ਬਾਬਾ ਨਾਨਕ' ਦੇ ਵਿਆਹ ਪੁਰਬ ਮੌਕੇ ਫੁੱਲਾਂ ਨਾਲ ਸੱਜਿਆ ਗੁ. ਸ੍ਰੀ ਬੇਰ ਸਾਹਿਬ, ਭਲਕੇ ਨਿਕਲੇਗਾ ਬਰਾਤ ਰੁਪੀ ਨਗਰ ਕੀਰਤਨ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 8 ਸਤੰਬਰ 2024 - ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸਮਾਗਮ ਅਤੇ ਮਹਾਨ ਨਗਰ ਕੀਰਤਨ ਲਈ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਗੁਰਦੁਆਰਾ ਸ੍ਰੀ ਬੇਰ ਸਾਹਿਬ ਵੱਖ-ਵੱਖ ਫੁੱਲਾਂ ਨਾਲ ਸਜਾਇਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਗੁਰਬਖਸ਼ ਸਿੰਘ ਬੱਚੀਵਿੰਡ ਦੀ ਦੇਖ ਰੇਖ ਹੇਠਾਂ ਨਗਰ ਕੀਰਤਨ ਅਤੇ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹਨ।
ਇਸ ਸਬੰਧੀ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਗੁਰਸਿੱਖ ਆਗੂ ਡਾ. ਹੀਰਾ ਸਿੰਘ ਦੀਪੇਵਾਲ ਅਤੇ ਸੁਖਵਿੰਦਰ ਸਿੰਘ ਡਡਵਿੰਡੀ ਤੇ ਹੋਰ ਨੌਜਵਾਨਾਂ ਵੱਲੋਂ ਬੜੀ ਸ਼ਰਧਾ ਭਾਵ ਨਾਲ ਪਿਛਲੇ ਇਕ ਹਫ਼ਤੇ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮਾਗਮ ਲਈ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਦਰਬਾਰ ਸਾਹਿਬ ਨੂੰ ਬਹੁਤ ਹੀ ਅਲੌਕਿਕ ਢੰਗ ਨਾਲ 16 ਤਰ੍ਹਾਂ ਦੇ ਵੰਨ-ਸਵੰਨੇ ਫੁੱਲਾਂ ਨਾਲ ਸ਼ਿੰਗਾਰਿਆ ਗਿਆ ਹੈ। ਗੁਰਦੁਆਰਾ ਬੇਰ ਸਾਹਿਬ ਦੀ ਅੰਦਰੋਂ ਅਤੇ ਬਾਹਰੋ, ਦਰਸ਼ਨੀ ਡਿਊੜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਲਕੀ ਸਾਹਿਬ, ਭੋਰਾ ਸਾਹਿਬ ਆਦਿ ਨੂੰ ਇੰਨੇ ਜ਼ਿਆਦਾ ਸੁੰਦਰ ਅਤੇ ਸੰਘਣੇ ਫੁੱਲਾਂ ਨਾਲ ਸਜਾਇਆ ਗਿਆ ਹੈ ਕਿ ਦਰਸ਼ਨ ਕਰਨ ਆਏ ਸਾਰੇ ਸ਼ਰਧਾਲੂ ਤਸਵੀਰਾਂ ਖਿੱਚ- ਖਿੱਚ ਕੇ ਤੇ ਵੀਡੀਓ ਬਣਾ ਕੇ ਆਪਣੇ ਸਟੇਟਸ ਪਾ ਰਹੇ ਹਨ ਅਤੇ ਸ਼ੋਸ਼ਲ ਮੀਡੀਆ 'ਤੇ ਵੀ ਲਗਾਤਾਰ ਸ਼ਲਾਘਾ ਕੀਤੀ ਜਾ ਰਹੀ ਹੈ। ਹਲਕਾ ਸੁਲਤਾਨਪੁਰ ਲੋਧੀ ਦੀਆਂ ਸੰਗਤਾਂ ਦੇ ਨਾਲ-ਨਾਲ ਮਾਝੇ, ਮਾਲਵੇ ਅਤੇ ਦੋਆਬੇ ਦੀਆਂ ਸਮੂਹ ਸੰਗਤਾਂ ਵੱਲੋਂ ਸਤਿਗੁਰੂ ਪਾਤਸ਼ਾਹ ਜੀ ਦਾ ਵਿਆਹ ਪੁਰਬ ਬਹੁਤ ਹੀ ਚਾਈਂ-ਚਾਈਂ ਮਨਾਇਆ ਜਾ ਰਿਹਾ ਹੈ। 9 ਸਤੰਬਰ ਦੀ ਸਵੇਰ 5 ਤੋਂ 6 ਵਜੇ ਦੌਰਾਨ ਆਰੰਭ ਹੋਣ ਵਾਲੇ ਨਗਰ ਕੀਰਤਨ ਦੀਆਂ ਤਿਆਰੀਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਗੀ ਪੱਧਰ ਤਿਆਰੀਆਂ ਜਾਰੀ ਹਨ।
ਪਾਲਕੀ ਸਾਹਿਬ ਨੂੰ ਸਜਾਉਣ ਦੀ ਸੇਵਾ ਰੋਜ਼ਾਨਾ ਅੰਮ੍ਰਿਤ ਵੇਲਾ ਪਰਕਰਮਾ ਸੇਵਾ ਸੋਸਾਇਟੀ ਵੱਲੋਂ ਲਈ ਗਈ ਹੈ। ਭਾਈ ਬਾਲਾ ਜੀ ਨਿਸ਼ਕਾਮ ਸੇਵਾ ਸੋਸਾਇਟੀ ਵੱਲੋਂ ਟਰੈਫਿਕ ਅਤੇ ਨਗਰ ਕੀਰਤਨ ਦੌਰਾਨ ਸੰਗਤਾਂ ਨੂੰ ਕੰਟਰੋਲ ਕਰਨ ਦੀ ਸੇਵਾ ਕੀਤੀ ਜਾਵੇਗੀ। ਗੁਰੂ ਨਾਨਕ ਸੇਵਕ ਜਥਾ ਸੁਲਤਾਨਪੁਰ ਲੋਧੀ ਵੱਲੋਂ ਜਲ ਦੀ ਸੇਵਾ ਅਤੇ ਖਾਲਸਾ ਮਾਰਬਲ ਹਾਊਸ ਸੁਲਤਾਨਪੁਰ ਲੋਧੀ ਵੱਲੋਂ ਚਾਹ ਪਕੌੜੇ ਦੇ ਲੰਗਰ ਦੀ ਸੇਵਾ ਕੀਤੀ ਜਾਵੇਗੀ। ਜਥੇ ਭੁਪਿੰਦਰ ਸਿੰਘ ਖਾਲਸਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨਗਰ ਕੀਰਤਨ ਦਾ ਖਾਲਸਾ ਮਾਰਬਲ ਹਾਊਸ ਵਿਖੇ ਪੁੱਜਣ ਤੇ ਸ਼ਾਹੀ ਸਵਾਗਤ ਕੀਤਾ ਜਾਵੇਗਾ ਅਤੇ ਜਲ-ਪਾਣੀ, ਚਾਹ-ਪਕੌੜੇ ਦੇ ਅਤੁੱਟ ਲੰਗਰ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਹਲਵਾਈ 8 ਸਤੰਬਰ ਦੀ ਸ਼ਾਮ ਤੋਂ ਹੀ ਤਿਆਰੀ ਵਿਚ ਜੁੱਟ ਜਾਣਗੇ। ਇਸੇ ਤਰ੍ਹਾਂ ਹੀ ਤਲਵੰਡੀ ਪੁਲ ਚੌਂਕ ਵਿਖੇ ਨਗਰ ਕੀਰਤਨ ਦਾ ਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜ ਸਰਦਾਰ ਸੱਜਣ ਸਿੰਘ ਚੀਮਾ ਦੀ ਅਗਵਾਈ ਵਿਚ ਵੱਲੋਂ ਨਿੱਘਾ ਸਵਾਗਤ ਹੋਵੇਗਾ ਅਤੇ ਸੰਗਤਾਂ ਨੂੰ ਫਲ ਫਰੂਟ ਵੰਡਿਆ ਜਾਵੇਗਾ।
ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਗੁਰਬਖਸ਼ ਸਿੰਘ ਬੱਚੀਵਿੰਡ ਅਤੇ ਹੈੱਡ ਗ੍ਰੰਥੀ ਗਿਆਨੀ ਸਤਨਾਮ ਸਿੰਘ ਨੇ ਵਿਆਹ ਪੁਰਬ ਸਮਾਗਮਾਂ ਦੀਆਂ ਤਿਆਰੀਆਂ ਬਾਰੇ ਕਿਹਾ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਯਾਦ ਵਿਚ 8 ਸਤੰਬਰ ਦੀ ਸ਼ਾਮ ਨੂੰ ਗੁਰਮਿਤ ਸਮਾਗਮ ਆਯੋਜਿਤ ਕੀਤਾ ਜਾਵੇਗਾ। ਜਿਸ ਵਿਚ ਬਟਾਲਾ ਸਾਹਿਬ ਤੋਂ ਵੀ ਸੰਗਤਾਂ ਪੁੱਜ ਰਹੀਆਂ ਹਨ। ਦੇਸ਼-ਵਿਦੇਸ਼ ਤੋਂ ਵਿਆਹ ਪੁਰਬ ਮਨਾਉਣ ਲਈ ਸੰਗਤਾਂ ਪਹਿਲਾਂ ਹੀ ਸੁਲਤਾਨਪੁਰ ਲੋਧੀ ਵਿਖੇ ਪਹੁੰਚ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ, ਜਥੇ ਜਰਨੈਲ ਸਿੰਘ ਡੋਗਰਾਂਵਾਲ, ਜਥੇ ਬਲਦੇਵ ਸਿੰਘ ਕਲਿਆਣ ਤੋਂ ਇਲਾਵਾ ਵਿਆਹ ਪੁਰਬ ਸਮਾਗਮ ਬਟਾਲਾ ਦੇ ਮੁੱਖ ਪ੍ਰਬੰਧਕ ਜਥੇ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ ਦੀ ਦੇਖ ਰੇਖ ਵਿਚ ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ 9 ਸਤੰਬਰ ਨੂੰ ਸਵੇਰੇ 5 ਵਜੇ ਤੋਂ 6 ਵਜੇ ਦੌਰਾਨ ਬਟਾਲਾ ਲਈ ਰਵਾਨਾ ਹੋਵੇਗਾ। ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠਾਂ ਰਵਾਨਾ ਹੋਏ ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਸਾਹਿਬਾਨ ਕਰਨਗੇ। ਉਨ੍ਹਾਂ ਵਿਆਹ ਪੁਰਬ ਨਗਰ ਕੀਰਤਨ ਵਿਚ ਵੱਖ-ਵੱਖ ਸੰਤਾਂ ਮਹਾਂਪੁਰਸ਼ਾਂ ਅਤੇ ਸਮੂਹ ਧਾਰਮਿਕ ਜਥੇਬੰਦੀਆਂ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਸ਼ੁਭ ਮੌਕੇ 'ਤੇ ਲਾਜ਼ਮੀ ਸਮੇਂ ਸਿਰ ਪਹੁੰਚ ਕੇ ਗੁਰੂ ਸਾਹਿਬ ਦੀਆਂ ਖ਼ੁਸ਼ੀਆਂ ਪ੍ਰਾਪਤ ਕਰੋ।
