣੇ ਪਏ ,ਇਸ ਤੋਂ ਬਾਅਦ ਲਿਸਟਾਂ ਪਾਉਣ ਲਈ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਪੱਕਾ ਧਰਨਾ ਲਗਾਇਆ ਗਿਆ।
ਉਨ੍ਹਾਂ ਦੱਸਿਆ ਕਿ ਲਿਸਟਾਂ ਪਾਉਣ ਦੇ ਮਾਮਲੇ ਵਿੱਚ ਵੀ ਸਰਕਾਰ ਨੇ ਅਧਿਆਪਕਾਂ ਨਾਲ ਧੋਖਾ ਕੀਤਾ ਕਿਉਂਕਿ ਭਰਤੀ ਦੀ ਗਿਣਤੀ 5994 ਹੈ ਪਰ ਲਿਸਟ ਸਿਰਫ 2500 ਦੇ ਕਰੀਬ ਜਾਰੀਂ ਕੀਤੀ ਗਈ।ਉਨ੍ਹਾਂ ਨੇ ਪੰਜਾਬ ਸਰਕਾਰ, ਸਿੱਖਿਆ ਵਿਭਾਗ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਜਲਦੀ 5994 ਈਟੀਟੀ ਅਧਿਆਪਕਾਂ ਦੀ ਲਿਸਟ ਜਾਰੀ ਕਰਕੇ ਜੁਆਇੰਨ ਕਰਵਾਇਆ ਜਾਵੇ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖੇ ਸੰਘਰਸ਼ ਕੀਤੇ ਜਾਣਗੇ ਅਤੇ ਬਾਕੀ ਰਹਿੰਦੀਆਂ ਪੋਸਟਾਂ ਵੀ ਪੂਰੀਆਂ ਕਰਵਾਈਆਂ ਜਾਣਗੀਆਂ ਇਸ ਮੌਕ ਸੁਰਿੰਦਰਪਾਲ ਗੁਰਦਾਸਪੁਰ ,ਮਨਦੀਪ ਫਾਜ਼ਿਲਕਾ,ਅਜੀਤ ਮਾਨਸਾ, ਡਾ.ਪਰਵਿੰਦਰ ਲਾਹੌਰੀਆ ,ਅਮਨਦੀਪ ਕੌਰ, ਮੀਨੂੰ ਬਾਲਾ, ਕੁਲਵਿੰਦਰ ਸਾਮਾ,ਰਮਨਦੀਪ ਕੌਰ ਬਠਿੰਡਾ ਅਤੇ ਈਟੀਟੀ ਬੇਰੁਜ਼ਗਾਰ ਅਧਿਆਪਕ ਹਾਜ਼ਰ ਸਨ।