ਉਨ੍ਹਾਂ ਸਪੱਸ਼ਟ ਕੀਤਾ ਕਿ ਨਗਰ ਕੀਰਤਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਤੋਂ ਸਵੇਰੇ 6 ਵਜੇ ਤੋਂ ਪਹਿਲਾਂ ਪਹਿਲਾਂ ਆਰੰਭ ਹੋਵੇਗਾ ਅਤੇ ਗੁਰਦੁਆਰਾ ਸ੍ਰੀ ਸਤਿਕਾਰਤਾਰੀਆ ਸਾਹਿਬ ਬਟਾਲਾ ਵਿਖੇ ਸ਼ਾਮ ਨੂੰ ਸਮੇ ਸਿਰ ਪੁੱਜ ਕੇ ਸਮਾਪਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਹ ਨਗਰ ਕੀਰਤਨ ਆਰੰਭ ਹੋ ਕੇ ਤਲਵੰਡੀ ਪੁਲ ਮੁਹੱਲਾ ਗੁਰੂ ਨਾਨਕ ਨਗਰ ਸੁਲਤਾਨਪੁਰ , ਪਿੰਡ ਅਦਾਲਤ ਚੱਕ, ਤਲਵੰਡੀ ਚੌਧਰੀਆਂ,ਮੰਗੂਪੁਰ, ਮੁੰਡੀ ਮੋੜ, ਫੱਤੂਢੀਂਗਾ, ਰੱਤੜਾ, ਉੱਚਾ, ਸੈਫਲਾਬਾਦ, ਘਣੀਏ ਕੇ, ਖੈੜਾ ਬੇਟ, ਸੁਰਖਪੁਰ, ਸੰਗੋਜਲਾ, ਜਾਤੀ ਕੇ, ਭੰਡਾਲ ਬੇਟ,ਪੱਡੇ ਬੇਟ, ਧਾਲੀਵਾਲ ਬੇਟ, ਅੱਡਾ ਮਿਆਣੀ ਬਾਕਰਪੁਰ (ਢਿੱਲਵਾਂ), ਬਿਆਸ, ਬਾਬਾ ਬਕਾਲਾ, ਅੱਚਲ ਸਾਹਿਬ, ਬਟਾਲਾ ਸ਼ਹਿਰ, ਚੌਂਕ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ, ਗਾਂਧੀ ਚੌਂਕ, ਲੱਕੜ ਮੰਡੀ, ਹੰਸਲੀ ਪੁਲ ਤੋਂ ਹੁੰਦਾ ਹੋਇਆ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਬਟਾਲਾ ਵਿਖੇ ਪੁੱਜੇਗਾ। ਇਸ ਸਮੇਂ ਉਨ੍ਹਾਂ ਨਾਲ ਗੁਰਦੁਆਰਾ ਬੇਰ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ ਚੰਡੀਗੜ੍ਹ ,ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਦੇ ਮੀਤ ਪ੍ਰਧਾਨ ਅਤੇ ਗੁਰਦੁਆਰਾ ਬੇਬੇ ਨਾਨਕੀ ਜੀ ਦੇ ਮੈਨੇਜਰ ਗੁਰਦਿਆਲ ਸਿੰਘ ਯੂ. ਕੇ., ਬਾਬਾ ਜਸਪਾਲ ਸਿੰਘ ਸੁਲਤਾਨਪੁਰ ਲੋਧੀ, ਜਥੇ ਹਰਜਿੰਦਰ ਸਿੰਘ ਲਾਡੀ ਪ੍ਰਧਾਨ, ਬਾਬਾ ਗੁਰਮੇਜ ਸਿੰਘ , ਜਥੇ ਸੋਹਨ ਸਿੰਘ ਖਿੰਡਾ, ਭਾਈ ਤਰਸੇਮ ਸਿੰਘ ਖਾਲਸਾ ਅਤੇ ਹੋਰਨਾਂ ਸ਼ਿਰਕਤ ਕੀਤੀ।